ਕੈਪਟਨ ਅਮਰਿੰਦਰ ਨੇ ਕਿਹਾ – ਪੰਜਾਬ ‘ਚ ਨਹੀਂ ਲਾਗੂ ਹੋਣ ਦਿਆਂਗੇ ਨਾਗਕਿਰਤਾ ਕਾਨੂੰਨ
ਲੁਧਿਆਣਾ/ਬਿਊਰੋ ਨਿਊਜ਼
ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਪੰਜਾਬ ਕਾਂਗਰਸ ਨੇ ਲੁਧਿਆਣਾ ਵਿਚ ‘ਸੰਵਿਧਾਨ ਬਚਾਓ ਦੇਸ਼ ਬਚਾਓ’ ਪੈਦਲ ਮਾਰਚ ਕੱਢਿਆ। ਇਸ ਮਾਰਚ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਆਸ਼ਾ ਕੁਮਾਰੀ, ਪਰਨੀਤ ਕੌਰ, ਮਨਪ੍ਰੀਤ ਬਾਦਲ ਤੇ ਹੋਰ ਕਈ ਕਾਂਗਰਸੀ ਆਗੂ ਸ਼ਾਮਲ ਹੋਏ। ਮਾਰਚ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਨਾਲ ਛੇੜ-ਛਾੜ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੰਵਿਧਾਨ ਦੀ ਬੁਨਿਆਦ ਨੂੰ ਹਿਲਾਉਣਾ ਚਾਹੁੰਦੀ ਹੈ, ਜੋ ਕਿ ਬਰਦਾਸ਼ਤ ਯੋਗ ਨਹੀਂ ਹੈ। ਕੈਪਟਨ ਨੇ ਕਿਹਾ ਕਿ ਯੂ. ਐੱਨ. ਓ. ਨੇ ਵੀ ਨਾਗਰਿਕਤਾ ਸੋਧ ਨੂੰ ਗ਼ਲਤ ਕਿਹਾ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਪੰਜਾਬ ‘ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਅਸਾਮ ਅਤੇ ਪੱਛਮੀ ਬੰਗਾਲ ਵਰਗੇ ਸੂਬੇ ਵੀ ਨਾਗਰਿਕਤਾ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਕਰ ਚੁੱਕੇ ਹਨ।