ਸਿੱਧੂ ਬੋਲੇ – ਬੇਅਦਬੀ ਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਤਾਂ ਪੰਜਾਬ ਕਾਂਗਰਸ ਨੂੰ ਭੁਗਤਣਾ ਪਵੇਗਾ ਨਤੀਜਾ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੱਧੂ ਹਰ ਰੋਜ਼ ਕੈਪਟਨ ਅਮਰਿੰਦਰ ਸਿੰਘ ਖਿਲਾਫ ਟਵੀਟ ਕਰਕੇ ਸੁਰਖੀਆਂ ’ਚ ਬਣੇ ਰਹਿੰਦੇ ਹਨ। ਸਿੱਧੂ ਨੇ ਇਕ ਵਾਰ ਫਿਰ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੇ ਦੋਸ਼ੀਆਂ ਦੀ ਗਿ੍ਰਫਤਾਰੀ ਨਾ ਹੋਣ ਦਾ ਮਾਮਲਾ ਚੁੱਕਿਆ। ਟਵੀਟ ਦੌਰਾਨ ਉਨ੍ਹਾਂ ਨੇ ਇਕ ਵੀਡੀਓ ਵੀ ਜਾਰੀ ਕੀਤੀ। ਇਹ ਵੀਡੀਓ ਭਾਵੇਂ ਤਿੰਨ ਸਾਲ ਪੁਰਾਣੀ ਹੈ ਪਰ ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਤਿੰਨ ਸਾਲ ਪੁਰਾਣੀ ਆਪਣੀ ਬਿਆਨਬਾਜ਼ੀ ਨੂੰ ਮੁੜ ਦੁਹਰਾਇਆ। ਨਵਜੋਤ ਸਿੱਧੂ ਨੇ ਜਿੱਥੇ ਬਾਦਲਾਂ ਨੂੰ ਲੰਮੇ ਹੱਥੀਂ ਲਿਆ, ਉਥੇ ਬੇਅਦਬੀ ਮਾਮਲਿਆਂ ਸਬੰਧੀ ਕਾਰਵਾਈ ਨਾ ਕਰਨ ’ਤੇ ਪੰਜਾਬ ਕਾਂਗਰਸ ਨੂੰ ਖਮਿਆਜ਼ਾ ਭੁਗਤਣ ਦੀ ਗੱਲ ਵੀ ਕਹੀ ਹੈ। ਸਿੱਧੂ ਸੀ.ਆਰ.ਪੀ.ਸੀ. ਦੀ ਧਾਰਾ 154 ਦੇ ਹਵਾਲੇ ਨਾਲ਼ ਜਾਂਚ ਤੋਂ ਬਗ਼ੈਰ ਹੀ ਦੋਸ਼ੀਆਂ ਦੀ ਗਿ੍ਰਫਤਾਰੀ ਕਰ ਸਕਣ ਦਾ ਅਧਿਕਾਰ ਹੋਣ ਦਾ ਤਰਕ ਵੀ ਦੇ ਰਹੇ ਹਨ। ਸਿੱਧੂ ਇਹ ਵੀ ਆਖ ਰਹੇ ਨੇ ਕਿ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਧਿਆਨ ਰਹੇ ਕਿ ਜਿਸ ਤਰ੍ਹਾਂ ਨਾਲ ਸਿੱਧੂ ਨੇ ਕੈਪਟਨ ਅਮਰਿੰਦਰ ਖਿਲਾਫ ਝੰਡਾ ਚੁੱਕਿਆ ਹੈ, ਉਸ ਤੋਂ ਲੱਗਦਾ ਹੈ ਕਿ ਹੁਣ ਇਹਨਾਂ ਦੋਵਾਂ ਆਗੂਆਂ ’ਚ ਸੁਲ੍ਹਾ ਹੋਣੀ ਮੁਸ਼ਕਲ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਕੈਪਟਨ ਅਤੇ ਸਿੱਧੂ ਵਿਚਾਲੇ ਦੂਰੀ ਘਟਾਉਣ ਲਈ ਕੋਸ਼ਿਸ਼ ਕੀਤੀ, ਪਰ ਉਹ ਵੀ ਸਫਲ ਨਹੀਂ ਹੋਏ। ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿਦਰ ਅਤੇ ਸਿੱਧੂ ਵਿਚਾਲੇ ਕਈ ਮੀਟਿੰਗਾਂ ਵੀ ਹੋਈਆਂ, ਪਰ ਕੈਪਟਨ ਨੇ ਸਿੱਧੂ ਨੂੰ ਮੁੜ ਨੇੜੇ ਨਹੀਂ ਲਗਾਇਆ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …