ਰਾਜਪੁਰਾ ਥਰਮਲ ਪਲਾਂਟ ਦੇ ਬਾਹਰ ਸਮਰਥਕਾਂ ਨਾਲ ਕੀਤਾ ਰੋਸ ਪ੍ਰਦਰਸ਼ਨ
ਰਾਜਾ ਵੜਿੰਗ ਤੋਂ ਬਣਾ ਰਹੇ ਹਨ ਦੂਰੀ
ਰਾਜਪੁਰਾ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਾਗੀ ਤੇਵਰ ਬਰਕਰਾਰ ਹਨ। ਸਿੱਧੂ ਅੱਜ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਰਾਜਪੁਰਾ ਥਰਮਲ ਪਲਾਂਟ ਅੱਗੇ ਹੋਏ ਧਰਨਾ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਇਸ ਮੌਕੇ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਚੁੱਕਣ ਲਈ ਲੜਾਈ ਲੜ ਰਹੇ ਹਨ। ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਬਿਜਲੀ ਕੱਟਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਤਿੰਨ ਘੰਟੇ ਆਉਂਦੀ ਹੈ ਅਤੇ ਪੰਜਾਬ ਅੱਜ 2 ਰੁਪਏ ਦੀ ਬਿਜਲੀ 16-17 ਰੁਪਏ ਵਿਚ ਖਰੀਦ ਰਿਹਾ ਹੈ। ਸਿੱਧੂ ਨੇ ਕਿਹਾ ਕਿ ਡਿਮਾਂਡ ਤੋਂ ਘੱਟ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਝੋਨੇ ਦੇ ਸੀਜ਼ਨ ਸਮੇਂ 17 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਸੁਰਜੀਤ ਧੀਮਾਨ, ਨਾਜ਼ਰ ਸਿੰਘ, ਨਵਤੇਜ਼ ਚੀਮਾ ਅਤੇ ਅਸ਼ਵਨੀ ਸੇਖੜੀ ਵੀ ਹਾਜ਼ਰ ਸਨ। ਦੱਸਣਾ ਬਣਦਾ ਹੈ ਕਿ ਪੰਜਾਬ ਚੋਣਾਂ ਤੋਂ ਬਾਅਦ ਵੀ ਸਿੱਧੂ ਐਕਟਿਵ ਨਜ਼ਰ ਆ ਰਹੇ ਹਨ, ਪਰ ਉਨ੍ਹਾਂ ਦੇ ਅਗਲੇ ਪਲਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਪਿਛਲੇ ਦਿਨੀਂ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਰਾਜਾ ਵੜਿੰਗ ਦੇ ਤਾਜ਼ਪੋਸ਼ੀ ਸਮਾਗਮ ਵਿਚ ਵੀ ਸਿੱਧੂ ਅੱਗੇ ਨਹੀਂ ਆਏ ਸਨ। ਇਸ ਤੋਂ ਪੰਜਾਬ ਕਾਂਗਰਸ ਦੇ ਭਵਿੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਚਲੋ ਦੇਖਦੇ ਹਾਂ ਆਉਣ ਵਾਲਾ ਸਮਾਂ ਪੰਜਾਬ ਕਾਂਗਰਸ ਲਈ ਕਿਸ ਤਰ੍ਹਾਂ ਦਾ ਆਉਂਦਾ ਹੈ।
Check Also
ਪੰਜਾਬ ਬੋਰਡ ਦੇ 12ਵੀਂ ਕਲਾਸ ਦੇ ਇਮਤਿਹਾਨ ’ਚ ਆਮ ਆਦਮੀ ਪਾਰਟੀ ਸਬੰਧੀ ਪੁੱਛਿਆ ਗਿਆ ਸਵਾਲ
ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ …