Breaking News
Home / ਪੰਜਾਬ / ਖਹਿਰਾ ਜਨਵਰੀ ਦੇ ਪਹਿਲੇ ਹਫਤੇ ਨਵੀਂ ਪਾਰਟੀ ਦਾ ਕਰਨਗੇ ਐਲਾਨ

ਖਹਿਰਾ ਜਨਵਰੀ ਦੇ ਪਹਿਲੇ ਹਫਤੇ ਨਵੀਂ ਪਾਰਟੀ ਦਾ ਕਰਨਗੇ ਐਲਾਨ

ਲੋਕ ਸਭਾ ਦੀ ਚੋਣ ਲੜਨ ਦੇ ਰੌਂਅ ਵਿਚ ਹਨ ਸੁਖਪਾਲ ਸਿੰਘ ਖਹਿਰਾ
ਚੰਡੀਗੜ੍ਹ/ਬਿਊਰੋ ਨਿਊਜ਼: ਆਮ ਆਦਮੀ ਪਾਰਟੀ ਪੰਜਾਬ ਦੇ ਬਾਗ਼ੀ ਧੜੇ ਦੇ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਜਨਵਰੀ 2019 ਦੇ ਪਹਿਲੇ ਹਫਤੇ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ, ਜਿਸ ਕਾਰਨ ਉਹ ਨਵੇਂ ਵਰ੍ਹੇ ਦੇ ਸ਼ੁਰੂ ਵਿਚ ਆਪਣੀ ਪਾਰਟੀ ਬਣਾ ਕੇ ਸਰਗਰਮੀਆਂ ਵਿੱਢ ਦੇਣਗੇ। ਖਹਿਰਾ ਦੇ ਇਸ ਕਥਨ ਤੋਂ ਸੰਕੇਤ ਮਿਲੇ ਹਨ ਕਿ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਲੋਕ ਸਭਾ ਦੀ ਚੋਣ ਲੜਨ ਦੇ ਰੌਂਅ ਵਿਚ ਹਨ। ਦੱਸਣਯੋਗ ਹੈ ਕਿ 8 ਦਸੰਬਰ ਨੂੰ ਬਾਗੀ ਧੜੇ ਵੱਲੋਂ ਪੰਜਾਬ ਵਿਚ ਇਨਸਾਫ ਮਾਰਚ ਸ਼ੁਰੂ ਕਰਨ ਵੇਲੇ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਉਹ 16 ਦਸੰਬਰ ਨੂੰ ਪਟਿਆਲਾ ਵਿਚ ਮਾਰਚ ਦੀ ਸਮਾਪਤੀ ਮੌਕੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰਨਗੇ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ ਸਨ। ਉਹ ਪਟਿਆਲਾ ਵਿਚ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਪਾਰਟੀ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਨਾਲ ਮਿਲ ਕੇ ਕੇਵਲ ਪੰਜਾਬ ਜਮਹੂਰੀ ਗੱਠਜੋੜ ਬਣਾਉਣ ਤਕ ਹੀ ਸੀਮਤ ਰਹੇ ਸਨ ਅਤੇ ਮੌਕੇ ‘ਤੇ ਹੀ ਡਾਕਟਰ ਗਾਂਧੀ ਵੱਲੋਂ ਦੋ ਨੁਕਤਿਆਂ ਉਪਰ ਖਹਿਰਾ ਉਪਰ ਇਤਰਾਜ਼ ਵੀ ਉਠਾ ਦਿੱਤੇ ਸਨ। ਖਹਿਰਾ ਨੇ ਆਪਣੀ ਧਿਰ ਦੇ 5 ਵਿਧਾਇਕਾਂ ਨਾਜ਼ਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੂ ਸਮੇਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਸਾਫ ਕੀਤਾ ਕਿ ਨਵੀਂ ਪਾਰਟੀ ਬਣਾਉਣ ਵੇਲੇ ਬਾਗੀ ਧੜੇ ਦੇ ਵਿਧਾਇਕ ਅਸਤੀਫੇ ਨਹੀਂ ਦੇਣਗੇ ਕਿਉਂਕਿ ਉਹ ਅਸਤੀਫੇ ਦੇ ਕੇ 8 ਹਲਕਿਆਂ ਵਿਚ ਜ਼ਿਮਨੀ ਚੋਣਾਂ ਕਰਵਾਉਣ ਦਾ ਸਰਕਾਰ ਉਪਰ ਬੋਝ ਨਹੀਂ ਪਾਉਣਗੇ ਅਤੇ ਨਾ ਹੀ ਅਜਿਹਾ ਕਰ ਕੇ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਬਣਨ ਦਾ ਰਾਹ ਸਾਫ਼ ਕਰਨਗੇ। ਪ੍ਰੈੱਸ ਕਾਨਫਰੰਸ ਵਿਚ ਬਾਗੀ ਧੜੇ ਦੇ ਦੋ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਜਗਤਾਰ ਸਿੰਘ ਜੱਗਾ ਹਾਜ਼ਰ ਨਹੀਂ ਸਨ। ਖਹਿਰਾ ਨੇ ਕਿਹਾ ਕਿ ਨਵੀਂ ਪਾਰਟੀ ਜਮਹੂਰੀ ਗੱਠਜੋੜ ਦੀ ਸਹਿਮਤੀ ਨਾਲ ਹੀ ਉਸਾਰੀ ਜਾਵੇਗੀ। ਖਹਿਰਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਅਕਾਲੀ ਦਲ ਦੇ ਬਾਗ਼ੀ ਧੜੇ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਬਾਰੇ ਕੋਈ ਗੱਲ ਨਹੀਂ ਹੋਈ ਪਰ ਉਹ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਹੋਰ ਹਮਖਿਆਲ ਪਾਰਟੀਆਂ ਨਾਲ ਵੀ ਗੱਠਜੋੜ ਕਰਨ ਦਾ ਯਤਨ ਕਰਨਗੇ।
ਇਸ ਮੌਕੇ ਕੰਵਰ ਸੰਧੂ ਨੇ ਗੰਭੀਰ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਦੇ ਨਾਲ ਲਗਦੇ ਪਿੰਡ ਸਿਸਵਾਂ ਵਿਚ ਬਣਾਏ ਜਾ ਰਹੇ ਆਪਣੇ ਫਾਰਮ ਹਾਊਸ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਸਰਕਾਰੀ ਖਜ਼ਾਨੇ ਵਿਚੋਂ ਨਾਲ ਲਗਦੇ ਪਹਾੜੀ ਖੇਤਰ ਉਪਰ ਚੈੱਕ ਡੈਮ ਬਣਾਇਆ ਜਾ ਰਿਹਾ ਹੈ। ਸੰਧੂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿਚ 4 ਅਕਤੂਬਰ ਨੂੰ ਹੀ ਕੈਪਟਨ ਨੂੰ ਪੱਤਰ ਲਿਖਿਆ ਸੀ ਪਰ ਸਰਕਾਰ ਡੈਮ ਬਣਾ ਕੇ ਉਥੋਂ ਦੇ ਹੋਰ ਲੋਕਾਂ ਲਈ ਖ਼ਤਰਾ ਪੈਦਾ ਕਰ ਰਹੀ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …