ਬੀਐਸਐਫ ਦੇ ਜਵਾਨਾਂ ਨੇ ਸਰਹੱਦ ’ਤੇ ਫਹਿਰਾਇਆ ਤਿਰੰਗਾ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਦੇ ਅਟਾਰੀ ਬਾਰਡਰ ’ਤੇ ਵੀ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਅੱਜ ਵੀਰਵਾਰ ਸਵੇਰੇ ਬੀਐਸਐਫ ਦੇ ਜਵਾਨ ਅਟਾਰੀ ਸਰਹੱਦ ’ਤੇ ਬਣੀ ਗੈਲਰੀ ਵਿਚ ਪਹੁੰਚੇ ਅਤੇ ਤਿਰੰਗਾ ਫਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਤੇ ਰਾਸ਼ਟਰੀ ਗੀਤ ਗਾਇਆ ਗਿਆ। ਜਿਸ ਤੋਂ ਬਾਅਦ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ। ਬੀਐਸਐਫ ਦੇ ਅਧਿਕਾਰੀਆਂ ਵਲੋਂ ਸਰਹੱਦ ਤੋਂ ਭਾਰਤ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ 15 ਅਗਸਤ 1947 ਨੂੰ ਭਾਰਤ ਨੂੰ ਅਜ਼ਾਦੀ ਮਿਲੀ ਸੀ ਅਤੇ 26 ਜਨਵਰੀ ਨੂੰ ਦੇਸ਼ ਨੂੰ ਆਪਣਾ ਸੰਵਿਧਾਨ ਮਿਲਿਆ ਸੀ। ਜਿਸ ਤੋਂ ਬਾਅਦ ਹੀ ਭਾਰਤ ਪੂਰਨ ਰੂਪ ਵਿਚ ਗਣਤੰਤਰ ਬਣਿਆ। ਉਨ੍ਹਾਂ ਕਿਹਾ ਕਿ ਅਸੀਂ ਇਕ ਗਣਤੰਤਰ ਦੇਸ਼ ਦੇ ਨਾਗਰਿਕ ਹਾਂ, ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਦੇਸ਼ ਦੀ ਭਲਾਈ ਲਈ ਜੋ ਵੀ ਹੋ ਸਕੇ, ਉਹ ਅੱਗੇ ਹੋ ਕੇ ਕਰੀਏ। ਅੱਜ ਭਾਰਤ ਦੇ ਗਣਤੰਤਰ ਦਿਵਸ ਮੌਕੇ ਪਾਕਿਸਤਾਨ ਦੇ ਰੇਂਜਰਜ਼ ਵਲੋਂ ਬੀਐਸਐਫ ਦੇ ਜਵਾਨਾਂ ਨੂੰ ਵਧਾਈ ਦਿੱਤੀ ਗਈ ਅਤੇ ਦੋਵੇਂ ਦੇਸ਼ਾਂ ਦੇ ਜਵਾਨਾਂ ਵਲੋਂ ਇਕ ਦੂਜੇ ਨੂੰ ਮਠਿਆਈ ਵੀ ਦਿੱਤੀ ਗਈ।