ਕਿਹਾ : ਇਕ ਮਹਿਲਾ ਕਾਂਗਰਸ ਆਗੂ ਦੇ ਦਬਾਅ ਹੇਠ ਜਾਰੀ ਹੋਇਆ ਸੀ ਨੋਟਿਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਹਾਈਕਮਾਨ ਦੇ ਅੱਗੇ ਨਹੀਂ ਝੁਕਣਗੇ। ਦੱਸਣਾ ਬਣਦਾ ਹੈ ਕਿ ਕਾਂਗਰਸ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਜਾਖੜ ਨੇ ਇਸ ਨੋਟਿਸ ਦਾ ਅਜੇ ਤੱਕ ਜਵਾਬ ਨਹੀਂ ਦਿੱਤਾ। ਜਾਖੜ ਨੇ ਹੁਣ ਇਸ ਸਬੰਧ ਵਿਚ ਸ਼ੋਸ਼ਲ ਮੀਡੀਆ ’ਤੇ ਇਕ ਖਬਰ ਸ਼ੇਅਰ ਕੀਤੀ ਹੈ, ਜਿਸ ਵਿਚ ਜਾਖੜ ਦੇ ਹਵਾਲੇ ਨਾਲ ਪੂਰੀ ਗੱਲ ਨੂੰ ਜ਼ਾਹਰ ਕੀਤਾ ਗਿਆ ਹੈ। ਇਸ ਵਿਚ ਸਪੱਸ਼ਟ ਹੈ ਕਿ ਇਕ ਮਹਿਲਾ ਕਾਂਗਰਸ ਆਗੂ ਦੇ ਦਬਾਅ ਵਿਚ ਜਾਖੜ ਨੂੰ ਨੋਟਿਸ ਭੇਜਿਆ ਗਿਆ। ਇਸ ਲਈ ਅੰਬਿਕਾ ਸੋਨੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ’ਤੇ ਆਰੋਪ ਲੱਗੇ ਸਨ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਹਾਲਾਂਕਿ ਜਾਖੜ ਇਸ ਗੱਲ ਤੋਂ ਨਰਾਜ਼ ਹਨ ਕਿ ਹਾਈਕਮਾਨ ਨੂੰ ਪਹਿਲਾਂ ਗੱਲ ਕਰਨੀ ਚਾਹੀਦੀ ਸੀ, ਪਰ ਉਨ੍ਹਾਂ ਸਿੱਧੇ ਹੀ ਨੋਟਿਸ ਜਾਰੀ ਕਰ ਦਿੱਤਾ। ਜਾਖੜ ਦਾ ਤਰਕ ਹੈ ਕਿ ਉਹ ਚੰਗੇ-ਮਾੜੇ ਸਮੇਂ ਵਿਚ ਵੀ ਕਾਂਗਰਸ ਪਾਰਟੀ ਦੇ ਨਾਲ ਰਹੇ ਹਨ ਅਤੇ ਪਾਰਟੀ ਨੇ ਉਨ੍ਹਾਂ ਆਗੂਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਨ੍ਹਾਂ ਨੇ ਚੋਣਾਂ ਵਿਚ ਪਾਰਟੀ ਨੂੰ ਨੁਕਸਾਨ ਪਹੁੰਚਾਇਆ।