ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਗ੍ਰਿਫਤਾਰ
ਹੁਸ਼ਿਆਰਪੁਰ/ਬਿਊਰੋ ਨਿਊਜ਼ਯ ਮੋਗਾ ਦੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਨੇ ਐਤਵਾਰ ਨੂੰ ਉਸ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। 24 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਦੋਸ਼ੀ ਠਹਿਰਾਏ ਗਏ ਚਰਨਜੀਤ ਸ਼ਰਮਾ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਨਾਮਜ਼ਦ ਪੁਲਿਸ ਅਧਿਕਾਰੀਆਂ ਨੂੰ ਐੱਸ.ਆਈ.ਟੀ ਨੇ 29 ਜਨਵਰੀ ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਕਮਿਸ਼ਨ ਸਾਹਮਣੇ ਪੇਸ਼ ਹੁੰਦੇ, ਚਰਨਜੀਤ ਸ਼ਰਮਾ ਨੂੰ ਉਨ੍ਹਾਂ ਦੀ ਯੋਧਾ ਮੱਲ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਛਾਪਾ ਮਾਰਨ ਆਈ ਟੀਮ ਦੀ ਅਗਵਾਈ ਡੀ.ਐੱਸ.ਪੀ ਪੱਧਰ ਦਾ ਅਧਿਕਾਰੀ ਕਰ ਰਿਹਾ ਸੀ।
ਸੀ.ਸੀ.ਟੀ.ਵੀ ਫੁਟੇਜ ਅਤੇ ਹੋਰਨਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਪਗ 25-30 ਪੁਲਿਸ ਮੁਲਾਜ਼ਮ ਜਿਨ੍ਹਾਂ ਵਿਚੋਂ ਕੁੱਝ ਵਰਦੀਧਾਰੀ ਅਤੇ ਕੁੱਝ ਸਿਵਲ ਕੱਪੜਿਆਂ ਵਿਚ ਸਨ, ਨੇ ਸਵੇਰੇ ਲਗਪਗ ਸਵਾ 4 ਵਜੇ ਸ਼ਰਮਾ ਦੇ ਘਰ ਨੂੰ ਘੇਰਾ ਪਾ ਲਿਆ ਅਤੇ 15-20 ਮਿੰਟ ਦੇ ਅੰਦਰ-ਅੰਦਰ ਸਾਬਕਾ ਐੱਸਐੱਸਪੀ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਸਥਾਨਕ ਪੁਲਿਸ ਨੂੰ ਵੀ ਐੱਸ.ਆਈ.ਟੀ ਦੀ ਕਾਰਵਾਈ ਦੀ ਜਾਣਕਾਰੀ ਬਾਅਦ ਵਿਚ ਮਿਲੀ। ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਦੱਸਿਆ ਕਿ ਐੱਸਆਈਟੀ ਵਲੋਂ ਬਾਅਦ ਵਿਚ ਗ੍ਰਿਫ਼ਤਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸ਼ਰਮਾ ਦੇ ਬੇਟੇ ਅਤਿੰਦਰਪਾਲ ਨੇ ਰੋਸ ਪ੍ਰਗਟਾਇਆ ਕਿ ਜਦੋਂ ਉਸ ਦੇ ਪਿਤਾ ਨੇ 29 ਜਨਵਰੀ ਨੂੰ ਐੱਸ.ਆਈ.ਟੀ ਸਾਹਮਣੇ ਪੇਸ਼ ਹੋਣ ਦੀ ਹਾਮੀ ਭਰ ਦਿੱਤੀ ਸੀ ਤਾਂ ਫਿਰ ਉਨ੍ਹਾਂ ਨੂੰ ਇਸ ਢੰਗ ਨਾਲ ਗ੍ਰਿਫ਼ਤਾਰ ਕਿਉਂ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਅਕਤੂਬਰ 2015 ਵਿਚ ਬਹਿਬਲ ਕਲਾਂ ਵਿਚ ਹੋਈ ਪੁਲਿਸ ਫਾਇਰਿੰਗ ਵਿਚ ਧਰਨਾਕਾਰੀ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।
ਚਰਨਜੀਤ ਸ਼ਰਮਾ ਦਾ 8 ਦਿਨਾ ਪੁਲਿਸ ਰਿਮਾਂਡ
ਫਰੀਦਕੋਟ : ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ 27 ਜਨਵਰੀ ਦੀ ਰਾਤ ਕਰੀਬ ਦਸ ਵਜੇ ਇੱਥੇ ਇਲਾਕਾ ਮੈਜਿਸਟ੍ਰੇਟ (ਅੱਵਲ ਦਰਜਾ) ਚੇਤਨ ਸ਼ਰਮਾ ਦੀ ਅਦਾਲਤ ਵਿਚ ਉਨ੍ਹਾਂ ਦੇ ਘਰ ਵਿਚ ਹੀ ਪੇਸ਼ ਕੀਤਾ ਗਿਆ। ਮੈਜਿਸਟ੍ਰੇਟ ਨੇ ਚਰਨਜੀਤ ਸ਼ਰਮਾ ਦਾ ਅੱਠ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ 4 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਸ਼ਰਮਾ ਦੇ ਵਕੀਲਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਵੱਕਲ ਦਿਲ ਦਾ ਰੋਗੀ ਹੈ ਅਤੇ ਉਸ ਦੇ ਪਾਸੋਂ ਕਿਸੇ ਪ੍ਰਕਾਰ ਦੀ ਬਰਾਮਦਗੀ ਵੀ ਨਹੀਂ ਕਰਵਾਈ ਜਾਣੀ, ਇਸ ਲਈ ਪੁਲਿਸ ਰਿਮਾਂਡ ਨਾ ਦਿੱਤਾ ਜਾਵੇ, ਪਰ ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਅੱਠ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਕਿਸਾਨਾਂ ਦੇ ਕਰਜ਼ ਮੁਆਫੀ ਸਮਾਗਮ ‘ਚ ਛਾਇਆ ਬਹਿਬਲ ਕਲਾਂ ਗੋਲੀ ਕਾਂਡ
ਚਰਨਜੀਤ ਤਾਂ ਮੋਹਰਾ ਹੈ, ਗੋਲੀ ਚਲਾਉਣ ਦਾ ਹੁਕਮ ਦੇਣ ਵਾਲਿਆਂ ਨੂੰ ਜੇਲ੍ਹ ‘ਚ ਸੁੱਟਾਂਗੇ : ਕੈਪਟਨ ਅਮਰਿੰਦਰ
ਕਰਜ਼ ਮਾਫੀ ਦੇ ਤੀਜੇ ਗੇੜ ‘ਚ ਬਠਿੰਡਾ-ਮਾਨਸਾ ਦੇ 18308 ਕਿਸਾਨਾਂ ਦੇ 97 ਕਰੋੜ ਰੁਪਏ ਮਾਫ
ਬਠਿੰਡਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਮਹਿਰਾਜ ਵਿਚ ਇਕ ਸਮਾਗਮ ਵਿਚ ਕਰਜ਼ ਮਾਫੀ ਦੇ ਤੀਜੇ ਗੇੜ ਵਿਚ 2 ਤੋਂ 5 ਏਕੜ ਤੱਕ ਵਾਲੇ 18,308 ਕਿਸਾਨਾਂ ਦਾ 97 ਕਰੋੜ ਦਾ ਕਰਜ਼ ਮਾਫ ਕੀਤਾ। ਬਠਿੰਡਾ ਅਤੇ ਮਾਨਸਾ ਦੇ ਕਿਸਾਨਾਂ ਦੇ ਕੋ-ਆਪਰੇਟਿਵ ਬੈਂਕਾਂ ਦੀ ਕਰਜ਼ ਮਾਫੀ ਦੇ ਬਾਅਦ ਕੈਪਟਨ ਨੇ ਕਿਹਾ, ਛੇਤੀ ਹੀ ਚੌਥੇ ਗੇੜ ਤਹਿਤ ਦੂਜੇ ਬੈਂਕਾਂ ਦਾ ਕਰਜ਼ਾ ਵੀ ਮਾਫ ਕਰਾਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਵਿਚ ਐਸ ਆਈ ਟੀ ਸਹੀ ਜਾਂਚ ਕਰ ਰਹੀ ਹੈ। ਗ੍ਰਿਫਤਾਰ ਕੀਤੇ ਗਏ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੋਂ ਤਾਂ ਸ਼ੁਰੂਆਤ ਹੋਈ ਹੈ, ਉਹ ਤਾਂ ਇਕ ਮੋਹਰਾ ਹੈ। ਗੋਲੀ ਚਲਾਉਣ ਦਾ ਹੁਕਮ ਦੇਣ ਵਾਲਿਆਂ ਨੂੰ ਐਸਆਈਟੀ ਹਰ ਹਾਲ ਵਿਚ ਫੜ ਕੇ ਸਲਾਖਾਂ ਦੇ ਪਿੱਛੇ ਸੁੱਟੇਗੀ। ਫਿਰ ਬੇਸ਼ੱਕ ਉਹ ਸਿਆਸੀ ਰਸੂਖਦਾਰ ਹੋ ਜਾਂ ਫਿਰ ਕੋਈ ਵੱਡਾ ਪੁਲਿਸ ਅਫਸਰ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪੰਜਾਬ ‘ਤੇ 10 ਸਾਲ ਵਿਚ ਦੋ ਲੱਖ ਕਰੋੜ ਦਾ ਕਰਜ਼ਾ ਥੋਪਿਆ ਹੈ। ਸਰਕਾਰ ਨੇ ਆਖਰੀ ਦਿਨ 31 ਹਜ਼ਾਰ ਕਰੋੜ ਰੁਪਏ ਕਰਜ਼ ਦਾ ਬੋਝ ਪਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਬਾਅਦ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ।
ਬੋਲੇ : ਮੋਦੀ ਸਰਕਾਰ ਕਰਜ਼ ਮਾਫੀ ਨੂੰ ਕਰ ਰਹੀ ਹੈ ਅਣਦੇਖਾ
ਕੇਂਦਰ ‘ਤੇ ਸਿਆਸੀ ਹਮਲਾ ਬੋਲਦੇ ਹੋਏ ਕੈਪਟਨ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਕਿਸਾਨਾਂ ਦੀ ਕਰਜ਼ ਮਾਫੀ ‘ਤੇ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਭਲੇ ਹੀ ਪੰਜਾਬ ‘ਤੇ 2 ਲੱਖ ਕਰੋੜ ਦਾ ਕਰਜ਼ਾ ਅਕਾਲੀ-ਭਾਜਪਾ ਸਰਕਾਰ ਨੇ ਛੱਡਿਆ ਹੈ, ਲੇਕਿਨ ਉਹ 17 ਲੱਖ ਕਿਸਾਨ ਪਰਿਵਾਰਾਂ ਵਿਚੋਂ 10.25 ਲੱਖ ਕਿਸਾਨਾਂ ਤੱਕ 4500 ਕਰੋੜ ਰੁਪਏ ਦੀ ਮੱਦਦ ਪਹੁੰਚਾਉਣ ਵਿਚ ਕਾਮਯਾਬ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਬਿਨਾ ਜ਼ਮੀਨ ਦੇ ਖੇਤੀ ‘ਤੇ ਨਿਰਭਰ ਹਨ, ਉਨ੍ਹਾਂ ਦੀ ਮੱਦਦ ਲਈ ਵੀ ਸਰਕਾਰ ਇਕ ਯੋਜਨਾ ਬਣਾ ਰਹੀ ਹੈ। ਉਨ੍ਹਾਂ ਨੇ ਕੇਂਦਰ ਤੋਂ ਸਵਾਮੀਨਾਥਨ ਆਯੋਗ ਦੀਆਂ ਸਿਫਾਰਸ਼ਾਂ ਜਲਦ ਲਾਗੂ ਕਰਨ ਦੀ ਮੰਗ ਕੀਤੀ।
ਕੈਪਟਨ ਅਮਰਿੰਦਰ ਵੱਲੋਂ ਹਾਈਕੋਰਟ ਦੇ ਫੈਸਲੇ ਦਾ ਸਵਾਗਤ
ਪਟਿਆਲਾ/ਬਿਊਰੋ ਨਿਊਜ਼ : ਬਰਗਾੜੀ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਦਾ ਸਵਾਗਤ ਕਰਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਘਿਨਾਉਣੀਆਂ ਹੱਤਿਆਵਾਂ ਦਾ ਸ਼ਿਕਾਰ ਹੋਏ ਬੇਕਸੂਰ ਲੋਕਾਂ ਦੇ ਪਰਿਵਾਰਾਂ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਜਾਣ ਬੁੱਝ ਕੇ ਇਨ੍ਹਾਂ ਹੱਤਿਆਵਾਂ ਦੀ ਜਾਂਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ ਅਤੇ ਬੇਕਸੂਰ ਲੋਕਾਂ ‘ਤੇ ਪੁਲਿਸ ਗੋਲੀਬਾਰੀ ਦੀ ਘਟਨਾ ਦੀ ਨਿਰਪੱਖ ਜਾਂਚ ਯਕੀਨੀ ਬਣਾ ਕੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਕੋਈ ਵੀ ਵਿਅਕਤੀ ਕਾਨੂੰਨ ਦੇ ਸ਼ਿਕੰਜੇ ਵਿਚੋਂ ਬਚ ਨਹੀਂ ਸਕੇਗਾ।
ਜਾਖੜ ਬੋਲੇ-ਕੈਪਟਨ ਸਾਹਿਬ, ਕਿਸੇ ਨੂੰ ਵੀ ਬਖਸ਼ਿਆ ਤਾਂ ਜਨਤਾ ਤੇ ਭਗਵਾਨ ਮਾਫ ਨਹੀਂ ਕਰੇਗਾ
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਹਿਬਲ ਗੋਲੀਕਾਂਡ ਵਿਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਸੂਰਤ ਵਿਚ ਨਾ ਬਖਸ਼ਿਆ ਜਾਏ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ‘ਤੇ ਪੰਜਾਬ ਦੇ ਲੋਕ ਅਤੇ ਭਗਵਾਨ ਮਾਫ ਨਹੀਂ ਕਰੇਗਾ। ਜਾਖੜ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਕਰਜ਼ ਮਾਫੀ ਦੇ ਮਾਡਲ ਨੂੰ ਭਾਜਪਾ ਨੇ ਵੀ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਕਾਂਗਰਸ ਜਿੱਤੇਗੀ ਤੇ ਰਾਹੁਲ ਗਾਂਧੀ ਦੀ ਅਗਵਾਈ ‘ਚ ਸਰਕਾਰ ਬਣੇਗੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …