ਜਲੰਧਰ/ਬਿਊਰੋ ਨਿਊਜ਼ : ਕਾਂਗਰਸ ਵਿੱਚ ਕੌਮੀ ਪੱਧਰ ‘ਤੇ ਪਾਰਟੀ ਲੀਡਰਸ਼ਿਪ ਨੂੰ ਇੱਕ ਪੱਤਰ ਰਾਹੀਂ ਜਿਹੜੀ ਚੁਣੌਤੀ ਦਿੱਤੀ ਗਈ ਹੈ, ਉਸ ਵਿੱਚ ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਵੀ ਦਸਤਖ਼ਤ ਹਨ। ਬੀਬੀ ਰਜਿੰਦਰ ਕੌਰ ਭੱਠਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਾਂਧੀ ਪਰਿਵਾਰ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਗਈ ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੁਝਾਅ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਚਿੱਠੀ ਗਾਂਧੀ ਪਰਿਵਾਰ ਨੂੰ ਕੋਈ ਚੁਣੌਤੀ ਨਹੀਂ ਹੈ। ਬੀਬੀ ਭੱਠਲ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਤੋਂ ਪਾਸੇ ਨਹੀਂ ਹਨ, ਸਗੋਂ ਸੋਨੀਆ ਗਾਂਧੀ ਨੇ ਤਾਂ ਬਿਮਾਰ ਹੋਣ ਦੇ ਬਾਵਜੂਦ ਬਹੁਤ ਵਧੀਆ ਕੰਮ ਕੀਤਾ ਹੈ ਪਰ ਇਸ ਸਮੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈ ਕਮਾਂਡ ਵਿਰੁੱਧ ਪੱਤਰ ਲਿਖਣ ਵਾਲਿਆਂ ਨੂੰ ਦਿੱਤੇ ਤਿੱਖੇ ਜਵਾਬ ਬਾਰੇ ਪੁੱਛੇ ਜਾਣ ‘ਤੇ ਬੀਬੀ ਭੱਠਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਬੀਬੀ ਭੱਠਲ ਨੇ ਕਿਹਾ ਕਿ ਉਨ੍ਹਾਂ ਕੋਈ ਮੰਗ ਨਹੀਂ ਕੀਤੀ ਮਹਿਜ਼ ਕੁਝ ਸੁਝਾਅ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦਾ ਮਾਮਲਾ ਹੈ ਇਸ ਲਈ ਇਸ ਨੂੰ ਪਾਰਟੀ ਦੇ ਅੰਦਰ ਹੀ ਵਿਚਾਰਿਆ ਜਾਣਾ ਹੈ।
ਗਾਂਧੀ ਪਰਿਵਾਰ ਦੇ ਬਚਾਅ ‘ਚ ਨਿੱਤਰੇ ਕੈਪਟਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਪਾਰਟੀ ਦੇ ਹੀ ਕੁਝ ਆਗੂਆਂ ਵੱਲੋਂ ਚਲਾਈ ਮੁਹਿੰਮ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਹੈ ਕਿ ਇਹ ਵੇਲਾ ਅਜਿਹੇ ਮਾਮਲੇ ਚੁੱਕਣ ਦਾ ਨਹੀਂ ਸਗੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਸਖਤ ਵਿਰੋਧ ਕਰਨ ਦਾ ਹੈ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦੀ ਆਤਮਾ ਤੇ ਜਮਹੂਰੀ ਸਿਧਾਂਤਾਂ ਦਾ ਘਾਣ ਕੀਤਾ ਹੈ। ਕੈਪਟਨ ਨੇ ਕਿਹਾ ਕਿ ਐੱਨਡੀਏ ਦੀ ਸਫਲਤਾ ਪਿੱਛੇ ਮੁੱਖ ਕਾਰਨ ਮਜ਼ਬੂਤ ਤੇ ਇਕਜੁੱਟ ਵਿਰੋਧੀ ਧਿਰ ਦੀ ਕਮੀ ਹੈ ਅਤੇ ਕਾਂਗਰਸ ਦੇ ਇਨ੍ਹਾਂ ਆਗੂਆਂ ਵੱਲੋਂ ਇਸ ਨਾਜ਼ੁਕ ਮੋੜ ‘ਤੇ ਪਾਰਟੀ ਵਿਚ ਬਦਲਾਅ ਦੀ ਮੰਗ ਪਾਰਟੀ ਅਤੇ ਦੇਸ਼ ਦੇ ਹਿੱਤਾਂ ਲਈ ਨੁਕਸਾਨਦਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਸਿਰਫ਼ ਸਰਹੱਦ ਦੇ ਸਾਰੇ ਪਾਸਿਆਂ ਤੋਂ ਬਾਹਰੀ ਖਤਰਿਆਂ ਦਾ ਹੀ ਸਾਹਮਣਾ ਨਹੀਂ ਕਰ ਰਿਹਾ ਸਗੋਂ ਇਸ ਦੇ ਸੰਘੀ ਢਾਂਚੇ ਨੂੰ ਵੀ ਅੰਦਰੂਨੀ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ ਇਕਜੁੱਟ ਕਾਂਗਰਸ ਹੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਬਚਾ ਸਕਦੀ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …