ਕੈਪਟਨ ਅਮਰਿੰਦਰ ਨੇ ਕਾਰਗਿਲ ਜੰਗ ਦੇ ਨਾਇਕ ਸਤਪਾਲ ਨੂੰ ਬਣਾਇਆ ਏ.ਐਸ.ਆਈ.
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਗ ਜਾਂ ਸ਼ਾਂਤੀ ਦੇ ਸਮੇਂ ਬਹਾਦਰੀ ਪੁਰਸਕਾਰ ਜਿੱਤਣ ਵਾਲੇ ਪੰਜਾਬ ਦੇ ਫੌਜ ਜਾਂ ਪੁਲਿਸ ਦੇ ਜਵਾਨਾਂ ਅਤੇ ਅਫ਼ਸਰਾਂ ਲਈ ਇਕ-ਰੈਂਕ ਤਰੱਕੀ ਨੀਤੀ ਬਾਰੇ ਵਿਚਾਰ ਕਰ ਰਹੀ ਹੈ। ਕੈਪਟਨ ਨੇ ਅੱਜ ਕਾਰਗਿਲ ਜੰਗ ਦੇ ਨਾਇਕ ਸਤਪਾਲ ਸਿੰਘ ਦੇ ਮੋਢਿਆਂ’ਤੇ ਸਹਾਇਕ ਸਬ ਇੰਸਪੈਕਟਰ ਵਜੋਂ ਤਰੱਕੀ ਦੇ ਸਟਾਰ ਲਗਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਅਧਿਕਾਰੀ ਜਾਂ ਜਵਾਨ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦਾ ਹੈ ਤਾਂ ਉਸ ਦੀਆਂ ਸੇਵਾਵਾਂ ਅਤੇ ਬਹਾਦਰੀ ਨੂੰ ਪੂਰੀ ਮਾਨਤਾ ਦਿੱਤੀ ਜਾਵੇਗੀ। ਧਿਆਨ ਰਹੇ ਕਿ ਸਤਪਾਲ ਫੌਜ ਵਿਚੋਂ ਪੈਨਸ਼ਨ ਆ ਕੇ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ ਸੀ। ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੈਪਟਨ ਨੇ ਆਪਣੀ ਕਿਤਾਬ ਵਿਚ ਵੀ ਸਤਪਾਲ ਸਿੰਘ ਦਾ ਜ਼ਿਕਰ ਕੀਤਾ ਹੈ।

