ਕਰੋਨਾ ਦੇ 85 ਨਵੇਂ ਮਾਮਲਿਆਂ ਦੀ ਪੁਸ਼ਟੀ – ਐਕਟਿਵ ਮਾਮਲੇ 660 ਤੋਂ ਜ਼ਿਆਦਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਤੋਂ ਵਧਣ ਲੱਗੇ ਹਨ ਅਤੇ ਇਸ ਨਾਲ ਲੋਕਾਂ ਵਿਚ ਚਿੰਤਾ ਵੀ ਵਧ ਗਈ ਹੈ। ਪੰਜਾਬ ਵਿਚ ਲੰਘੇ 24 ਘੰਟਿਆਂ ਦੌਰਾਨ ਕਰੋਨਾ ਦੇ 85 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਫਿਰੋਜ਼ਪੁਰ, ਰੋਪੜ ਅਤੇ ਮੋਹਾਲੀ ਵਿਚ ਤਿੰਨ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਜਾਨ ਵੀ ਚਲੇ ਗਈ ਹੈ। ਇਨ੍ਹਾਂ ਮਰੀਜ਼ਾਂ ਨੂੰ ਲੈਵਲ-3 ’ਤੇ ਆਕਸੀਜਨ ਦੀ ਸਪੋਰਟ ’ਤੇ ਰੱਖਿਆ ਗਿਆ ਸੀ ਅਤੇ ਇਹ ਵਿਅਕਤੀ ਹੋਰ ਬਿਮਾਰੀਆਂ ਤੋਂ ਵੀ ਪੀੜਤ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ 53 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਪੰਜਾਬ ਵਿਚ ਕਰੋਨਾ ਦੇ ਐਕਵਿਟ ਮਰੀਜ਼ਾਂ ਦੀ ਗਿਣਤੀ 660 ਦੇ ਕਰੀਬ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਰੋਨਾ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਵੀ ਸਿਹਤ ਵਿਭਾਗ ਸੈਂਪਲਿੰਗ ਵਧਾਉਣ ਦੀ ਬਜਾਏ ਘਟਾਉਂਦਾ ਜਾ ਰਿਹਾ ਹੈ। ਪਹਿਲਾਂ ਟੈਸਟਿੰਗ ਢਾਈ ਹਜ਼ਾਰ ਦੇ ਕਰੀਬ ਹੋ ਰਹੀ ਸੀ ਅਤੇ ਹੁਣ ਪਿਛਲੇ ਦਿਨ 1400 ਦੇ ਕਰੀਬ ਸੈਂਪਲ ਲਏ ਗਏ। ਇਸੇ ਦੌਰਾਨ ਭਾਰਤ ਵਿਚ ਇਕ ਦਿਨ ਵਿਚ ਕਰੋਨਾ ਦੇ 5676 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦਿੱਲੀ, ਪੰਜਾਬ ਅਤੇ ਰਾਜਸਥਾਨ ਵਿੱਚ ਤਿੰਨ-ਤਿੰਨ, ਕਰਨਾਟਕ ਵਿੱਚ ਦੋ ਅਤੇ ਗੁਜਰਾਤ, ਹਰਿਆਣਾ, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਇੱਕ-ਇੱਕ ਕਰੋਨਾ ਤੋਂ ਪੀੜਤ ਮਰੀਜ਼ ਦੀ ਮੌਤ ਹੋ ਗਈ।