ਸਿੱਧੂ ਹਾਈਕਮਾਨ ਕੋਲੋਂ ਪੁੱਛ ਰਹੇ ‘ਬਰਾਤ ਦਾ ਲਾੜਾ ਕੌਣ’
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਚਿਹਰੇ ਦੀ ਦੌੜ ਹੁਣ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੱਲਾਂ-ਗੱਲਾਂ ਹਾਈਕਮਾਨ ਨੂੰ ਪੁੱਛ ਵੀ ਰਹੇ ਹਨ ਕਿ ਪੰਜਾਬ ਨੂੰ ਦੱਸਿਆ ਜਾਵੇ ਕਿ ਬਰਾਤ ਦਾ ਲਾੜਾ ਕੌਣ ਹੈ। ਸਿੱਧੂ ਦੀਆਂ ਅਜਿਹੀਆਂ ਗੱਲਾਂ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਰਗਰਮ ਹੋ ਗਏ ਹਨ ਅਤੇ ਚੋਣ ਰੈਲੀਆਂ ਵਿਚ ਲੋਕਾਂ ਕੋਲੋਂ ਇਕ ਮੌਕਾ ਹੋਰ ਮੰਗ ਰਹੇ ਹਨ। ਇਸ ਦੇ ਚੱਲਦਿਆਂ ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਕਹਿ ਰਹੇ ਹਨ ਕਿ ਕਿਸੇ ਇਕ ਵਿਅਕਤੀ ਦੇ ਚਿਹਰੇ ’ਤੇ ਚੋਣਾਂ ਨਹੀਂ ਲੜੀਆਂ ਜਾਣਗੀਆਂ, ਸਗੋਂ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਧਿਆਨ ਰਹੇ ਕਿ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਕੇ ਚੋਣਾਂ ਲੜੀਆਂ ਗਈਆਂ ਸਨ।
ਨਵਜੋਤ ਸਿੱਧੂ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਉਨ੍ਹਾਂ ਇਹ ਮੁੱਦਾ ਆਮ ਆਦਮੀ ਪਾਰਟੀ ਲਈ ਉਠਾਇਆ ਸੀ ਅਤੇ ਕਿਹਾ ਸੀ ਕਿ ਬਰਾਤ ਘੁੰਮ ਰਹੀ ਹੈ, ਪਰ ਲਾੜਾ ਕਿੱਥੇ ਹੈ? ਇਸਦਾ ਨੁਕਸਾਨ ਵੀ ਆਮ ਆਦਮੀ ਪਾਰਟੀ ਨੂੰ ਹੋਇਆ ਸੀ। ਇਸ ਵਾਰ ਕਾਂਗਰਸ ਵਿਚ ਵੀ ਇਹੀ ਸਥਿਤੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਉਸ ਲਈ ਰੋਡਮੈਪ ਕਿਸ ਕੋਲ ਹੈ? ਕਿਹੜਾ ਵਿਅਕਤੀ ਪੰਜਾਬ ਨੂੰ ਇਸ ਚਿੱਕੜ ਵਿਚੋਂ ਬਾਹਰ ਕੱਢੇਗਾ? ਸਿੱਧੂ ਨੇ ਇਹ ਵੀ ਕਿਹਾ ਕਿ ਅਸੀਂ ‘ਆਪ’ ਵਾਲਿਆਂ ਨੂੰ ਪੁੱਛਦੇ ਸੀ ਕਿ ਬਰਾਤ ਦਾ ਲਾੜਾ ਕੌਣ ਹੈ ਅਤੇ ਹੁਣ ਲੋਕ ਸਾਨੂੰ ਪੁੱਛਦੇ ਹਨ ਕਿ ਪੰਜਾਬ ਕਾਂਗਰਸ ਦੀ ਬਰਾਤ ਦਾ ਲਾੜਾ ਕੌਣ ਹੈ।