ਸਿੱਧੂ ਦਾ ਕੀਤਾ ਵਿਸ਼ੇਸ਼ ਸਵਾਗਤ, ਕਿਹਾ -ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਆਇਆ
ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੀ ਤਹਿਸੀਲ ਸ਼ੱਕਰਗੜ੍ਹ ਵਿਚ ਸਥਿਤ ਹੈ। ਸਮਾਗਮ ਵਿਚ ਭਾਰਤ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ, ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਕਈ ਸਿਆਸੀ ਆਗੂ ਪਹੁੰਚੇ। ਸਮਾਗਮ ਵਿਚ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੀ ਮੌਜੂਦ ਸਨ। ਇਸ ਮੌਕੇ ਪਾਕਿਸਤਾਨ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਤੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਵੀ ਸੰਬੋਧਨ ਕੀਤਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਨੂੰ ਦੋਸਤੀ ਵੱਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਦੋਵਾਂ ਪਾਸਿਓਂ ਗਲਤੀਆਂ ਹੋਈਆਂ ਹਨ ਪਰ ਦੁਨੀਆ ‘ਤੇ ਕੋਈ ਅਜਿਹਾ ਮਸਲਾ ਨਹੀਂ ਜਿਸ ਦਾ ਹੱਲ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਰਿਸ਼ਤੇ ਵਿੱਚ ਅੜਿੱਕਾ ਕਸ਼ਮੀਰ ਦਾ ਮਸਲਾ ਹੈ। ਇਹ ਬੈਠ ਕੇ ਹੱਲ ਹੋ ਸਕਦਾ ਹੈ। ਇਮਰਾਨ ਨੇ ਦੋਵਾਂ ਦੇਸ਼ਾਂ ਵਿਚ ਜੰਗ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਇਮਰਾਨ ਨੇ ਨਵਜੋਤ ਸਿੱਧੂ ਦਾ ਖਾਸ ਸਵਾਗਤ ਕਰਦਿਆਂ ਕਿਹਾ ਕਿ ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਪਾਕਿਸਤਾਨ ਤੋਂ ਚੋਣ ਲੜਨ ਤਾਂ ਜਿੱਤ ਜਾਣਗੇ।
Check Also
ਪੀਐਨਬੀ ਘੋਟਾਲੇ ਦਾ ਆਰੋਪੀ ਮੇਹੁਲ ਚੌਕਸੀ ਬੈਲਜ਼ੀਅਮ ’ਚ ਗਿ੍ਰਫਤਾਰ
ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਮੇਹੁਲ ਚੌਕਸੀ ਨੂੰ …