15 ਅਗਸਤ ਤੱਕ ਮੰਗਾਂ ਨਾ ਮੰਨੇ ਜਾਣ ‘ਤੇ ਦੇਸ਼ ਵਿਆਪੀ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੱਦੇ ‘ਤੇ ਪੰਜਾਬ ਦੇ ਕਿਸਾਨ ਆਪਣੇ ਦੁੱਖਾਂ ਦੀਆਂ ਪੰਡਾਂ (ਚਿੱਠੀਆਂ) ਬੈਲ-ਗੱਡੀਆਂ ‘ਤੇ ਲੱਦ ਕੇ ਚੰਡੀਗੜ੍ਹ ਪੁੱਜੇ। ਉਨ੍ਹਾਂ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਪ੍ਰੋ. ਕਪਤਾਨ ਸਿੰਘ ਸੋਲੰਕੀ ਰਾਹੀਂ ਇਨ੍ਹਾਂ ਚਿੱਠੀਆਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਕੇ ਇਨਸਾਫ ਦੀ ਗੁਹਾਰ ਲਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਪੰਜਾਬ ਭਰ ਵਿੱਚੋਂ ਵਰ੍ਹਦੇ ਮੀਂਹ ਵਿੱਚ ਕਿਸਾਨ ਇੱਥੇ ਪੁੱਜੇ। ਯੂਨੀਅਨ ਡੇਢ ਲੱਖ ਕਿਸਾਨ ਪਰਿਵਾਰਾਂ ਵੱਲੋਂ ਆਪਣੀ ਹੋਣੀ ਸਬੰਧੀ ਲਿਖੇ ਪੱਤਰਾਂ ਨੂੰ ਕਿਤਾਬਚਿਆਂ ਦੇ ਰੂਪ ਵਿੱਚ ਦੋ ਬੈਲ-ਗੱਡੀਆਂ ਵਿੱਚ ਲੱਦ ਕੇ ਚੰਡੀਗੜ੍ਹ ਪੁੱਜੀ। ਜਦੋਂ ਕਿਸਾਨਾਂ ਦਾ ਕਾਫਲਾ ਸੈਕਟਰ-51 ਤੇ 61 ਨੂੰ ਵੰਡਦੀ ਸੜਕ ‘ਤੇ ਪੁੱਜਿਆ ਤਾਂ ਚੰਡੀਗੜ੍ਹ ਪੁਲਿਸ ਨੇ ਨਾਕੇ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਤੋਂ ਵੱਧ ਪੰਜਾਬੀਆਂ ਦੀ ਹੋਰ ਕੀ ਬਦਕਿਸਮਤੀ ਹੋ ਸਕਦੀ ਹੈ ਕਿ ਉਨ੍ਹਾਂ ਨੂੰ ਆਪਣੀ ਰਾਜਧਾਨੀ ਵਿੱਚ ਹੀ ਵੜਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਪੰਜਾਬ ਦੇ ਰਾਜਪਾਲ ਮੂਹਰੇ ਪੇਸ਼ ਹੋ ਕੇ ਆਪਣੇ ਦੁੱਖ ਬਿਆਨਣਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਵੜਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਜੇ ਇਹ ਧੱਕੇਸ਼ਾਹੀ ਜਾਰੀ ਰਹੀ ਤਾਂ ਉਹ ਚੰਡੀਗੜ੍ਹ ਵਿੱਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਬੰਦ ਕਰਕੇ ਮੋਰਚਾ ਲਾਉਣਗੇ। ਰਾਜੇਵਾਲ ਸਮੇਤ ਜਨਰਲ ਸਕੱਤਰ ਓਂਕਾਰ ਸਿੰਘ ਅਗੋਲ, ਸੀਨੀਅਰ ਮੀਤ ਪ੍ਰਧਾਨ ਨੇਕ ਸਿੰਘ ਖੋਖ ਅਤੇ ਖ਼ਜ਼ਾਨਚੀ ਗੁਲਜਾਰ ਸਿੰਘ ਘਨੌਰ ਨੇ ਐਲਾਨ ਕੀਤਾ ਕਿ ਜੇ 15 ਅਗਸਤ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਸਾਨ ਮੰਗਾਂ ਮੰਨਣ ਦੀ ਥਾਂ ਮਹਿਜ ਜੁਮਲਿਆਂ ਨਾਲ ਡੰਗ ਟਪਾਉਣ ਦੀ ਭੁੱਲ ਕੀਤੀ ਤਾਂ ਕਿਸਾਨ ਦੇਸ਼ਵਿਆਪੀ ਸੰਘਰਸ਼ ਛੇੜਨਗੇ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …