ਟਰੰਪ ਪ੍ਰਸ਼ਾਸਨ ਨੂੰ ਵੀਜ਼ੇ ‘ਚ ਬਦਲਾਅ ਕਰਨ ਤੋਂ ਰੋਕਣ ਲਈ ਸੰਸਦ ‘ਚ ਪੇਸ਼ ਕੀਤਾ ਬਿੱਲ
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤੀ ਪੇਸ਼ੇਵਰਾਂ ਵਿਚ ਲੋਕਪ੍ਰਿਆ ਐੱਚ-1 ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਮਿਲਣ ਵਾਲੇ ਐੱਚ-4 ਵੀਜ਼ਾ ਦੇ ਬਚਾਅ ਵਿਚ ਅਮਰੀਕਾ ਦੇ ਕਈ ਐੱਮਪੀਜ਼ ਉਤਰ ਆਏ ਹਨ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਨੂੰ ਇਸ ਵੀਜ਼ਾ ਦੀ ਤਜਵੀਜ਼ ਵਿਚ ਬਦਲਾਅ ਕਰਨ ਤੋਂ ਰੋਕਣ ਲਈ ਸੰਸਦ ‘ਚ ਇਕ ਬਿੱਲ ਪੇਸ਼ ਕੀਤਾ ਹੈ। ਹਾਲ ਹੀ ਵਿਚ ਇਹ ਖ਼ਬਰ ਆਈ ਸੀ ਕਿ ਟਰੰਪ ਪ੍ਰਸ਼ਾਸਨ ਇਸ ਵੀਜ਼ਾ ਤਹਿਤ ਅਮਰੀਕਾ ‘ਚ ਕੰਮ ਕਰਨ ਦੇ ਅਧਿਕਾਰ ਦੀ ਤਜਵੀਜ਼ ਨੂੰ ਖ਼ਤਮ ਕਰਨ ਦੀ ਤਿਆਰੀ ਵਿਚ ਹੈ। ਅਮਰੀਕਾ ਦੀਆਂ ਦੋ ਔਰਤਾਂ ਸੰਸਦ ਮੈਂਬਰ ਅੰਨਿਆ ਏ ਏਸ਼ੂ ਤੇ ਜੋ ਲੈਫੇਨ ਨੇ ਟਰੰਪ ਪ੍ਰਸ਼ਾਸਨ ਨੂੰ ਇਸ ਨਿਯਮ ਨੂੰ ਖ਼ਤਮ ਕਰਨ ਤੋਂ ਰੋਕਣ ਲਈ ਐੱਚ-4 ਇੰਪਲਾਇਮੈਂਟ ਪ੍ਰੋਟੈਸ਼ਕਨ ਐਕਟ ਸੰਸਦ ਵਿਚ ਪੇਸ਼ ਕੀਤਾ। ਏਸ਼ੂ ਨੇ ਕਿਹਾ ਕਿ ਐੱਚ-4 ਵੀਜ਼ਾ ਧਾਰਕਾਂ ਦੇ ਰੁਜ਼ਗਾਰ ਪਾਉਣ ਦੇ ਅਧਿਕਾਰ ਦੀ ਸੁਰੱਖਿਆ ਦਾ ਮਾਮਲਾ ਆਰਥਿਕ ਨਿਰਪੱਖਤਾ ਤੇ ਪਰਿਵਾਰ ਦੀ ਇਕਜੁੱਟਤਾ ਨਾਲ ਜੁੜਿਆ ਹੈ। ਇਸ ਸੁਵਿਧਾ ਨੂੰ ਖ਼ਤਮ ਕੀਤੇ ਜਾਣ ਨਾਲ ਕਈ ਪਰਵਾਸੀਆਂ ਨੂੰ ਤਕਲੀਫ਼ ਉਠਾਉਣੀ ਪੈ ਸਕਦੀ ਹੈ। ਅਜਿਹੀ ਸਥਿਤੀ ‘ਚ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲੋਂ ਵੱਖ ਹੋਣਾ ਪਵੇਗਾ ਜਾਂ ਦੇਸ਼ ਵਾਪਸ ਜਾਣਾ ਹੋਵੇਗਾ। ਉਹ ਆਪਣੀ ਪ੍ਰਤਿਭਾ ਦੀ ਵਰਤੋਂ ਅਮਰੀਕੀ ਕਾਰੋਬਾਰ ਖ਼ਿਲਾਫ਼ ਕਰ ਸਕਦੇ ਹਨ।
ਕੀ ਹੈ ਐੱਚ-4 ਵੀਜ਼ਾ
ਐੱਚ-4 ਵੀਜ਼ਾ ਐੱਚ-1ਬੀ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਵਰਕ ਪਰਮਿਟ ਹੈ। ਇਸ ਨਾਲ ਉਨ੍ਹਾਂ ਨੂੰ ਨੌਕਰੀ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। ਟਰੰਪ ਪ੍ਰਸ਼ਾਸਨ ਇਨ੍ਹਾਂ ਨਿਯਮਾਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਓਬਾਮਾ ਪ੍ਰਸ਼ਾਸਨ ਨੇ ਦਿੱਤਾ ਸੀ ਅਧਿਕਾਰ
ਐੱਚ-4 ਤਹਿਤ ਰੁਜ਼ਗਾਰ ਕਰਨ ਦਾ ਨਿਯਮ ਓਬਾਮਾ ਪ੍ਰਸ਼ਾਸਨ ਦੇ ਦੌਰ ਦਾ ਹੈ। ਇਹ ਨਿਯਮ ਪ੍ਰਭਾਵੀ ਹੋਣ ਮਗਰੋਂ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਪਾਉਣ ਦਾ ਅਧਿਕਾਰ ਮਿਲਿਆ। ਇਨ੍ਹਾਂ ‘ਚ ਜ਼ਿਆਦਾਤਰ ਔਰਤਾਂ ਹਨ। ਇਹ ਨਿਯਮ ਲਾਗੂ ਹੋਇਆ ਤਾਂ ਸਭ ਤੋਂ ਜ਼ਿਆਦਾ ਭਾਰਤੀ ਪ੍ਰਭਾਵਿਤ ਹੋਣਗੇ।
ਐੱਚ-1ਬੀ ਵੀਜ਼ਾ ‘ਤੇ ਸਖ਼ਤੀ : ਐੱਚ-1 ਵੀਜ਼ਾ ਭਾਰਤੀ ਪੇਸ਼ੇਵਰਾਂ ਲਈ ਖ਼ਾਸ ਲੋਕਪ੍ਰਿਆ ਹੈ। ਇਸ ਵੀਜ਼ੇ ਰਾਹੀਂ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ ‘ਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ‘ਤੇ ਰੱਖਣ ਦੀ ਮਨਜ਼ੂਰੀ ਮਿਲਦੀ ਹੈ ਜਿਨ੍ਹਾਂ ‘ਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਇਸੇ ਵੀਜ਼ੇ ‘ਤੇ ਦੂਜੇ ਦੇਸ਼ਾਂ ਦੇ ਪੇਸ਼ੇਵਰ ਅਮਰੀਕਾ ਪਹੁੰਚਦੇ ਹਨ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ। ਛੇ ਸਾਲ ਤਕ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਇਸ ਵੀਜ਼ੇ ਦੇ ਨਿਯਮਾਂ ਨੂੰ ਵੀ ਸਖ਼ਤ ਕੀਤਾ ਜਾ ਰਿਹਾ ਹੈ।
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …