(ਕਿਸ਼ਤ ਪਹਿਲੀ)
ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ
ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਡਾ. ਡੀ. ਪੀ. ਸਿੰਘ ਦਾ ਪੂਰਾ ਨਾਂ ਡਾ. ਦੇਵਿੰਦਰ ਪਾਲ ਸਿੰਘ ਹੈ। ਉਸ ਨੇ ਇੰਡੋ-ਕੈਨੇਡੀਅਨ ਸਿੱਖਿਆ ਵਿਸ਼ੇਸ਼ੱਗ, ਖੋਜਕਾਰ, ਵਿਗਿਆਨ ਗਲਪ ਦੇ ਅਨੁਭਵੀ ਲੇਖਕ ਵਜੋਂ ਚੋਖੀ ਮਕਬੂਲੀਅਤ ਹਾਸਲ ਕੀਤੀ ਹੈ। ਉਹ ਕਿਸੇ ਰਸਮੀ ਜਾਣਕਾਰੀ ਦਾ ਮੁਹਤਾਜ ਨਹੀਂ। ਸਿੱਖ ਧਰਮ ਸ਼ਾਸ਼ਤਰੀ ਹੈ, ਟੀ.ਵੀ ਹੋਸਟ ਹੈ, ਆਪਣੇ ਖੋਜ ਕਾਰਜਾਂ ਖ਼ਾਤਰ ਦੂਰ ਦੂਰ ਤੱਕ ਘੁੰਮਿਆਂ ਫਿਰਿਆ ਹੈ। ਉਨ੍ਹਾਂ ਦੇ ਖੋਜ ਪੱਤਰ ਦੇਸ਼ ਵਿਦੇਸ਼ ਦੇ ਖੋਜ ਰਿਸਾਲਿਆਂ ਵਿੱਚ ਪ੍ਰਕਾਸ਼ਤ ਹੋਏ ਹਨ। ਮੈਂ ਕਾਫ਼ੀ ਸਮੇਂ ਤੋਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਪਾਠਕਾਂ ਦੇ ਰੂਬਰੂ ਕਰਨਾ ਚਾਹੁੰਦਾ ਸੀ। ਇਹ ਮੌਕਾ ਮੈਨੂੰ ਕੈਨੇਡਾ ਦੀ ਫੇਰੀ ਦੌਰਾਨ ਮਿਲਿਆ। ਲਓ ਪੇਸ਼ ਹਨ, ਡਾ. ਦੇਵਿੰਦਰ ਪਾਲ ਸਿੰਘ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼:
?. ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ।
-ਮੇਰਾ ਜਨਮ ਸੰਨ 1956 ਵਿਚ ਹੁਸ਼ਿਆਰਪੁਰ ਵਿਖੇ ਹੋਇਆ। ਮੇਰੇ ਪਿਤਾ ਜੀ ਸ. ਅਰਜਨ ਸਿੰਘ, ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ, ਭਾਖੜਾ-ਨੰਗਲ ਵਿਖੇ ਨੌਕਰੀ ਕਰਦੇ ਸਨ ਤੇ ਮਾਤਾ ਜੀ ਸ਼੍ਰੀਮਤੀ ਪ੍ਰਕਾਸ਼ ਕੌਰ ਇਕ ਘਰੇਲੂ ਸੁਆਣੀ ਸਨ।
?. ਮੁੱਢਲੀ ਅਤੇ ਹਾਇਰ ਪੱਧਰ ਦੀ ਪੜ੍ਹਾਈ ਕਿੱਥੋਂ ਕੀਤੀ।
-ਮੈਂ ਦੱਸਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਬੀਰਮਪੁਰ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ ਅਤੇ ਸੰਨ 1972 ਵਿਚ ਰਾਸ਼ਟਰੀ ਸਕਾਲਰਸ਼ਿਪ ਪ੍ਰਾਪਤ ਕੀਤਾ। ਸੰਨ 1972-76 ਦੌਰਾਨ ਕਾਲਜ ਦੀ ਵਿੱਦਿਆ ਸਰਕਾਰੀ ਕਾਲਜ, ਟਾਂਡਾ ਉੜਮੁੜ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕੀਤੀ ਤੇ ਬੀ. ਐੱਸਸੀ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਪੜ੍ਹਾਈ ਦੌਰਾਨ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਬੀ. ਐੱਸਸੀ. ਭਾਗ ਦੂਜਾ ਤੇ ਭਾਗ ਤੀਜਾ ਲਈ ਲਏ ਗਏ ਇਮਤਿਹਾਨਾਂ ਦੌਰਾਨ ਯੂਨੀਵਰਸਿਟੀ ਭਰ ਵਿਚੋਂ ਦੋਨੋਂ ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਨ 1976-78 ਦੌਰਾਨ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮ. ਐੱਸਸੀ. (ਫਿਜ਼ਿਕਸ) ਦੀ ਡਿਗਰੀ ਹਾਸਿਲ ਕੀਤੀ। ਇਸ ਦੌਰਾਨ ਮੈਂ ਸੰਨ 1977 ਵਿਚ ਯੂਨੀਵਰਸਿਟੀ ਵਿਚੋਂ ਪਹਿਲਾ ਤੇ ਸੰਨ 1978 ਵਿਚ ਯੂਨੀਵਰਸਿਟੀ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।
?. ਪੀਐਚ.ਡੀ. ਕਿਸ ਟੌਪਿਕ ਤੇ, ਕਦੋਂ, ਕਿਸ ਅਧੀਨ, ਕਿੱਥੋਂ ਕੀਤੀ?
– ਮੈਂ ਪੀਐਚ. ਡੀ. ਡਿਗਰੀ ਲਈ ਲੋੜੀਂਦੇ ਖੋਜ ਕਾਰਜ ਡਾ. ਸੁਰਜੀਤ ਸਿੰਘ ਭੱਟੀ, ਪ੍ਰੋਫੈਸਰ ਆਫ਼ ਫਿਜ਼ਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ, ਭਾਰਤ ਦੀ ਦੇਖ ਰੇਖ ਵਿਚ ‘ਪਰਾ-ਧੁਨੀ ਤਰੰਗਾਂ ਦੀ ਵਰਤੋਂ ਨਾਲ ਤਿੰਨ ਦ੍ਰਵਾਂ ਦੇ ਮਿਸ਼ਰਣਾਂ ਵਿਚ ਅਣੂਵੀ ਪ੍ਰਤੀਕ੍ਰਿਆਵਾਂ ਦਾ ਅਧਿਐਨ’ ਵਿਸ਼ੇ ਸੰਬੰਧਤ ਕੀਤੇ। ਇਹ ਖੋਜ ਕਾਰਜ ਜਨਵਰੀ 1980 ਤੋਂ ਜੁਲਾਈ 1985 ਦੇ ਅਰਸੇ ਦੌਰਾਨ ਕੀਤੇ । ਸੰਨ 1986 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਵਲੋਂ ਇਨ੍ਹਾਂ ਖੋਜ ਕਾਰਜਾਂ ਕਾਰਣ ਮੈਨੂੰ ਪੀਐਚ. ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ।
?. ਛੋਟੇ ਹੁੰਦਿਆਂ, ਸਕੂਲ ਸਮੇਂ, ਉੱਚ ਸਿੱਖਿਆ ਵੇਲੇ, ਖੋਜ ਕਰਦਿਆਂ ਕੋਈ ਅਜਿਹੇ ਪਲ/ ਯਾਦ ਸਾਂਝੀ ਕਰੋ, ਜੋ ਤੁਹਾਨੂੰ ਕਦੀ ਨਾਂ ਭੁੱਲੀ ਹੋਵੇ।
– ਘਰ ਵਿਚ ਸਾਹਿਤਕ ਕਿਤਾਬਾਂ ਤੇ ਮੈਗਜ਼ੀਨ ਦੇ ਪੜ੍ਹਨ ਦਾ ਮਾਹੌਲ ਸੀ। ਜਿਸ ਕਾਰਨ ਸਾਹਿਤਕ ਕਾਰਜਾਂ ਦੀ ਲਗਨ ਬਚਪਨ ਤੋਂ ਹੀ ਲੱਗ ਗਈ। ਸਕੂਲੀ ਪੜ੍ਹਾਈ ਦੌਰਾਨ ਵੀ ਪੰਜਾਬੀ ਅਧਿਆਪਕ ਗੁਰਦਿਆਲ ਸਿੰਘ ਸ਼ਾਹੀ, ਜੋ ਸਕੂਲ ਦੀ ਲਾਇਬ੍ਰੇਰੀ ਦੇ ਇੰਚਾਰਜ਼ ਵੀ ਸਨ, ਨੇ ਵੀ ਅਜਿਹੇ ਕਾਰਜਾਂ ਵਿਚ ਉਤਸ਼ਾਹਿਤ ਕੀਤਾ। ਲਾਇਬ੍ਰੇਰੀ ਵਿਚ ਨਵੀਆਂ ਕਿਤਾਬਾਂ ਆਉਣ ਉੱਤੇ ਉਨ੍ਹਾਂ ਉੱਤੇ ਲਾਇਬ੍ਰੇਰੀ ਦਾ ਨੰਬਰ ਤੇ ਮੁਹਰ ਆਦਿ ਲਗਾਉਣ ਦਾ ਕੰਮ ਅਕਸਰ ਜਿਨ੍ਹਾਂ ਵਿਦਿਆਰਥੀਆ ਨੂੰ ਉਹ ਸੌਂਪਦੇ ਸਨ ਉਨ੍ਹਾਂ ਵਿਚੋਂ ਮੈਂ ਪ੍ਰਮੁੱਖ ਸਾਂ। ਬਹੁਤ ਵਾਰ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਇਸ਼ੂ ਕਰਨ ਤੇ ਰਸੀਵ ਕਰਨ ਦਾ ਕੰਮ ਵੀ ਮੈਂ ਹੀ ਕਰਦਾ ਸਾਂ। ਲਾਇਬ੍ਰੇਰੀ ਸੰਬੰਧਤ ਮਿਲੀ ਖੁੱਲ੍ਹੀ ਸਹੂਲੀਅਤ ਕਾਰਨ ਮੈਨੂੰ ਪੰਜਾਬੀ ਦੇ ਪ੍ਰਮੁੱਖ ਲੇਖਕਾਂ ਖਾਸਕਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਸ਼ਿਵ ਬਟਾਲਵੀ, ਭਾਈ ਵੀਰ ਸਿੰਘ, ਸੋਹਣ ਸਿੰਘ ਸੀਤਲ, ਸਆਦਤ ਹਸਨ ਮੰਟੋ, ਦਲੀਪ ਕੌਰ ਟਿਵਾਣਾ, ਅਤੇ ਅਜੀਤ ਕੌਰ ਆਦਿ ਨੂੰ ਪੜ੍ਹਨ ਦਾ ਮੌਕਾ ਸਹਿਜੇ ਹੀ ਮਿਲ ਗਿਆ। ਹਿੰਦੀ ਦੇ ਪ੍ਰਮੁੱਖ ਲੇਖਕਾਂ ਜਿਵੇਂ ਕਿ ਮੁਨਸ਼ੀ ਪ੍ਰੇਮ ਚੰਦ, ਕ੍ਰਿਸ਼ਨਾ ਸੋਬਤੀ, ਆਦਿ ਵੀ ਪੜ੍ਹੇ। ਕਾਲੀਦਾਸ, ਰਾਵਿੰਦਰ ਨਾਥ ਟੈਗੋਰ ਤੇ ਸ਼ਰਤ ਚੰਦਰ ਚਟੋਪਾਧਿਆਇ ਆਦਿ ਦੀਆਂ ਰਚਨਾਵਾਂ ਦਾ ਹਿੰਦੀ ਰੂਪਾਂਤਰਣ ਵੀ ਪੜ੍ਹਿਆ। ਮਾਸਟਰ ਗੁਰਦਿਆਲ ਸਿੰਘ ਸ਼ਾਹੀ ਦੇ ਉਤਸ਼ਾਹ ਸਦਕਾ ਹੀ ਸਕੂਲੀ ਦਿਨਾਂ ਵਿਚ ਸਾਹਿਤਕ ਲੇਖ ਮੁਕਾਬਲਿਆਂ ਵਿਚ ਭਾਗ ਲੈਣ ਅਤੇ ਸਾਹਿਤਕ ਲੇਖਣ ਕਾਰਜਾਂ ਵਿਚ ਵੀ ਰੁਚੀ ਪੈਦਾ ਹੋ ਗਈ। ਸਰਕਾਰੀ ਕਾਲਜ, ਟਾਂਡਾ ਉੜਮੁੜ ਵਿਖੇ ਪੜ੍ਹਾਈ ਦੌਰਾਨ, ਮੇਰੀ ਪਹਿਲੀ ਰਚਨਾ – ”ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜੀਵਨ ਤੇ ਰਚਨਾ” ਕਾਲਜ ਦੇ ਮੈਗਜ਼ੀਨ ”ਤਾਰਿਕਾ ਮੰਡਲ” ਵਿਚ ਸੰਨ 1975 ਦੌਰਾਨ ਛਪੀ। ਉਪਰੰਤ ਸੰਨ 1988 ਤੋਂ ਮੇਰੀਆਂ ਰਚਨਾਵਾਂ, ਨਿਯਮਿਤ ਰੂਪ ਵਿਚ, ਪੰਜਾਬੀ ਦੇ ਵਿਭਿੰਨ ਮੈਗਜ਼ੀਨਾਂ ਤੇ ਅਖਬਾਰਾਂ ਵਿਚ ਛਪਣੀਆਂ ਸ਼ੁਰੂ ਹੋ ਗਈਆ ਸਨ। ਸਮੇਂ ਨਾਲ ਮੇਰੀਆਂ ਅਨੇਕ ਰਚਨਾਵਾਂ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਖਾਸ ਕਰ ਅਜੀਤ, ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਦੇਸ਼ ਸੇਵਕ, ਜਗਬਾਣੀ ਅਤੇ ਚੜ੍ਹਦੀ ਕਲਾ ਦਾ ਸ਼ਿੰਗਾਰ ਬਣੀਆਂ। ਵਿਦੇਸ਼ਾਂ ਵਿਚ ਮੇਰੀਆਂ ਰਚਨਾਵਾਂ ਇੰਡੋ-ਕਨੈਡੀਅਨ ਟਾਇਮਜ਼, ਡੇਲੀ ਪੰਜਾਬੀ, ਪਰਵਾਸੀ ਵੀਕਲੀ ਤੇ ਪੰਜਾਬ ਟਾਇਮਜ਼ ਆਦਿ ਅਖਬਾਰਾਂ ਵਿਚ ਵੀ ਛਪੀਆਂ ਤੇ ਹੁਣ ਵੀ ਛਪਦੀਆਂ ਰਹਿੰਦੀਆਂ ਹਨ। ਇੰਝ ਹੀ ਮੇਰੀਆਂ ਰਚਨਾਵਾਂ ਪੰਜਾਬੀ ਦੇ ਜਾਣੇ-ਪਛਾਣੇ ਮੈਗਜ਼ੀਨਾਂ ਜਿਵੇਂ ਕਿ ਜਾਗ੍ਰਿਤੀ, ਜਨ-ਸਾਹਿਤ, ਪ੍ਰੀਤ ਲੜੀ, ਤਸਵੀਰ, ਮਹਿਰਮ, ਵਿਗਿਆਨ ਦੇ ਨਕਸ਼, ਯੋਜਨਾ (ਪੰਜਾਬੀ), ਤਰਕਸ਼ੀਲ, ਸਿੱਖ ਫੁੱਲਵਾੜੀ, ਸਾਡਾ ਵਿਰਸਾ-ਸਾਡਾ ਗੋਰਵ, ਗੁਰਮਤਿ ਪ੍ਰਕਾਸ਼, ਪੰਖੜੀਆਂ, ਪ੍ਰਾਇਮਰੀ ਸਿੱਖਿਆ, ਬਾਲ-ਸੰਦੇਸ਼, ਅਲੜ੍ਹ-ਬਲੜ੍ਹ, ਅਤੇ ਨਿੱਕੀਆਂ ਕਰੂਬਲਾਂ ਆਦਿ ਵਿਚ ਛਪੀਆਂ ਹਨ। ਹੁਣ ਤਕ ਛਪੀਆਂ ਇਨ੍ਹਾਂ ਰਚਨਾਵਾਂ ਦੀ ਕੁੱਲ ਗਿਣਤੀ ਲਗਭਗ 1200 ਹੈ। ਪਾਕਿਸਤਾਨ ਤੋਂ ਛਪ ਰਹੇ ਬਾਲ ਸਾਹਿਤ ਮੈਗਜ਼ੀਨ ”ਪੰਖੇਰੂ” ਵਿਚ ਵੀ ਮੇਰੀਆਂ ਹੁਣ ਤੱਕ ਤਿੰਨ ਦਰਜਨ ਰਚਨਾਵਾਂ ਛਪੀਆਂ ਹਨ। ਮੇਰੀਆਂ ਲਗਭਗ ਦੋ ਦਰਜਨ ਲੇਖ/ਕਹਾਣੀਆਂ/ਨਾਟਕ ਵਿਭਿੰਨ ਵਿਦਵਾਨਾਂ ਵਲੋਂ ਸੰਪਾਦਿਤ ਕੀਤੀਆਂ ਕਿਤਾਬਾਂ ਵਿਚ ਸ਼ਾਮਿਲ ਕੀਤੇ ਗਏ ਹਨ। ਮੇਰੇ ਦੁਆਰਾ ਲਿਖਤ ਲਗਭਗ 25 ਐਂਟਰੀਜ਼ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ”ਚਿਲਡਰਨ ਇੰਨਸਾਕਿਲੋਪੀਡੀਆ” ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਲਗਭਗ 50 ਰਚਨਾਵਾਂ ਹਿੰਦੀ ਦੇ ਪ੍ਰਕਾਸ਼ਨਾ ਖਾਸ ਕਰ ਅਜੀਤ ਸਮਾਚਾਰ ਅਖਬਾਰ, ਜਾਗ੍ਰਿਤੀ (ਹਿੰਦੀ) ਮੈਗਜ਼ੀਨ ਤੇ ਸ਼ਿਵਾਲਿਕ ਪੱਤ੍ਰਿਕਾ ਵੀਕਲੀ ਵਿਚ ਵੀ ਛਪ ਚੁੱਕੀਆਂ ਹਨ। ਮੇਰੀਆਂ 25 ਕੁ ਰਚਨਾਵਾਂ ਅੰਗਰੇਜ਼ੀ ਦੇ ਅਖਬਾਰਾਂ ”ਦਾ ਟ੍ਰਿਬਿਊਨ”, ”ਇੰਡੀਅਨ ਐਕਸਪ੍ਰੈਸ” ਅਤੇ ”ਇੰਪਲਾਇਮੈਂਟ ਨਿਊਜ਼ ਵੀਕਲੀ” ਵਿਚ ਵੀ ਸਮੇਂ ਸਮੇਂ ਛੱਪਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਮੇਰੀਆਂ 150 ਕੁ ਰਚਨਾਵਾਂ ਅੰਗਰੇਜ਼ੀ ਦੇ ਮੈਗਜੀਨਾਂ ਖਾਸ ਕਰ ਸਾਇੰਸ ਰਿਪੋਰਟਰ, ਸਾਇੰਸ ਇੰਡੀਆ, ਇੰਨਵੈਂਨਸ਼ਨ ਇੰਨਟੈਲੀਜੈਂਸ, ਯੂਨੀਅਰ ਸਾਇੰਸ ਡਾਇਜੈਸਟ, ਐਡਵਾਂਸ, ਅਲਾਇਵ, ਵੋਮੈਨ ਇਰਾ, ਆਇਡੈਂਟਿਟੀ, ਦਾ ਸਿੱਖ ਰੀਵਿਊ, ਦਾ ਸਿੱਖ ਬੁਲੈਟਿਨ, ਅੰਡਰਸਟੈਂਡਿੰਗ ਸਿੱਖਇਜ਼ਮ, ਅਤੇ ਯੋਜਨਾ (ਅੰਗਰੇਜ਼ੀ) ਵਿਚ ਵੀ ਛਪ ਚੁੱਕੀਆਂ ਹਨ।
(ਚਲਦਾ)
Check Also
ਪੰਜਾਬ, ਪੰਜਾਬੀ ਤੇ ਪੰਜਾਬੀਆਂ ਦਾ ਮਾਣ : ਲੋਕ ਕਵੀ ਗੁਰਦਾਸ ਰਾਮ ‘ਆਲਮ’
ਡਾ. ਗੁਰਵਿੰਦਰ ਸਿੰਘ ਪੰਜਾਬੀਆਂ ਦਾ ‘ਅਸਲੀ ਗੁਰਦਾਸ’ ਗੁਰਦਾਸ ਰਾਮ ਆਲਮ ਹੈ, ਜਿਸ ਨੇ ਪੰਜਾਬੀ ਮਾਂ …