-3.7 C
Toronto
Thursday, January 22, 2026
spot_img
Homeਪੰਜਾਬਠੰਢ ਵੀ ਮੱਠਾ ਨਾ ਕਰ ਸਕੀ ਕਿਸਾਨਾਂ ਦਾ ਉਤਸ਼ਾਹ

ਠੰਢ ਵੀ ਮੱਠਾ ਨਾ ਕਰ ਸਕੀ ਕਿਸਾਨਾਂ ਦਾ ਉਤਸ਼ਾਹ

ਪਿੰਡਾਂ ਵਿਚੋਂ ਆਪ ਮੁਹਾਰੇ ਮੋਰਚੇ ‘ਚ ਸ਼ਾਮਲ ਹੋਣ ਲਈ ਜਾ ਰਹੇ ਨੇ ਸਮੂਹ ਵਰਗਾਂ ਦੇ ਕਾਫਲੇ
ਜਲੰਧਰ/ਬਿਊਰੋ ਨਿਊਜ਼ : ਦਿੱਲੀ ਦੀਆਂ ਸਿੰਘੂ ਤੇ ਟਿੱਕਰੀ ਹੱਦਾਂ ‘ਤੇ ਤਿੰਨ ਹਫਤਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਪੰਜਾਬ ਵਾਸੀਆਂ ਦਾ ਜੋਸ਼ ਮੱਠਾ ਨਹੀਂ ਪੈ ਰਿਹਾ। ਕਿਸਾਨ ਜਥੇਬੰਦੀਆਂ ਦਾ ਇਸ ਗੱਲੋਂ ਫਿਕਰ ਮੁੱਕ ਗਿਆ ਹੈ ਕਿ ਮੋਰਚੇ ਵਿਚ ਲੋਕਾਂ ਦੀ ਸ਼ਮੂਲੀਅਤ ਕਿਵੇਂ ਕਰਾਉਣੀ ਹੈ। ਦਿੱਲੀ ਨਾਲ ਸਿੱਧੀ ਟੱਕਰ ਹੋਣ ਕਾਰਨ ਪੰਜਾਬ ਦਾ ਕੋਈ ਅਜਿਹਾ ਪਿੰਡ ਨਹੀਂ ਬਚਿਆ ਜਿਥੋਂ ਲੋਕ ਆਪ-ਮੁਹਾਰੇ ਮੋਰਚਿਆਂ ਵਿਚ ਨਾ ਪੁੱਜੇ ਹੋਣ। ਠੰਢ ਵਧਣ ਦੇ ਬਾਵਜੂਦ ਵੀ ਲੋਕਾਂ ਦਾ ਜੋਸ਼ ਮੱਠਾ ਨਹੀਂ ਪਿਆ ਤੇ ਆਏ ਦਿਨ ਵੱਡੀ ਗਿਣਤੀ ਲੋਕ ਵਹੀਰਾਂ ਘੱਤ ਕੇ ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਜਾ ਰਹੇ ਹਨ।
ਪੰਜਾਬ ਵਿਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਦਿੱਤੇ ਗਏ ਰੋਸ ਧਰਨਿਆਂ ਵਿਚ ਗਿਣਤੀ ਵਧਣ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਦਿੱਲੀ ਨਹੀਂ ਜਾ ਸਕੇ, ਉਨ੍ਹਾਂ ਨੇ ਆਪਣਾ ਫਰਜ਼ ਸਮਝ ਕੇ ਰੋਸ ਧਰਨਿਆਂ ਵਿਚ ਆਪਣੀ ਸ਼ਮੂਲੀਅਤ ਕੀਤੀ ਹੈ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਉਹ ਲੋਕ ਵੀ ਆ ਕੇ ਉਨ੍ਹਾਂ ਨੂੰ ਦਿੱਲੀ ਜਾਣ ਬਾਰੇ ਪੁੱਛ ਰਹੇ ਹਨ ਜਿਨ੍ਹਾਂ ਦਾ ਖੇਤੀਬਾੜੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਿੱਲੀ ਜਾਣ ਲਈ ਦੋ ਬੱਸਾਂ ਕਿਰਾਏ ‘ਤੇ ਕੀਤੀਆਂ ਹਨ ਕਿਉਂਕਿ ਦਿੱਲੀ ਜਾਣ ਵਾਲੇ ਜਥੇ ਵਿਚ ਬੀਬੀਆਂ ਅਤੇ ਬੱਚੇ ਸ਼ਾਮਲ ਹਨ। ਜ਼ਿਆਦਾਤਰ ਕਿਸਾਨ ਟਰਾਲੀਆਂ ਵਿਚ ਜਾਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਤੇ ਵੀ ਰੋਸ ਪ੍ਰਦਰਸ਼ਨ ਕਰਨਾ ਹੁੰਦਾ ਸੀ ਤਾਂ ਲੋਕਾਂ ਨੂੰ ਕਈ-ਕਈ ਵਾਰ ਸੁਨੇਹੇ ਦੇਣੇ ਪੈਂਦੇ ਸਨ, ਹੁਣ ਉਲਟਾ ਲੋਕ ਆ ਕੇ ਪੁੱਛਦੇ ਹਨ ਕਿ ਦਿੱਲੀ ਕਦੋਂ ਜਾਣਾ ਹੈ। ਉਨ੍ਹਾਂ ਦੱਸਿਆ ਕਿ ਘੋਰੜਾ, ਹੇਲੜ, ਸਨੀਆ ਆਦਿ ਪਿੰਡਾਂ ਵਿਚੋਂ ਲੋਕ ਦਿੱਲੀ ਜਾਣ ਲਈ ਤਿਆਰ ਬੈਠੇ ਹਨ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਦਿੱਲੀ ਸੰਘਰਸ਼ ਲਈ ਲੋਕ ਆਪ-ਮੁਹਾਰੇ ਹੀ ਆ ਰਹੇ ਹਨ। ਤਲਵੰਡੀ ਮਾਧੋ ਤੋਂ ਨੌਜਵਾਨ ਕਿਸਾਨ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਦੋਨਾ ਇਲਾਕੇ ਦੇ ਇਕ ਦਰਜਨ ਪਿੰਡਾਂ ਵਿਚੋਂ ਲੋਕ ਤਿੰਨ-ਤਿੰਨ, ਚਾਰ-ਚਾਰ ਵਾਰ ਦਿੱਲੀ ਜਾ ਆਏ ਹਨ। ਉਥੇ ਰਹਿਣ ਲਈ ਪ੍ਰਬੰਧ ਹੋਣ ਕਾਰਨ ਵੱਡੀ ਸਮੱਸਿਆ ਨਹੀਂ ਆ ਰਹੀ ਜਿਸ ਕਰਕੇ ਲੋਕਾਂ ਦੇ ਦਿੱਲੀ ਜਾਣ ਵਿਚ ਤੇਜ਼ੀ ਆਈ ਹੈ।

RELATED ARTICLES
POPULAR POSTS