27.2 C
Toronto
Sunday, October 5, 2025
spot_img
Homeਪੰਜਾਬਖੇਤੀ ਕਾਨੂੰਨਾਂ ਖਿਲਾਫ ਭਾਜਪਾ ਆਗੂ ਪ੍ਰਵੀਨ ਛਾਬੜਾ ਨੇ ਦਿੱਤਾ ਅਸਤੀਫ਼ਾ

ਖੇਤੀ ਕਾਨੂੰਨਾਂ ਖਿਲਾਫ ਭਾਜਪਾ ਆਗੂ ਪ੍ਰਵੀਨ ਛਾਬੜਾ ਨੇ ਦਿੱਤਾ ਅਸਤੀਫ਼ਾ

ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਡਟਣ ਦਾ ਐਲਾਨ
ਰਾਜਪੁਰਾ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਤੇ ਨਗਰ ਕੌਂਸਲ ਰਾਜਪੁਰਾ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ ਨੇ ਕਿਸਾਨਾਂ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾਈ ਆਗੂ ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ, ਉਜਾਗਰ ਸਿੰਘ, ਮਨਜੀਤ ਸਿੰਘ ਥੂਹਾ ਅਤੇ ਜਵਾਹਰ ਲਾਲ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਵੀਨ ਛਾਬੜਾ ਨੇ ਕਿਹਾ ਕਿ ਉਨ੍ਹਾਂ ਭਾਜਪਾ ਛੱਡਣ ਬਾਰੇ ਪਾਰਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਦੀਪ ਨੰਦਾ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੱਤ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ‘ਤੇ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਛਾਬੜਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਉਹ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਪ੍ਰਵੀਨ ਛਾਬੜਾ ਨਗਰ ਕੌਂਸਲ ਰਾਜਪੁਰਾ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਵਾਰ ਵੀ ਨਗਰ ਕੌਂਸਲ ਚੋਣਾਂ ਵਿੱਚ ਉਨ੍ਹਾਂ ਦੀ ਪਤਨੀ ਦੀਪਤੀ ਛਾਬੜਾ ਕੌਂਸਲ ਚੋਣਾਂ ਵਿੱਚ ਭਾਜਪਾ ਦੀ ਟਿਕਟ ‘ਤੇ ਜੇਤੂ ਰਹੇ ਦੋ ਉਮੀਦਵਾਰਾਂ ਵਿੱਚ ਸ਼ਾਮਲ ਹੈ। ਛਾਬੜਾ ਨੇ ਕਿਹਾ ਕਿ ਅਜੇ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਪਰ ਕਿਸਾਨ ਸੰਘਰਸ਼ ਵਿੱਚ ਜ਼ਰੂਰ ਸ਼ਾਮਲ ਹੋਣਗੇ।

RELATED ARTICLES
POPULAR POSTS