ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਬਹਿਬਲ ਕਲਾਂ ਤੇ ਬਰਗਾੜੀ ਚੋਣ ਮੁੱਦੇ ਨਹੀਂ ਹੋਣਗੇ। ਪਾਰਟੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਉਹ ਇੱਥੇ ਜਲੰਧਰ ਛਾਉਣੀ ਹਲਕੇ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਏ ਹੋਏ ਸਨ। ਪੱਤਰਕਾਰਾਂ ਵੱਲੋਂ ਜਦੋਂ ਸਵਾਲ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੌਰਾਨ ਵਾਪਰੀਆਂ ਘਟਨਾਵਾਂ ਬਰਗਾੜੀ ਤੇ ਬਹਿਬਲ ਕਲਾਂ ਵੀ ਚੋਣ ਮੁੱਦਿਆਂ ਵਿਚ ਸ਼ਾਮਲ ਹੋਣਗੀਆਂ ਤਾਂ ਉਨ੍ਹਾਂ ਨੇ ਇਸ ਤੋਂ ਸਾਫ਼ ਨਾਂਹ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਇਸ ਮੁੱਦੇ ਨੂੰ ਉਭਾਰ ਰਹੇ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਡੇਰਾ ਸਿਰਸਾ ਦੀ ਰਾਜਨੀਤਕ ਹਮਾਇਤ ਨਾ ਲੈਣ ਦੇ ਕੀਤੇ ਐਲਾਨ ਬਾਰੇ ਪੁੱਛੇ ਸਵਾਲ ਕਿ ਕੀ ਸ਼੍ਰੋਮਣੀ ਅਕਾਲੀ ਦਲ ਡੇਰੇ ਦੀ ਹਮਾਇਤ ਚੋਣਾਂ ਵਿਚ ਲਵੇਗਾ ਜਾਂ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਨੇ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਥਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਹੁਕਮਨਾਮਾ ਇਸ ਸਬੰਧੀ ਆਇਆ ਹੈ ਉਸ ‘ਤੇ ਪਹਿਰਾ ਦਿੱਤਾ ਜਾਵੇਗਾ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …