ਕਿਹਾ : ਜਿਸ ਕੋਠੀ ਮਾਲਿਕ ਤੋਂ ਚਾਬੀਆਂ ਲਈਆਂ ਸਨ, ਉਸ ਨੂੰ ਚਾਬੀਆਂ ਕਰ ਚੁੱਕੀ ਹਾਂ ਵਾਪਸ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਅੱਜ ਕੋਠੀ ’ਤੇ ਕਬਜ਼ੇ ਦੇ ਵਿਵਾਦਤ ਮਾਮਲੇ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕੋਠੀ ਦੇ ਜਿਸ ਮਾਲਕ ਤੋਂ ਉਨ੍ਹਾਂ ਨੇ ਚਾਬੀਆਂ ਲਈਆਂ ਉਹ ਚਾਬੀਆਂ ਉਨ੍ਹਾਂ ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ। ਮਾਣੂਕੇ ਨੇ ਕਿਹਾ ਕਿ ਪੰਜਾਬ ’ਚ ੳਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਂ ’ਤੇ ਕੋਈ ਸੰਪਤੀ ਨਹੀਂ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੋ ਕੋਠੀਆਂ ਕਿਰਾਏ ’ਤੇ ਲਈਆਂ ਸਨ ਜਦੋਂ ਮਾਲਕਾਂ ਨੇ ਕੋਠੀ ਖਾਲੀ ਕਰਨ ਲਈ ਕਿਹਾ ਤਾਂ ਐਗਰੀਮੈਂਟ ਅਨੁਸਾਰ ਅਸੀਂ ਕੋਠੀਆਂ ਖਾਲੀ ਕਰ ਦਿੱਤੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਇਕ ਐਨਆਰਆਈ ਮਹਿਲਾ ਨੇ ਆ ਕੇ ਵਿਵਾਦਤ ਕੋਠੀ ’ਤੇ ਆਪਣਾ ਹੱਕ ਜਤਾਇਆ। ਇਸ ’ਤੇ ਉਨ੍ਹਾਂ ਐਨ ਆਰ ਆਈ ਮਹਿਲਾ ਤੋਂ ਸਿਫਟ ਹੋਣ ਲਈ ਕੁੱਝ ਸਮਾਂ ਮੰਗਿਆ ਸੀ ਪ੍ਰੰਤੂ ਉਸ ਨੇ ਜਲਦਬਾਜ਼ੀ ਦਿਖਾਈ। ਇਸ ਦੇ ਚਲਦਿਆਂ ਅਸੀਂ ਰਾਇਲ ਕਲੋਨੀ ’ਚ ਮਨਪ੍ਰੀਤ ਕੌਰ ਨਾਮੀ ਮਹਿਲਾ ਦੀ ਕੋਠੀ ਕਿਰਾਏ ’ਤੇ ਲੈ ਕੇ ਵਿਵਾਦਤ ਕੋਠੀ ਨੂੰ ਖਾਲੀ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਉਨ੍ਹਾਂ ’ਤੇ ਕੋਠੀ ’ਤੇ ਕਬਜ਼ਾ ਕਰਨ ਦੇ ਝੂਠੇ ਆਰੋਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਖਹਿਰਾ ਕਿਸੇ ਦੀ ਪ੍ਰੇਸ਼ਾਨੀ ਦਾ ਹੱਲ ਨਹੀਂ ਕਰਨਾ ਚਾਹੁੰਦੇ ਬਲਕਿ ਉਹ ਆਪਣੀ ਹੋਸ਼ੀ ਰਾਜਨੀਤੀ ਚਮਕਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਿਨਾ ਵਜ੍ਹਾ ਤੰਗ ਕੀਤਾ ਗਿਆ ਤਾਂ ਉਹ ਆਰੋਪੀਆਂ ਨੂੰ ਮਾਨਹਾਨੀ ਦਾ ਕੇਸ ਕਰਕੇ ਕੋਰਟ ’ਚ ਖਿੱਚਣਗੇ।