ਭਗਵੰਤ ਨੇ ਈਦ ਮੌਕੇ ਮਾਲੇਰਕੋਟਲਾ ਪਹੁੰਚ ਕੇ ਮੁਸਲਿਮ ਭਾਈਚਾਰੇ ਨਾਲ ਖੁਸ਼ੀ ਕੀਤੀ ਸਾਂਝੀ
ਮਾਲੇਰਕੋਟਲਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਦੀ ਉਪਜਾਊ ਧਰਤੀ ‘ਤੇ ਕੁਝ ਵੀ ਬੀਜਿਆ ਜਾ ਸਕਦਾ ਹੈ, ਪਰ ਨਫ਼ਰਤ ਦੇ ਬੀਜ ਨਹੀਂ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਸਮਾਜਿਕ ਸਾਂਝ ਨੂੰ ਕਮਜ਼ੋਰ ਕਰਨ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਈਦ ਉਲ ਫ਼ਿਤਰ ਦਾ ਤਿਉਹਾਰ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਮੁੱਖ ਮੰਤਰੀ ਨੇ ਮਾਲੇਰਕੋਟਲਾ ਵਿਖੇ ਵੱਡੀ ਈਦਗਾਹ ‘ਚ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ।
ਮਾਨ ਨੇ ਕਿਹਾ ਕਿ ਨਵਾਂ ਜ਼ਿਲ੍ਹਾ ਬਣੇ ਮਾਲੇਰਕੋਟਲਾ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪਿਛਲੀ ਸਰਕਾਰ ਨੇ ਮਾਲੇਰਕੋਟਲਾ ਨੂੰ ਸਿਰਫ਼ ਜ਼ਿਲ੍ਹੇ ਦਾ ਦਰਜਾ ਦਿੱਤਾ ਸੀ ਪਰ ਇਸ ਨੂੰ ਸਹੀ ਅਰਥਾਂ ਵਿੱਚ ਜ਼ਿਲ੍ਹਾ ਬਣਾਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮਾਲੇਰਕੋਟਲਾ ਦੀਆਂ ਲੋੜਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਜ਼ਿਲ੍ਹੇ ਵਿੱਚ ਸਿੱਖਿਆ ਤੇ ਸਿਹਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਸਥਾਨਕ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਉਠਾਈਆਂ ਮੰਗਾਂ ਸਬੰਧੀ ਮਾਨ ਨੇ ਭਰੋਸਾ ਦਿਵਾਇਆ ਕਿ ਇਸ ਇਤਿਹਾਸਕ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ‘ਆਪ’ ਸਰਕਾਰ ਨੂੰ ਕਾਰਗੁਜ਼ਾਰੀ ਲਈ ਕੁਝ ਹੋਰ ਸਮਾਂ ਦੇਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਵਸੀਲਿਆਂ ਨੂੰ ਬੇਰਹਿਮੀ ਨਾਲ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ। ਇਸ ਤੋਂ ਪਹਿਲਾਂ ਸਥਾਨਕ ਵਿਧਾਇਕ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।