Breaking News
Home / ਕੈਨੇਡਾ / ਫੈੱਡਰਲ ਲਿਬਰਲ ਸਰਕਾਰ ਹਰ ਕਦਮ ‘ਤੇ ਕੈਨੇਡੀਅਨਾਂ ਦੇ ਨਾਲ ਖੜ੍ਹੀ ਹੈ : ਸੋਨੀਆ ਸਿੱਧੂ

ਫੈੱਡਰਲ ਲਿਬਰਲ ਸਰਕਾਰ ਹਰ ਕਦਮ ‘ਤੇ ਕੈਨੇਡੀਅਨਾਂ ਦੇ ਨਾਲ ਖੜ੍ਹੀ ਹੈ : ਸੋਨੀਆ ਸਿੱਧੂ

ਕੋਵਿਡ-19 ਵੈਕਸੀਨੇਸ਼ਨ ਟਰੈਕਰ ਰਾਹੀਂ ਟੀਕਾਕਰਣ ਕਵਰੇਜ ਸਬੰਧੀ ਜਾਣਕਾਰੀ ਕੀਤੀ ਜਾ ਰਹੀ ਹੈ ਸਾਂਝੀ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੋਵਿਡ-19 ਬਚਾਅ ਤੋਂ ਲੈ ਕੇ ਵਿੱਤੀ ਸਹਾਇਤਾ ਤੱਕ ਮਹਾਂਮਾਰੀ ਦੀ ਸ਼ੂਰੂਆਤ ਤੋਂ ਹੀ ਕੈਨੇਡੀਅਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਪਿਛਲੇ ਸਾਲ ਦੇ ਅੰਤ ਵਿਚ ਕੈਨੇਡਾ ‘ਚ ਕੋਵਿਡ-19 ਟੀਕਾਕਰਣ ਮੁਹਿੰਮ ਵੀ ਅਰੰਭੀ ਗਈ ਸੀ, ਜਿਸ ਤੋਂ ਬਾਅਦ ਹੁਣ ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਵੈਕਸੀਨੇਸ਼ਨ ਟਰੈਕਰ ਲਾਂਚ ਕੀਤਾ ਗਿਆ ਹੈ। ਇਸ ਨਾਲ ਦੇਸ਼ ਭਰ ਵਿਚ ਚੱਲ ਰਹੀ ਟੀਕਾਕਰਣ ਮੁਹਿੰਮ ਦੇ ਅੰਕੜਿਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਜਾਂ ਅਹਿਮ ਜਾਣਕਾਰੀਆਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਜਾਇਆ ਕਰੇਗਾ। ਸਰਕਾਰ ਦੇ ਅੰਕੜਿਆਂ ਮੁਤਾਬਕ, 1 ਜਨਵਰੀ ਤੱਕ, ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ 1,119,225 ਟੀਕੇ ਦੀਆਂ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ। ਦਸੰਬਰ ਵਿੱਚ ਹੈਲਥ ਕੈਨੇਡਾ ਦੁਆਰਾ ਪਹਿਲੀਆਂ ਦੋ ਕੋਵਿਡ-19 ਟੀਕੇ ਮਨਜ਼ੂਰ ਕੀਤੇ ਗਏ ਸਨ, ਜਿਸ ਤੋਂ ਬਾਅਦ ਸਰਕਾਰ ਵੱਲੋਂ ਕੈਨੇਡੀਅਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੱਖਿਆ ਲਈ ਇਨ੍ਹਾਂ ਨੂੰ ਜਿੰਨੀ ਜਲਦੀ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 21 ਜਨਵਰੀ ਤੱਕ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ 10 ਲੱਖ ਤੋਂ ਵੱਧ ਟੀਕੇ ਵੰਡੇ ਹਨ ਅਤੇ ਸਰਕਾਰ ਮੁਤਾਬਕ, ਕੈਨੇਡਾ ਮਾਰਚ ਦੇ ਅੰਤ ਤੱਕ 6 ਮਿਲੀਅਨ ਖੁਰਾਕਾਂ ਪ੍ਰਾਪਤ ਕਰ ਲਵੇਗਾ। ਕੈਨੇਡਾ ਵੱਲੋਂ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਪ੍ਰਤੀ ਵਿਅਕਤੀ ਖੁਰਾਕ ਦੀ ਸਭ ਤੋਂ ਵੱਧ ਸੰਖਿਆ ਪ੍ਰਾਪਤ ਕੀਤੀ ਗਈ ਹੈ ਅਤੇ ਕੋਵਿਡ -19 ਵੈਕਸੀਨ ਦਾ ਸਭ ਤੋਂ ਵਿਭਿੰਨ ਪੋਰਟਫੋਲੀਓ ਤੱਕ ਵੀ ਕੈਨੇਡਾ ਨੇ ਸਫ਼ਲਤਾਪੂਰਵਕ ਪਹੁੰਚ ਕੀਤੀ ਹੈ। ਫੈੱਡਰਲ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਤੰਬਰ 2021 ਤੱਕ ਸਾਰੇ ਕੈਨੇਡੀਅਨਾਂ ਤੱਕ ਮੁਫਤ ਅਤੇ ਸੁਰੱਖਿਅਤ ਕੋਵਿਡ-19 ਵੈਕਸੀਨ ਦੀ ਆਸਾਨੀ ਨਾਲ ਪਹੁੰਚ ਕਰਨ ਦਾ ਟੀਚਾ ਪੂਰਾ ਕੀਤਾ ਜਾ ਸਕੇ।
ਇਸ ਬਾਰੇ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਕੋਵਿਡ-19 ਤੋਂ ਸੁਰੱਖਿਅਤ ਕਰਨ ਲਈ ਟੀਕਾਕਰਣ ਦੀ ਮੁਹਿੰਮ ਚੱਲ ਰਹੀ ਹੈ ਅਤੇ ਇਸ ਸਬੰਧੀ ਸਾਰੇ ਅਹਿਮ ਅਤੇ ਲੋੜੀਂਦੇ ਕਦਮ ਸਰਕਾਰ ਵੱਲੋਂ ਚੁੱਕੇ ਜਾ ਰਹੇ ਹਨ। ਉਹਨਾਂ ਨੇ ਭਰੋਸਾ ਦਵਾਇਆ ਕਿ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਕੈਨੇਡੀਅਨਾਂ ਨੂੰ ਇਸ ਸੰਕਟ ਵਿਚੋਂ ਲੰਘਣ ਅਤੇ ਇਸ ਨੂੰ ਨਜਿੱਠਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਵਾਂਗ ਵਚਨਬੱਧ ਹੈ। ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਿਹਤ ਮਾਹਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ ਦੀ ਅਪੀਲ ਵੀ ਕੀਤੀ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …