ਦੋ ਧਿਰਾਂ ਵਿਚਾਲੇ ਪੱਥਰਬਾਜ਼ੀ ਦੌਰਾਨ ਹੈਡ ਕਾਂਸਟੇਬਲ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਅੱਜ ਦੂਜੇ ਦਿਨ ਵੀ ਦੋ ਧੜਿਆਂ ਵਿਚਕਾਰ ਹਿੰਸਕ ਝੜਪਾਂ ਹੋਈਆਂ। ਉਤਰਪੂਰਬੀ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਨੇ ਕਈ ਸਥਾਨਾਂ ‘ਤੇ ਪਥਰਾਅ ਕੀਤਾ ਅਤੇ ਵਾਹਨਾਂ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਇਸ ਦੌਰਾਨ ਪਥਰਾਅ ਵਿਚ ਜ਼ਖ਼ਮੀ ਹੋਏ ਗੋਲਕਪੁਰੀ ਥਾਣੇ ਦੇ ਹੈਡ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ। ਪੁਲਿਸ ਨੇ ਮੌਜਪੁਰ, ਕਦਮਪੁਰੀ ਅਤੇ ਚਾਂਦ ਬਾਗ ਸਮੇਤ 10 ਇਲਾਕਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਫਰਾਬਾਦ ਅਤੇ ਮੌਜਪੁਰ ਸਮੇਤ ਨੇੜਲੇ ਇਲਾਕਿਆਂ ਵਿਚ ਸੀ.ਏ.ਏ. ਦੇ ਸਮਰਥਕ ਤੇ ਵਿਰੋਧੀ ਆਹਮਣੇ ਸਾਹਮਣੇ ਹੋ ਗਏ ਸਨ ਅਤੇ ਦੋਵਾਂ ਧਿਰਾਂ ਵਿਚਾਲੇ ਪਥਰਾਅ ਹੋਇਆ ਅਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਵੀ ਲਗਾ ਦਿੱਤੀ।

