18.5 C
Toronto
Sunday, September 14, 2025
spot_img
Homeਪੰਜਾਬਭਾਜਪਾ ਨੇ ਪੰਜਾਬ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ : ਕੇਜਰੀਵਾਲ

ਭਾਜਪਾ ਨੇ ਪੰਜਾਬ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ : ਕੇਜਰੀਵਾਲ

ਭਗਵੰਤ ਮਾਨ ਨੇ ਵੀ ਵਿਰੋਧੀ ਸਿਆਸੀ ਪਾਰਟੀਆਂ ਦੀ ਕੀਤੀ ਆਲੋਚਨਾ
ਜਲੰਧਰ/ਬਿਊਰੋ ਨਿਊਜ਼ : ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ਚੋਣਾਂ ਤੋਂ ਪਹਿਲਾਂ ਰੋਡ ਸ਼ੋਅ ਕੀਤਾ। ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ‘ਤੇ ਸਿਆਸੀ ਨਿਸ਼ਾਨੇ ਸੇਧਦਿਆਂ ਕਿਹਾ ਕਿ ਇਸ ਜ਼ਿਮਨੀ ਚੋਣ ਲਈ ਕਾਂਗਰਸ ਦੇ ਕਿਸੇ ਵੀ ਕੇਂਦਰੀ ਆਗੂ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਹੈ, ਜਿਸ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਕਾਂਗਰਸ ਨੂੰ ਇਸ ਸੀਟ ਦੀ ਲੋੜ ਨਹੀਂ ਹੈ, ਜਦਕਿ ਭਾਜਪਾ ਨੂੰ ਇਸ ਸੀਟ ਨਾਲ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਪੰਜਾਬ ਨੂੰ ਹਮੇਸ਼ਾਂ ਨਜ਼ਰਅੰਦਾਜ਼ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਪਿਮਸ ਹਸਪਤਾਲ ਦਾ ਪ੍ਰਬੰਧ ਪੰਜਾਬ ਸਰਕਾਰ ਆਪਣੇ ਹੱਥਾਂ ਵਿੱਚ ਲਵੇਗੀ ਤੇ ਬਿਹਤਰ ਢੰਗ ਨਾਲ ਇਸ ਹਸਪਤਾਲ ਨੂੰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਸਪਤਾਲ ਨੂੰ ਨੋਟਿਸ ਵੀ ਭੇਜ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਖੇਡਾਂ ਦਾ ਸਾਮਾਨ ਬਣਾਉਣ ਵਿੱਚ ਜਲੰਧਰ ਸ਼ਹਿਰ ਦਾ ਨਾਂ ਦੁਨੀਆ ਭਰ ਮਸ਼ਹੂਰ ਰਿਹਾ ਹੈ। ਇਸੇ ਤਹਿਤ ਫਰਾਂਸ ਵਿੱਚ ਨਵੰਬਰ 2023 ਵਿੱਚ ਹੋਣ ਵਾਲੀ ਰਗਬੀ ਖੇਡ ਲਈ 2 ਲੱਖ ਬਾਲਾਂ ਵੀ ਇਥੇ ਹੀ ਤਿਆਰ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਜਲੰਧਰ ਦੇ ਵਸਨੀਕ ਉਨ੍ਹਾਂ ਦਾ ਸਾਥ ਦੇਣਗੇ ਤਾਂ ਉਹ ਇਸ ਸ਼ਹਿਰ ਨੂੰ ਮੁੰਦਰੀ ਦੇ ਨਗ ਵਾਂਗ ਚਮਕਾ ਕੇ ਰੱਖਣਗੇ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਗਬੀ ਖੇਡ ਲਈ ਵਰਤੀਆਂ ਜਾਣ ਵਾਲੀਆਂ ਗੇਂਦਾਂ ਦੇ ਕੰਟੇਨਰ ਨੂੰ ਹਰੀ ਝੰਡੀ ਦਿਖਾ ਕੇ ਫਰਾਂਸ ਲਈ ਰਵਾਨਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮ ਦੀ ਪ੍ਰਸਿੱਧ ਖੇਡ ਰਗਬੀ ਦਾ ਵਿਸ਼ਵ ਕੱਪ ਇਸ ਸਾਲ ਫਰਾਂਸ ਵਿੱਚ 8 ਸਤੰਬਰ ਤੋਂ 28 ਅਕਤੂਬਰ ਦਰਮਿਆਨ ਹੋਵੇਗਾ ਤੇ ਇਸ ਖੇਡ ਲਈ ਵਰਤੀਆਂ ਜਾਣ ਵਾਲੀਆਂ ਗੇਂਦਾਂ ਇਸ ਵਾਰ ਜਲੰਧਰ ਵਿੱਚ ਤਿਆਰ ਕੀਤੀਆਂ ਗਈਆਂ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਬੇਸ਼ਕ ਰਗਬੀ ਖੇਡ ਭਾਰਤ ਵਿੱਚ ਮਕਬੂਲ ਨਹੀਂ, ਪਰ ਜਲੰਧਰ ਤੋਂ ਇਸ ਲਈ ਗੇਂਦਾਂ ਤਿਆਰ ਹੋ ਕੇ ਜਾਣਾ, ਪੰਜਾਬ ਦੀ ਖੇਡ ਸਨਅਤ ਲਈ ਇੱਕ ਸ਼ੁੱਭ-ਸੰਕੇਤ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਏ ਖੇਡ ਸਨਅਤ ਦੇ ਹੱਬ ਵਜੋਂ ਜਾਣੇ ਜਾਂਦੇ ਜਲੰਧਰ ਨੂੰ ਉਨ੍ਹਾਂ ਦੀ ਸਰਕਾਰ ਵਿਸ਼ਵ-ਪੱਧਰੀ ਪਛਾਣ ਦਿਵਾਏਗੀ। ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਦੇਸ਼ ਦੀ ਖੇਡ ਰਾਜਧਾਨੀ ਤੇ ਜਲੰਧਰ ਨੂੰ ਖੇਡਾਂ ਦੇ ਸਾਮਾਨ ਦੀ ਰਾਜਧਾਨੀ ਵਜੋਂ ਵਿਕਸਿਤ ਕਰਨ ਲਈ ਪੂਰਾ ਜ਼ੋਰ ਲਗਾਉਣਗੇ।

RELATED ARTICLES
POPULAR POSTS