Breaking News
Home / ਕੈਨੇਡਾ / ਚੇਤਨਾ ਪ੍ਰਕਾਸ਼ਨ ਵਲੋਂ ਲਗਾਏ ਪੁਸਤਕ ਮੇਲੇ ‘ਚ ਪੰਜਾਬੀਆਂ ਨੇ ਸਦੀਵੀ ਸਾਂਝ ਬਣਾਈ

ਚੇਤਨਾ ਪ੍ਰਕਾਸ਼ਨ ਵਲੋਂ ਲਗਾਏ ਪੁਸਤਕ ਮੇਲੇ ‘ਚ ਪੰਜਾਬੀਆਂ ਨੇ ਸਦੀਵੀ ਸਾਂਝ ਬਣਾਈ

ਮਿਸੀਸਾਗਾ : ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨਾਲੋਂ ਦੂਰ ਹੋਏ ਪੰਜਾਬੀਆਂ ਲਈ ਚੇਤਨਾ ਪ੍ਰਕਾਸ਼ਨ ਵੱਲੋਂ ਲਗਾਏ ਗਏ ਵੱਖ ਵੱਖ ਭਾਸ਼ਾਵਾਂ ਦੇ ਪੁਸਤਕ ਮੇਲੇ ਦੌਰਾਨ ਇਸ ਵਾਰ ਪੰਜਾਬੀਆਂ ਨੇ ਕਿਤਾਬਾਂ ਦੇ ਨਾਲ ਇਕ ਵੱਖਰੀ ਤਰ੍ਹਾਂ ਦੀ ਸਦੀਵੀ ਸਾਂਝ ਬਣਾਈ। ਪੰਜਾਬੀਆਂ ਨੇ ਸਾਹਿਤ ਦੇ ਵੱਖ-ਵੱਖ ਰੂਪਾਂ ਨਾਲ ਸੰਬੰਧਤ ਕਿਤਾਬਾਂ ਵਿਚ ਵਧੇਰੇ ਦਿਲਚਸਪੀ ਦਿਖਾਈ, ਭਾਵੇਂ ਹਰ ਲੇਖਕ ਦਾ ਆਪਣਾ ਪਾਠਕ ਵਰਗ ਹੁੰਦਾ ਹੈ ਪਰ ਮੇਲੇ ਮੌਕੇ ਇਹ ਦੇਖਣ ਨੂੰ ਮਿਲਿਆ ਕਿ ਪੰਜਾਬੀ ਆਪਣੇ ਲੇਖਕਾਂ ਦੀਆਂ ਸ੍ਵੈ-ਜੀਵਨੀਆਂ ਪੜ੍ਹਨ ਵੱਲ ਵਧੇਰੇ ਰੁਚਿਤ ਹੋ ਰਹੇ ਹਨ। ਇਸ ਪੁਸਤਕ ਮੇਲੇ ਵਿਚ ਪੰਜਾਬੀ ਸਾਹਿਤ ਦੇ ਨਵੇਂ ਤੇ ਪੁਰਾਣੇ ਲੇਖਕਾਂ ਦੀਆਂ ਸ੍ਵੈ-ਜੀਵਨੀਆਂ ਨੂੰ ਪੰਜਾਬੀ ਪਾਠਕਾਂ ਨੇ ਵੇਖਿਆ ਨਹੀਂ ਬਲਕਿ ਆਪਣੇ ਲਈ ਤੇ ਦੋਸਤਾਂ-ਮਿੱਤਰਾਂ ਨੂੰ ਤੋਹਫੇ ਵਜੋਂ ਦੇਣ ਲਈ ਵੀ ਖਰੀਦੀਆਂ। ਵੱਖ ਵੱਖ ਥਾਵਾਂ ਤੋਂ ਭਾਰੀ ਗਿਣਤੀ ਵਿਚ ਆ ਰਹੇ ਪਾਠਕਾਂ ਨੇ ਸ੍ਵੈ-ਜੀਵਨੀਆਂ ਤੋਂ ਇਲਾਵਾ ਹੋਰ ਵੀ ਪੁਸਤਕਾਂ ਖਰੀਦੀਆਂ। ਪਰ ਮੇਲੇ ਵਿਚ ਜਿਹੜੀਆਂ ਸ੍ਵੈ-ਜੀਵਨੀਆਂ ਜਾਂ ਚਰਚਿਤ ਕਿਤਾਬਾਂ ਪਾਠਕਾਂ ਨੇ ਵੱਡੀ ਗਿਣਤੀ ਵਿਚ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਖਰੀਦੀਆਂ ਉਹਨਾਂ ਵਿਚ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਉੱਪਰ ਅਧਾਰਿਤ ਨਵੇਂ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’, ਸੁਖਜੀਤ ‘ਮੈਂ ਜੈਸਾ ਹੂੰ… ਮੈਂ ਵੈਸਾ ਕਿਊਂ ਹੂੰ…’, ਰਾਮ ਸਿੰਘ ‘ਪਾਸ਼ੋ ਦਾ ਮੁੰਡਾ’, ਗੁਰਮਿੰਦਰ ਸਿੱਧੂ ‘ਚੇਤਿਆਂ ਦਾ ਸੰਦੂਕ’, ਨਿੰਦਰ ਘੁਗਿਆਣਵੀ ‘ਮੈਂ ਸਾਂ ਜੱਜ ਦਾ ਅਰਦਲੀ’, ਉੱਜਲ ਦੁਸਾਂਝ ‘ਇਸਪਾਤੀ ਮਨੁੱਖ : ਉੱਜਲ ਦੁਸਾਂਝ’, ਸਰਦਾਰਾ ਸਿੰਘ ਜੌਹਲ ‘ਰੰਗਾਂ ਦੀ ਗਾਗਰ’, ਰਾਮ ਜੇਠਮਲਾਨੀ ‘ਰਾਸ਼ਟਰਵਾਦ ਤੇ ਰਾਜਨੀਤੀ’, ਸ਼ਿਵ ਕੁਮਾਰ ਬਟਾਲਵੀ ‘ਇਕ ਹਸੀਨ ਦਾਸਤਾਨ’, ਮੋਹਨ ਲਾਲ ਭਾਸਕਰ ‘ਮੈਂ ਸਾਂ ਪਾਕਿਸਤਾਨ ਵਿਚ ਭਾਰਤ ਦਾ ਜਾਸੂਸ’, ਮਿੰਟੂ ਗੁਰੂਸਰੀਆਂ ‘ਡਾਕੂਆਂ ਦਾ ਮੁੰਡਾ’, ਸਾਹਿਰ ਲੁਧਿਆਣੀ ‘ਸਾਹਿਰ ਜੀਵਨ ਤੇ ਇਸ਼ਕ’ ਅਤੇ ਖਾਲਿਦ ਹੁਸੈਨ ‘ਮਾਟੀ ਕੁਦਮ ਕਰੇਂਦੀ ਯਾਰ’ ਤੋਂ ਇਲਾਵਾ ਨਿਰੂਪਮਾ ਦੱਤ ਵੱਲੋਂ ਲਿਖੀ ਗਈ ਬਹੁ-ਚਰਚਿਤ ਪੁਸਤਕ ‘ਬੰਤ ਸਿੰਘ ਦੀ ਬਾਤ’ ਨੂੰ ਸਾਰੇ ਪਾਠਕ ਦਿਲਚਸਪੀ ਨਾਲ ਖਰੀਦਣ ਵਲ ਤਰਜੀਹ ਦੇ ਰਹੇ ਹਨ। ਇਸ ਤੋਂ ਇਲਾਵਾ ਕੁਲਦੀਪ ਨਈਅਰ ਦੀ ਸ੍ਵੈ-ਜੀਵਨੀ ‘ਅਜੋਕੇ ਭਾਰਤ ਦੀ ਅਣਕਹੀ ਦਾਸਤਾਨ’ ਅਤੇ ਓਮ ਪ੍ਰਕਾਸ਼ ਵਾਲਮੀਕੀ ਦੀ ਸ੍ਵੈ-ਜੀਵਨੀ ‘ਜੂਠ’ ਭਾਗ-1 ਤੇ ਭਾਗ-2 ਨੂੰ ਪਾਠਕ ਹੱਥੋ ਹੱਥ ਖਰੀਦ ਰਹੇ ਹਨ।
ਮੇਲੇ ਦੌਰਾਨ ਜਿੱਥੇ ਪਾਠਕਾਂ ਨੇ ਲੇਖਕਾਂ ਦੀ ਸ੍ਵੈ-ਜੀਵਨੀਆਂ ਖਰੀਦਣ ਵਿਚ ਵਿਸ਼ੇਸ਼ ਰੁਚੀ ਦਿਖਾਈ, ਉਥੇ ਕਵਿਤਾ, ਵਾਰਤਕ, ਨਾਵਲ, ਕਹਾਣੀ, ਨਾਟਕ ਤੇ ਪੁਰਾਤਨ ਸਾਹਿਤ ਖਰੀਦਣ ਵਿਚ ਵੀ ਓਨੀ ਹੀ ਦਿਲਚਸਪੀ ਦਿਖਾਈ। ਮੇਲੇ ਮੌਕੇ ਜਿਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਨੂੰ ਪਾਠਕਾਂ ਨੇ ਖਰੀਦਿਆ ਉਨ੍ਹਾਂ ‘ਚ ਚਰਚਿਤ ਨਾਂ ਹਨ ਜਿਵੇਂ ਜਸਵੰਤ ਦੀਦ ‘ਖੱਡੀ’, ‘ਧਰਤੀ ਹੋਰ ਪਰੇ’, ਜਸਵੰਤ ਜਫ਼ਰ ‘ਸਿੱਖ ਸੋ ਖੋਜ ਲਾਹੇ’, ਨਰਿੰਦਰ ਸਿੰਘ ਕਪੂਰ, ਸੂਫੀ ਕਾਵਿ ਦੇ ਚਰਚਿਤ ਸ਼ਾਇਰ ਜਿਨ੍ਹਾਂ ਵਿਚ ਵਾਰਸ ਸ਼ਾਹ, ਕਲਾਮ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਤੋਂ ਇਲਾਵਾ ਸ਼ਿਵ ਕੁਮਾਰ ਦੀ ਸਮੁੱਚੀ ਰਚਨਾ ਨੂੰ ਤਾਂ ਪਾਠਕਾਂ ਨੇ ਖਰੀਦਿਆ ਹੀ ਪਰ ਪਾਸ਼ ਦੇ ਜਨਮ-ਦਿਨ ‘ਤੇ ਪਾਸ਼ ਦੀਆਂ ਪੁਸਤਕਾਂ ਪਾਠਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਕਿਉਂਕਿ 8 ਸਤੰਬਰ ਨੂੰ ਪਾਸ਼ ਦਾ ਜਨਮ-ਦਿਨ ਸੀ ਤੇ ਮੇਲੇ ਵਿਚ ਪੁੱਜੇ ਪਾਠਕਾਂ ਨੇ ਪਾਸ਼ ਦੀ ਸੰਪੂਰਨ ਕਵਿਤਾ ਤੇ ਪਾਸ਼ ਦੇ ਬਾਰੇ ਪੁਸਤਕ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਤੇ ਇਸ ਤੋਂ ਇਲਾਵਾ ਡਾ. ਜਗਤਾਰ ਦੀ ਪੁਸਤਕ ‘ਹਰ ਮੋੜ ਦੇ ਸਲੀਬਾਂ’, ‘ਅਣਮੁੱਕ ਸਫ਼ਰ’ ਅਤੇ ਨੌਜਵਾਨ ਅਦਾਕਾਰ ਰਾਣਾ ਰਣਬੀਰ ਦੀ ਪੁਸਤਕ ‘ਜ਼ਿੰਦਗੀ ਜ਼ਿੰਦਾਬਾਦ’, ’20 ਨਵੰਬਰ’ ਤੇ ‘ਕਿਣ ਮਿਣ ਤਿਪ ਤਿਪ’ ਨੂੰ ਤੇ ਬਹੁਤ ਸਾਰੇ ਪਾਠਕ ਡਾ. ਸਵਰਾਜਬੀਰ, ਅਜਮੇਰ ਔਲਖ ਤੇ ਪਾਲੀ ਭੁਪਿੰਦਰ ਦੇ ਨਾਟਕਾਂ ਤੇ ਜਸਵੰਤ ਸਿੰਘ ਕੰਵਲ ਦੀ ਯਾਦਾਂ ਦੀ ਪੁਸਤਕ ‘ਧੁਰ ਦਰਗਾਹ’, ‘ਸੱਚ ਨੂੰ ਫਾਂਸੀ’, ‘ਰਾਤ ਬਾਕੀ ਹੈ’ ਵਰਗੀਆਂ ਪੁਸਤਕਾਂ ਨੂੰ ਤਰਜੀਹ ਦੇ ਰਹੇ ਹਨ। ਜਿੱਥੇ ਬਲਦੇਵ ਸਿੰਘ, ਕੇ ਐਲ ਗਰਗ, ਰਾਮ ਸਰੂਪ ਅਣਖੀ ਦੀਆਂ ਪੁਸਤਕਾਂ ਨੂੰ ਤਰਜੀਹ ਦਿੰਦੇ ਹਨ। ਉਥੇ ਬਹੁਤ ਸਾਰਿਆਂ ਨੇ ਸਾਡੇ ਵੱਡੇ ਲੇਖਕ ਜਿਵੇਂ ਡਾ. ਦਲੀਪ ਕੌਰ ਟਿਵਾਣਾ, ਅਜੀਤ ਕੌਰ, ਇੰਦਰਜੀਤ ਕੌਰ ਤੇ ਹੋਰ ਕੈਨੇਡਾ ਵਸਦੇ ਲੇਖਕਾਂ ਦੀਆਂ ਕਿਤਾਬਾਂ ਖਰੀਦੀਆਂ।
ਚੇਤੇ ਰਹੇ ਇਹ ਪੁਸਤਕ ਮੇਲਾ 23 ਸਤੰਬਰ ਤਕ ਸ਼ਾਮ 7 ਵਜੇ ਤੱਕ ਯੂਨਿਟ ਨੰਬਰ 14, 7050 ਬਰੈਹਮਲੀ ਰੋਡ, ਡੇਰੀ ਦੇ ਕੌਰਨਰ ਤੇ ਫੈਡਐਕਸ ਦੇ ਬਿਲਕੁਲ ਸਾਹਮਣੇ ਲੱਗਿਆ ਹੋਇਆ ਹੈ ਤੇ ਲਗਾਤਾਰ ਪਾਠਕਾਂ ਦਾ ਆਉਣਾ ਜਾਰੀ ਹੈ। ਹੋਰ ਜਾਣਕਾਰੀ ਲਈ ਤੁਸੀਂ ਸਤੀਸ਼ ਗੁਲਾਟੀ ਨਾਲ 778-320-2551 ‘ਤੇ ਸੰਪਰਕ ਕਰਦੇ ਸਕਦੇ ਹੋ। ਇਸ ਪੁਸਤਕ ਮੇਲੇ ਵਿਚ ਨਿਰੰਤਰ ਆਉਂਦੇ ਲੇਖਕ ਅਤੇ ਪਾਠਕਾਂ ਵਿਚ ਪ੍ਰੀਤਇੰਦਰ, ਤਰਲੋਚਨ ਗਰੇਵਾਲ, ਕਰਨੈਲ ਸਿੰਘ ਬੋਪਾਰਾਏ, ਹਰਦੇਵ ਸਿੰਘ ਹਠੂਰ, ਸੁਖਦੇਵ ਸਿੰਘ, ਗੁਰਜੀਤ ਸਿੰਘ, ਨਛੱਤਰ ਸਿੰਘ ਬਰਾੜ, ਵਰਿੰਦਰਜੀਤ ਸਿੰਘ ਖੰਨੇ ਤੋਂ, ਕੋਮਲਪ੍ਰੀਤ ਕੌਰ, ਕਰਮਜੀਤ ਕੌਰ, ਜਗਤਾਰ, ਪਰਮਿੰਦਰ ਸਿੰਘ ਰਾਮਪੁਰ, ਰਣਜੋਧ ਸਿੰਘ ਬਾਸੀ, ਜੋਧ ਸਿੰਘ ਆਸ਼ਿਕ, ਮਹਿੰਦਰ ਸਿੰਘ, ਕਿਰਪਾਲ ਸਿੰਘ ਪੰਨੂ, ਪਰਮਜੀਤ ਢਿੱਲੋਂ, ਮਨਜੀਤ ਮਾਹਲ, ਨਿਤਾਸ਼ਾ ਮਾਹਲ, ਇਕਬਾਲ ਮਾਹਲ, ਦਲਜੀਤ ਜੀਤੀ, ਸਰਬਜੀਤ ਕੌਰ ਸਿੱਧੂ ਤੋਂ ਇਲਾਵਾ ਬਲਜਿੰਦਰ ਸਿੰਘ ਲੇਲਣਾ ਤੇ ਜਸਪਾਲ ਗਰੇਵਾਲ, ਗੁਰਪ੍ਰੀਤ ਸਿੰਘ ਡੱਲੇ ਤੋਂ, ਨਰੇਸ਼ ਬਾਗੜੀ, ਹਰਬੰਸ ਸਿੰਘ ਮਠਾੜੂ, ਰਾਜ ਦਵਿੰਦਰ, ਦਰਸ਼ਨ ਸਹੋਤਾ, ਗੁਰਜੀਤ ਸਿੰਘ ਕਪੂਰਥਲੇ ਤੋਂ, ਨਿਰਵੈਰ ਸਿੰਘ ਸੇਖਾ, ਗੁਰਪ੍ਰੀਤ ਵਿਰਕ, ਅਮਨਦੀਪ ਸਿੰਘ, ਗੁਰਦੇਵ ਚੌਹਾਨ, ਚਰਨਜੀਤ ਸਿੰਘ, ਸੁਖਦੇਵ ਸਿੰਘ, ਮਨਿੰਦਰ ਸਿੰਘ ਬਰਨਾਲੇ ਤੋਂ, ਤੇਜਿੰਦਰਜੀਤ ਕੌਰ ਚੀਮਾ, ਜਗਰਾਉਂ ਤੋਂ ਹਰਮਨ, ਜਸਦੀਪ ਨੇ ਸੈਂਕੜੇ ਹੀ ਪਾਠਕਾਂ ਨੇ ਪੁਸਤਕਾਂ ਦੇਖੀਆਂ, ਖਰੀਦੀਆਂ ਤੇ ਆਪਣੇ ਮਿੱਤਰਾਂ ਨੂੰ ਤੋਹਫੇ ਵਜੋਂ ਪੁਸਤਕਾਂ ਦੇਣ ਦੀ ਰਵਾਇਤ ਵੀ ਪਾਲ ਰਹੇ ਨੇ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਫੋਨ ਕਰਕੇ ਪੁਸਤਕ ਮੇਲੇ ਵੱਲ ਆਉਣ ਲਈ ਪ੍ਰੇਰਦੇ ਵੀ ਰਹੇ ਨੇ। ਜਿੱਥੇ ਪ੍ਰਿੰਟ ਮੀਡੀਆ ਤੇ ਇਲੈਕਟਰੌਨਿਕ ਮੀਡੀਆ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ, ਉਥੇ ਦੋਸਤ ਆਪਣੇ ਆਪਣੇ ਦੋਸਤਾਂ ਨੂੰ ਫੇਸਬੁੱਕ ਤੇ ਵਾਟਸਅੱਪ ਰਾਹੀ ਸੁਨੇਹੇ ਭੇਜ ਕੇ ਪੁਸਤਕ ਮੇਲੇ ਵੱਲ ਸ਼ਿਰਕਤ ਕਰਨ ਲਈ ਪ੍ਰੇਰਦੇ ਰਹੇ। ਕਿਉਂਕਿ ਪੁਸਤਕਾਂ ਉਹ ਮਿੱਤਰ ਹਨ ਜੋ ਕਿਸੇ ਨੂੰ ਧੋਖਾ ਨਹੀਂ ਦਿੰਦੀਆਂ ਤੇ ਖੁਸ਼ਹਾਲ ਤੇ ਤੰਦਰੁਸਤ ਜ਼ਿੰਦਗੀ ਦਾ ਜੋ ਰਸਤਾ ਹੈ ਉਹ ਪੁਸਤਕਾਂ ਵਿਚੋਂ ਹੋ ਕੇ ਲੰਘਦਾ ਹੈ।
ਸੋ ਪੁਸਤਕ ਮੇਲੇ ਦਾ ਕਰੀਬ 10 ਦਿਨ ਦਾ ਹੀ ਸਮਾਂ ਹੋਰ ਹੈ। 23 ਸਤੰਬਰ ਸ਼ਾਮ 7 ਵਜੇ ਤੱਕ ਇਹ ਪੁਸਤਕ ਮੇਲਾ ਅਗਲੇ ਸਾਲ ਤੱਕ ਮੁਲਤਵੀ ਹੋ ਜਾਵੇਗਾ। ਸੋ ਸਾਰੇ ਪਾਠਕਾਂ ਇਕ ਦੂਜੇ ਨੂੰ ਬੇਨਤੀ ਕਰ ਰਹੇ ਹਨ ਕਿ ਵੱਧ ਤੋਂ ਵੱਧ ਕਿਤਾਬਾਂ ਆਪਣੀ ਲਾਇਬ੍ਰੇਰੀ ਦਾ ਹਿੱਸਾ ਬਣਾ ਲੈਣ ਕਿਉਂਕਿ ਜੇ ਅਸੀਂ ਆਪਣੇ ਘਰਾਂ ਵਿਚ ਹੋਰ ਸਾਰਾ ਸਮਾਨ ਤਾਂ ਲੈ ਆਉਂਦੇ ਹਾਂ ਪਰ ਆਪਣੇ ਆਪ ਲਈ ਗੱਲ ਕਰਨ ਵਾਸਤੇ, ਆਪਣੇ ਸੱਭਿਆਚਾਰ ਦੀ ਗੱਲ ਕਰਨ ਵਾਸਤੇ, ਆਪਣੇ ਵਿਰਸੇ ਨੂੰ ਸਮਝਣ ਵਾਸਤੇ ਅਸੀਂ ਇਕ ਨਿੱਕੀ ਜਿਹੀ ਲਾਇਬ੍ਰੇਰੀ ਨਹੀਂ ਬਣਾਉਂਦੇ। ਸੋ ਬਹੁਤ ਸਾਰੇ ਲੇਖਕਾਂ ਤੇ ਬਹੁਤ ਸਾਰੇ ਪਾਠਕਾਂ, ਪ੍ਰਿੰਟ ਮੀਡੀਆ ਨੇ, ਇਲੈਕਟਰੋਨਿਕ ਮੀਡੀਆ ਨੇ ਤੇ ਰੇਡੀਓ ਹੋਸਟ ਨੇ ਬੇਨਤੀ ਕੀਤੀ ਕਿ ਆਪਣੇ ਘਰ ਦੇ ਵਿਚ ਥੋੜ੍ਹੀਆਂ ਜਿਹੀਆਂ ਕਿਤਾਬਾਂ ਜ਼ਰੂਰ ਰੱਖੋ ਤਾਂ ਕਿ ਆਪਣੇ ਆਪ ਨੂੰ ਜਾਣ ਸਕੀਏ। ਇਤਿਹਾਸ ਨੂੰ ਜਾਣ ਸਕੀਏ, ਸਾਹਿਤ ਨੂੰ ਸਮਝ ਸਕੀਏ। ਸਾਹਿਤ ਰਾਹੀਂ ਪੰਜਾਬ ਨੂੰ ਸਮਝ ਸਕੀਏ।

Check Also

ਲਿਬਰਲ ਪਾਰਟੀ ਦੀਆਂ ਨੀਤੀਆਂ ‘ਚ ਬੱਚੇ, ਸੀਨੀਅਰਜ਼ ਸਮੇਤ ਸਾਰੇ ਹੀ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਫੈੱਡਰਲ ਚੋਣਾਂ ਨੂੰ ਲੈ ਕੇ ਲਿਬਰਲ ਪਾਰਟੀ ਨੇ ਆਪਣੀਆਂ ਲੋਕ-ਪੱਖੀ ਪਾਲਿਸੀਆਂ ਨਾਲ …