ਕਿਹਾ, ਕੈਪਟਨ ਅਮਰਿੰਦਰ ਨੂੰ ਹਟਾਉਣਾ ਅਤੇ ਸਿੱਧੂ ਨੂੰ ਪ੍ਰਧਾਨ ਬਣਾਉਣਾ ਕੀ ਠੀਕ ਸੀ?
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਮਚਿਆ ਬਵਾਲ ਅਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਾਈਕਮਾਨ ਕੋਲੋਂ ਸਵਾਲ ਪੁੱਛੇ ਹਨ। ਤਿਵਾੜੀ ਨੇ ਹਾਈਕਮਾਨ ਨੂੰ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣਾ ਅਤੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਕੀ ਠੀਕ ਫੈਸਲਾ ਸੀ? ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਹੋਈ ਹਾਰ ਦੇ ਕਾਰਨਾਂ ਬਾਰੇ ਵਿਚਾਰ ਕਰਨ ਦੀ ਲੋੜ ਹੈ। ਤਿਵਾੜੀ ਨੇ ਹਾਈਕਮਾਨ ਵਲੋਂ ਬਣਾਈ ਗਈ ਮਲਿਕਅਰਜਨ ਖੜਗੇ ਕਮੇਟੀ ’ਤੇ ਵੀ ਸਵਾਲ ਚੁੱਕੇ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿਚ ਕੈਪਟਨ ਦੇ ਖਿਲਾਫ ਬਗਾਵਤ ਦੀ ਸ਼ੁਰੂਆਤ ਖੜਗੇ ਕਮੇਟੀ ਤੋਂ ਹੀ ਹੋਈ ਸੀ। ਹਾਈਕਮਾਨ ਨੇ ਵਿਧਾਇਕਾਂ ਦੀ ਗੱਲ ਸੁਣਨ ਲਈ ਖੜਗੇ ਕਮੇਟੀ ਬਣਾਈ ਸੀ। ਇਸ ਤੋਂ ਬਾਅਦ ਕਾਂਗਰਸ ਦੇ ਪੰਜਾਬ ਤੋਂ ਇੰਚਾਰਜ ਰਹੇ ਹਰੀਸ਼ ਰਾਵਤ ਨੇ ਵੀ ਬਗਾਵਤ ਨੂੰ ਹਵਾ ਦਿੱਤੀ ਅਤੇ ਰਾਵਤ ਨੇ ਘਰ ਬੈਠੇ ਹੀ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਸੀ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਸੀ।