Breaking News
Home / ਪੰਜਾਬ / ਲਾਲ ਸਿੰਘ ਨੇ ਅਮਰਿੰਦਰ ਤੇ ਪ੍ਰਨੀਤ ਕੌਰ ਖਿਲਾਫ਼ ਖੋਲ੍ਹਿਆ ਮੋਰਚਾ

ਲਾਲ ਸਿੰਘ ਨੇ ਅਮਰਿੰਦਰ ਤੇ ਪ੍ਰਨੀਤ ਕੌਰ ਖਿਲਾਫ਼ ਖੋਲ੍ਹਿਆ ਮੋਰਚਾ

ਕਿਹਾ : ਸਿੱਧੂ ਨੇ ਪਾਰਟੀ ਨੂੰ ਚਿੰਬੜੀ ਅਮਰਵੇਲ ਨੂੰ ਹਟਾ ਦਿੱਤਾ
ਪਟਿਆਲਾ/ਬਿਊਰੋ ਨਿਊਜ਼
ਮੰਡੀ ਬੋਰਡ ਦੇ ਚੇਅਰਮੈਨ ਤੇ ਉਘੇ ਕਾਂਗਰਸੀ ਆਗੂ ਲਾਲ ਸਿੰਘ ਨੇ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਪਟਿਆਲਾ ਸਥਿਤ ਆਪਣੀ ਰਿਹਾਇਸ਼ ਵਿਖੇ ਹਲਕਾ ਸਨੌਰ ਦੀਆਂ ਸੱਤਰ ਤੋਂ ਵੱਧ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈਕ ਵੰਡੇ ਅਤੇ ਉਨ੍ਹਾਂ ਨਾਲ ਆਪਣੇ ਦਿਲ ਦਾ ਦਰਦ ਸਾਂਝਾ ਕੀਤਾ। ਲਾਲ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਲਈ ਅਮਰ ਵਾਂਗ ਸਾਬਤ ਹੋਇਆ, ਜਿਸ ਨੇ ਪਾਰਟੀ ਨੂੰ ਖਤਮ ਕਰਨ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਨੂੰ ਚਿੰਬੜੀ ਅਮਰ ਵੇਲ ਨੂੰ ਹਟਾ ਦਿੱਤਾ ਅਤੇ ਹੁਣ ਇਹ ਅਮਰਵੇਲ ਭਾਜਪਾ ਦੇ ਗਲ ਪੈ ਗਈ ਹੈ। ਲਾਲ ਸਿੰਘ ਨੇ ਕਿਹਾ ਕਿ ਕੈਪਟਨ ਨੇ ਇਕ ਪਰਿਵਾਰ ’ਚ ਇਕ ਟਿਕਟ ਦਾ ਐਲਾਨ ਤਾਂ ਕੀਤਾ ਸੀ ਤਾਂ ਜੋ ਲਾਲ ਸਿੰਘ ਨੂੰ ਟਿਕਟ ਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਕਦੇ ਵੀ ਉਨ੍ਹਾਂ ਨੇ ਪਾਰਟੀ ਕੋਲੋਂ ਟਿਕਟ ਨਹੀਂ ਮੰਗੀ ਪ੍ਰੰਤੂ ਇਸ ਵਾਰ ਉਹ ਟਿਕਟ ਜ਼ਰੂਰ ਮੰਗਣਗੇ। ਬਾਕੀ ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦੀ ਮਰਜ਼ੀ ਹੈ। ਇਸੇ ਦੌਰਾਨ ਲਾਲ ਸਿੰਘ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੇ ਨਾਲ ਧੱਕਾ ਕੀਤਾ ਹੈ ਅਤੇ ਮੈਨੂੰੂ ਹਲਕੇ ’ਚ ਆਉਣ ਤੋਂ ਰੋਕਦਿਆਂ ਉਨ੍ਹਾਂ ਨੇ ਹੀ ਮੇਰੀ ਟਿਕਟ ਕਟਵਾਈ ਸੀ। ਇਥੋਂ ਤੱਕ ਕਿ ਪ੍ਰਨੀਤ ਕੌਰ ਨੇ ਆਪਣੀ ਹਾਰ ਦੇ ਲਈ ਵੀ ਮੈਨੂੰ ਹੀ ਜ਼ਿੰਮੇਵਾਰ ਦੱਸਿਆ ਸੀ। ਲਾਲ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ 58 ਸਾਲ ਪਾਰਟੀ ਦੀ ਸੇਵਾ ਕੀਤੀ ਪ੍ਰੰਤੂ ਕਦੇ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਨਹੀਂ ਕੀਤਾ ਸੀ। ਪ੍ਰੰਤੂ ਫਿਰ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਸੀ ਕਿਤੇ ਲਾਲ ਸਿੰਘ ਅੱਗੇ ਨਾ ਆ ਜਾਣ, ਜਿਸ ਕਾਰਨ ਮੇਰੇ ਨਾਲ ਸਿਆਸੀ ਧੱਕਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਤੋਂ ਪਾਰਟੀ ਭਾਵੇਂ ਉਨ੍ਹਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ ਪ੍ਰੰਤੂ ਉਹ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।

Check Also

ਪੰਜਾਬੀ ਕਵੀ ਮੋਹਨਜੀਤ ਦਾ ਹੋਇਆ ਦੇਹਾਂਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬੀ ਦੇ ਨਾਮਵਰ ਕਵੀ ਡਾ. ਮੋਹਨਜੀਤ ਅੱਜ ਸਵੇਰੇ ਕਰੀਬ ਪੌਣੇ 6 …