ਡਰਾਈਵਰਲੈਸ ਪਨਬਸ
ਬੱਸਾਂ ਨਾ ਚੱਲਣ ਨਾਲ ਇਕ ਸਾਲ ਵਿਚ 200 ਕਰੋੜ ਰੁਪਏ ਦਾ ਨੁਕਸਾਨ
ਚੰਡੀਗੜ੍ਹ/ਬਿਊਰੋ ਨਿਊਜ਼ : 160 ਕਰੋੜ ਰੁਪਏ ਦੇ ਘਾਟੇ ਵਿਚ ਚੱਲ ਰਹੀ ਪੰਜਾਬ ਰੋਡਵੇਜ਼ (ਪਨਬਸ) ਡਰਾਈਵਰਾਂ ਅਤੇ ਕਲੀਨਰਾਂ ਦੀ ਘਾਟ ਨਾਲ ਜੂਝ ਰਹੀ ਹੈ। ਇਸ ਦੇ ਚੱਲਦਿਆਂ ਸੂਬੇ ਦੇ 18 ਡਿਪੂਆਂ ਵਿਚ 538 ਬੱਸਾਂ ਖੜ੍ਹੀਆਂ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ 1337 ਡਰਾਈਵਰ ਅਤੇ ਕਲੀਨਰ ਭਰਤੀ ਕਰਨੇ ਸਨ, ਪਰ 28 ਡਰਾਈਵਰਾਂ ਦੀ ਆਊਟਸੋਰਸ ਭਰਤੀ ਨੂੰ ਲੈ ਕੇ ਯੂਨੀਅਨ ਨੇ ਵਿਰੋਧ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਕੋਈ ਨਵੀਂ ਭਰਤੀ ਵੀ ਨਹੀਂ ਹੋ ਸਕੀ ਹੈ। 400 ਦੇ ਕਰੀਬ ਡਰਾਈਵਰ-ਕਲੀਨਰ ਕੋਵਿਡ ਦੇ ਬਾਅਦ ਤੋਂ ਬਹਾਲ ਨਹੀਂ ਹੋਏ ਹਨ। ਪਨਬਸ ਨੂੰ ਬੱਸਾਂ ਦੀ ਏਨੀ ਵੱਡੀ ਸੰਖਿਆ ਵਿਚ ਨਾ ਚੱਲਣ ਨਾਲ ਹਰ ਦਿਨ ਕਰੀਬ 54 ਲੱਖ 31 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪਨਬਸ ਪਹਿਲਾਂ ਹੀ 160 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਘਾਟੇ ਵਿਚ ਹੈ। ਬੱਸਾਂ ਨਾ ਚੱਲਣ ਨਾਲ ਇਕ ਸਾਲ ਵਿਚ ਕਰੀਬ 200 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਰੋਡਵੇਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੁੱਲ 18 ਡਿਪੂ ਹਨ। ਡਿਪੂਆਂ ਵਿਚ ਡਰਾਈਵਰ ਅਤੇ ਕੰਡਕਟਰਾਂ ਦੀ ਘਾਟ ਦੇ ਕਾਰਨ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸਭ ਤੋਂ ਜ਼ਿਆਦਾ 58 ਬੱਸਾਂ ਪਠਾਨਕੋਟ ਵਿਚ ਖੜ੍ਹੀਆਂ ਹਨ। ਦੂਜੇ ਸਥਾਨ ‘ਤੇ ਅੰਮ੍ਰਿਤਸਰ-2 ਦਾ ਡਿਪੂ ਹੈ। ਇੱਥੇ 54 ਬੱਸਾਂ ਡਰਾਈਵਰਾਂ ਦੇ ਇੰਤਜ਼ਾਰ ਵਿਚ ਹਨ।
18 ਡਿਪੂਆਂ ਦੀਆਂ 538 ਬੱਸਾਂ ਇਕ ਸਾਲ ‘ਚ ਹੀ ਹੋਈਆਂ ਖੜ੍ਹੀਆਂ
ਪੰਜਾਬ ਵਿਚ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਦੇ 18 ਡਿਪੂ ਹਨ ਅਤੇ ਇਨ੍ਹਾਂ ਡਿਪੂਆਂ ਵਿਚ ਬੱਸਾਂ ਦੀ ਕੁੱਲ ਗਿਣਤੀ 1898 ਹੈ। ਇਨ੍ਹਾਂ ਡਿਪੂਆਂ ਵਿਚ ਡਰਾਈਵਰਾਂ ਅਤੇ ਕੰਡਕਟਰਾਂ ਦੀ ਘਾਟ ਕਾਰਨ ਇਕ ਸਾਲ ਵਿਚ 538 ਬੱਸਾਂ ਖੜ੍ਹੀਆਂ ਹੋ ਚੁੱਕੀਆਂ ਹਨ। ਤਰਨਤਾਰਨ ਡਿਪੂ ਵਿਚ 16, ਸ੍ਰੀ ਮੁਕਤਸਰ ਸਾਹਿਬ ‘ਚ 35, ਬਟਾਲਾ ਵਿਚ 36, ਹੁਸ਼ਿਆਰਪੁਰ ਵਿਚ 36, ਪੱਟੀ ਵਿਚ 9 ਅਤੇ ਜਲੰਧਰ-1 ਵਿਚ 27 ਬੱਸਾਂ ਖੜ੍ਹੀਆਂ ਹਨ। ਇਸੇ ਤਰ੍ਹਾਂ ਜਗਰਾਉਂ ਵਿਚ 13, ਨੰਗਲ ‘ਚ 22, ਚੰਡੀਗੜ੍ਹ ਵਿਚ 45, ਜਲੰਧਰ-2 ਵਿਚ 18 ਅਤੇ ਮੋਗਾ ਡਿਪੂ ਵਿਚ 13 ਬੱਸਾਂ ਖੜ੍ਹੀਆਂ ਹਨ। ਇਸਦੇ ਚੱਲਦਿਆਂ ਨਵਾਂਸ਼ਹਿਰ ਵਿਚ 38, ਰੋਪੜ ਵਿਚ 21, ਫਿਰੋਜ਼ਪੁਰ ਵਿਚ 20, ਅੰਮ੍ਰਿਤਸਰ-2 ਵਿਚ 54, ਪਠਾਨਕੋਟ ਵਿਚ 58, ਅੰਮ੍ਰਿਤਸਰ-1 ਵਿਚ 35 ਅਤੇ ਲੁਧਿਆਣਾ ਵਿਚ 42 ਬੱਸਾਂ ਡਰਾਈਵਰਾਂ ਅਤੇ ਕੰਡਕਟਰਾਂ ਦੀ ਘਾਟ ਕਾਰਨ ਡਿਪੂਆਂ ਵਿਚ ਖੜ੍ਹੀਆਂ ਹਨ।
ਇਸ ਸਬੰਧੀ ਗੱਲ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਕੁਝ ਡਰਾਈਵਰ ਅਤੇ ਕਲੀਨਰ ਬਲੈਕ ਲਿਸਟ ਕੀਤੇ ਗਏ ਸਨ। ਇਸੇ ਕਾਰਨ 538 ਬੱਸਾਂ ਨਹੀਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਵੀ ਚੱਲ ਰਹੀ ਹੈ।
ਸਰਕਾਰ ਨੇ 1337 ਡਰਾਈਵਰ ਭਰਤੀ ਕਰਨ ਦੀ ਕਹੀ ਸੀ ਗੱਲ
ਸੂਬਾ ਸਰਕਾਰ ਨੇ 1337 ਡਰਾਈਵਰ ਤੇ ਕਲੀਨਰਾਂ ਦੀ ਰੈਗੂਲਰ ਭਰਤੀ ਕਰਨ ਦਾ ਵਾਅਦਾ ਕੀਤਾ ਸੀ। ਪਰ 28 ਡਰਾਈਵਰਾਂ ਨੂੰ ਆਊਟ ਸੋਰਸ ‘ਤੇ ਭਰਤੀ ਕਰ ਦਿੱਤਾ ਗਿਆ। ਇਸ ਵਿਚ ਵੀ ਭ੍ਰਿਸ਼ਟਾਚਾਰ ਹੋਇਆ ਹੈ। ਯੂਨੀਅਨ ਇਸ ਸਬੰਧੀ ਸਬੂਤ ਵੀ ਸੌਂਪ ਚੁੱਕੀ ਹੈ। ਕਈ ਡਰਾਈਵਰ ਤੇ ਕਲੀਨਰਾਂ ਨੂੰ ਬਲੈਕ ਲਿਸਟ ਕਰਕੇ ਕੱਢ ਦਿੱਤਾ ਗਿਆ ਹੈ। 400 ਦੇ ਕਰੀਬ ਡਰਾਈਵਰ ਤੇ ਕਲੀਨਰਾਂ ਨੂੰ ਕੋਵਿਡ ਤੋਂ ਬਾਅਦ ਬਹਾਲ ਨਹੀਂ ਕੀਤਾ ਗਿਆ।
-ਰੇਸ਼ਮ ਸਿੰਘ, ਪ੍ਰਧਾਨ (ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ)