ਚੰਡੀਗੜ੍ਹ : ਲੰਘੇ ਹਫਤੇ ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਗਿਆ। ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਇਸ ਚੱਲਦੇ ਸੰਸਾਰ ਵਿਚੋਂ ਆਪਣੀ ਜ਼ਿੰਦਗੀ ਦੀ ਵਾਟ ਮੁਕਾ ਗਏ। ਡਾ. ਜਸਵੰਤ ਸਿੰਘ ਕੰਵਲ ਦੀ ਉਮਰ 100 ਸਾਲ ਤੋਂ ਟੱਪ ਚੁੱਕੀ ਸੀ ਅਤੇ ਡਾ. ਟਿਵਾਣਾ ਦੀ ਉਮਰ 85 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ਦੋਵਾਂ ਸਾਹਿਤਕਾਰਾਂ ਦੇ ਜਾਣ ਨਾਲ ਸਾਹਿਤ ਜਗਤ ਵਿਚ ਬਹੁਤ ਜ਼ਿਆਦਾ ਰੋਸ ਪਾਇਆ ਗਿਆ। ਪੰਜਾਬ, ਚੰਡੀਗੜ੍ਹ ਤੇ ਵਿਦੇਸ਼ਾਂ ਦੀਆਂ ਸਾਰੀਆਂ ਸਾਹਿਤਕ ਸੰਸਥਾਵਾਂ ਨੇ ਇਨ੍ਹਾਂ ਦੋਵਾਂ ਸਾਹਿਤਕਾਰਾਂ ਦੇ ਇਸ ਫਾਨੀ ਸੰਸਾਰ ਵਿਚੋਂ ਜਾਣ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ, ਸੁਨੀਲ ਜਾਖੜ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਬਹੁਤ ਸਾਰੀਆਂ ਸਿਆਸੀ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਹਸਤੀਆਂ ਨੇ ਡਾ. ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਦੇ ਤੁਰ ਜਾਣ ‘ਤੇ ਸ਼ੋਕ ਪ੍ਰਗਟ ਕੀਤਾ। ਜ਼ਿਕਰਯੋਗ ਕਿ ਕੁਝ ਦਿਨ ਪਹਿਲਾਂ ਹੀ ਊੱਘੇ ਸਾਹਿਤਕਾਰ ਡਾ. ਸੁਰਜੀਤ ਸਿੰਘ ਹਾਂਸ ਵੀ ਇਸ ਦੁਨੀਆ ਤੋਂ ਕੂਚ ਕਰ ਗਏ ਸਨ।
ਧੁਰ ਦਰਗਾਹ ਤੁਰ ਗਏ ਜਸਵੰਤ ਸਿੰਘ ਕੰਵਲ
ਅਜੀਤਵਾਲ : ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਦਾ ਲੰਘੇ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਸਕਾਰ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਵਿਧਾਇਕ ਸੰਜੀਵ ਤਲਵਾੜ, ਸਾਬਕਾ ਮੰਤਰੀ ਮਾਲਤੀ ਥਾਪਰ, ਮੋਗਾ ਦੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ, ਐੱਸਐੱਸਪੀ ਅਮਰਜੀਤ ਸਿੰਘ ਬਾਜਵਾ ਵੀ ਪਹੁੰਚੇ। ਕੰਵਲ ਹੋਰਾਂ ਦੇ ਪਰਿਵਾਰ ਵਿੱਚ ਪੁੱਤਰ ਸਰਬਜੀਤ ਸਿੰਘ, ਬੇਟੀ ਅਮਰਜੀਤ ਕੌਰ, ਚਰਨਜੀਤ ਕੌਰ, ਕੰਵਲਜੀਤ ਕੌਰ ਅਤੇ ਰੁਪਇੰਦਰਜੀਤ ਕੌਰ ਤੋਂ ਇਲਾਵਾ ਦੋਹਤਾ ਸੁਮੇਲ ਸਿੱਧੂ ਅਤੇ ਭਤੀਜਾ ਰਣਜੀਤ ਸਿੰਘ ਧੰਨਾ ਸ਼ਾਮਲ ਹਨ। ਜਸਵੰਤ ਸਿੰਘ ਕੰਵਲ ਦੇ ਨਾਵਲ ‘ਇੱਕ ਹੋਰ ਹੈਲਨ’ ਦੀ ਨਾਇਕਾ ਜੋ ਯੂਨਾਨੀ ਹੈ ਅਤੇ ਜਰਮਨੀ ਵਿੱਚ ਕੰਮ ਕਰਦੀ ਹੈ, ਨੇ ਵੀ ਢੁੱਡੀਕੇ ਪਹੁੰਚ ਕੇ ਮ੍ਰਿਤਕ ਦੇਹ ‘ਤੇ ਹਰੇ ਪੱਤੇ ਤੇ ਚਮੇਲੀ ਦੀ ਕਲੀ ਰੱਖ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ। ਜਸਵੰਤ ਕੰਵਲ ਦਾ ਜਨਮ 27 ਜੂਨ 1919 ਨੂੰ ਹੋਇਆ। ਜਸਵੰਤ ਸਿੰਘ ਨੇ ਆਪਣੀ ਜ਼ਿੰਦਗੀ ਦੇ 80 ਸਾਲ ਸਾਹਿਤ ਦੇ ਲੇਖੇ ਲਗਾਏ। ਪਾਸ਼ ਨੇ ਜਸਵੰਤ ਕੰਵਲ ਨੂੰ ਪੰਜਾਬ ਦਾ ਟਾਲਸਟਾਏ ਕਿਹਾ ਸੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਨੇ ਕਿਹਾ ਉਨ੍ਹਾਂ ਦੇ ਪਿਤਾ ਜੀ ਨੇ 100 ਸਾਲ ਸੱਤ ਮਹੀਨੇ ਦੀ ਉਮਰ ਭੋਗੀ ਹੈ। ਉਨ੍ਹਾਂ 102 ਦੇ ਕਰੀਬ ਕਿਤਾਬਾਂ ਅਤੇ ਨਾਵਲ ਲਿਖੇ। ਉਨ੍ਹਾਂ ਸਾਂਝੇ ਪੰਜਾਬ ਮੌਕੇ 1940 ਤੋਂ ਹੁਣ ਤੱਕ ਨਾਵਲ ‘ਸੱਚ ਨੂੰ ਫਾਂਸੀ’, ‘ਪੂਰਨਮਾਸ਼ੀ’, ‘ਪਾਲੀ’, ‘ਰਾਤ ਬਾਕੀ ਹੈ’, ‘ਮਿੱਤਰ ਪਿਆਰੇ ਨੂੰ’, ‘ਹਾਣੀ’, ‘ਬਰਫ਼ ਦੀ ਅੱਗ’, ‘ਲਹੂ ਦੀ ਲੋਹ’, ‘ਜ਼ਿੰਦਗੀ ਦੂਰ ਨਹੀਂ’ ਸਮੇਤ ਹੋਰ ਵੀ ਚਰਚਿਤ ਰਚਨਾਵਾਂ ਰਚੀਆਂ।
ਡਾ. ਦਲੀਪ ਕੌਰ ਟਿਵਾਣਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
ਪਟਿਆਲਾ : ਉੱਘੀ ਪੰਜਾਬੀ ਲੇਖਿਕਾ ਤੇ ਸ਼੍ਰੋਮਣੀ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਦਾ ਵੀ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਧਾਰਮਿਕ ਰਹੁ-ਰੀਤਾਂ ਨਾਲ ਕੀਤਾ ਗਿਆ। ਡਾ. ਦਲੀਪ ਕੌਰ ਟਿਵਾਣਾ ਦੇ ਅੰਤਿਮ ਸੰਸਕਾਰ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਡਾ. ਦਲੀਪ ਕੌਰ ਟਿਵਾਣਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਸਡੀਐਮ ਚਰਨਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ, ਸੰਗੀਤਾ ਸ਼ਰਮਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਡਾ. ਰਤਨ ਸਿੰਘ ਜੱਗੀ, ਸੁਰਜੀਤ ਪਾਤਰ, ਐਸ.ਪੀ. ਸਿੰਘ, ਡਾ. ਬਲਕਾਰ ਸਿੰਘ, ਬੀ.ਐਸ. ਰਤਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਅਤੇ ਮਨਪਾਲ ਟਿਵਾਣਾ ਨੇ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਡਾ. ਟਿਵਾਣਾ ਨੇ 42 ਨਾਵਲ, 5 ਕਹਾਣੀ ਸੰਗ੍ਰਹਿ, 4 ਸਵੈਜੀਵਨੀ ਪੁਸਤਕਾਂ, ਰੇਖਾ ਚਿੱਤਰਾਂ ਦੇ ਸੰਗ੍ਰਹਿ ਤੇ ਹੋਰ ਲਿਖਤਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ।
ਪੰਜਾਬੀ ਦੀ ਪੀਐੱਚਡੀ ਕਰਨ ਵਾਲੀ ਪਹਿਲੀ ਮਹਿਲਾ ਸੀ ਟਿਵਾਣਾ
ਡਾ. ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਿੰਡ ਉੱਚੀ ਰੱਬੋਂ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਚੰਦ ਕੌਰ ਅਤੇ ਪਿਤਾ ਕਾਕਾ ਸਿੰਘ ਦੇ ਘਰ ਹੋਇਆ ਸੀ। ਡਾ. ਟਿਵਾਣਾ ਨੇ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਉਨ੍ਹਾਂ ਨੇ ਐੱਮਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐੱਚਡੀ ਕਰਨ ਵਾਲੀ ਉਹ ਪਹਿਲੀ ਔਰਤ ਸੀ। ਉਹ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਰਹੇ। ਉਨ੍ਹਾਂ ਨੇ ਇੱਥੇ ਹੀ ਵਿਭਾਗੀ ਮੁਖੀ ਅਤੇ ਬਾਅਦ ਵਿੱਚ ਡੀਨ ਵਜੋਂ ਲੰਮਾ ਅਰਸਾ ਸੇਵਾਵਾਂ ਨਿਭਾਈਆਂ। ਉਹ ਉਮਰ ਭਰ ਲਈ ਯੂਨੀਵਰਸਿਟੀ ਦੇ ਨਾਮਜ਼ਦ ਸੈਨੇਟਰ ਵੀ ਸਨ।
Check Also
ਸੁਖਪਾਲ ਸਿੰਘ ਖਹਿਰਾ ਨੇ ਡਿਪੋਰਟ ਹੋਏ ਪੰਜਾਬੀਆਂ ਨਾਲ ਪ੍ਰਗਟਾਈ ਹਮਦਰਦੀ
ਭਾਰਤੀ ਨਾਗਰਿਕਾਂ ਨਾਲ ਕੈਦੀਆਂ ਵਰਗਾ ਵਿਵਹਾਰ ਕੀਤਾ ਗਿਆ : ਖਹਿਰਾ ਦਾ ਆਰੋਪ ਕਪੂਰਥਲਾ/ਬਿਊਰੋ ਨਿਊਜ਼ ਕਾਂਗਰਸੀ …