Breaking News
Home / ਕੈਨੇਡਾ / ਮਿਸੀਸਾਗਾ ‘ਚ ਪੁਸਤਕ ਮੇਲੇ ਨੂੰ ਪਾਠਕਾਂ ਨੇ ਦਿੱਤਾ ਭਰਪੂਰ ਹੁੰਗਾਰਾ

ਮਿਸੀਸਾਗਾ ‘ਚ ਪੁਸਤਕ ਮੇਲੇ ਨੂੰ ਪਾਠਕਾਂ ਨੇ ਦਿੱਤਾ ਭਰਪੂਰ ਹੁੰਗਾਰਾ

ਆਓ ਸਾਰੇ ਭੱਜ ਕੇ ਕਿਤਾਬਾਂ ਨੇ ਬੁਲਾਉਂਦੀਆਂ
ਟੋਰਾਂਟੋ : ਪੁਸਤਕਾਂ ਦੀ ਜੀਵਨ ਕਿੰਨੀ ਮਹੱਤਤਾ ਹੈ ਤੇ ਇਹ ਕਿੰਝ ਮਨੁੱਖ ਦੀ ਅਗਵਾਈ ਕਰਦੀਆਂ ਹਨ। ਪੁਸਤਕਾਂ ਦੇ ਪ੍ਰੇਮੀ ਰੋਟੀ ਦੀ ਤਲਾਸ਼ ਵਾਂਗ ਬੌਧਿਕ ਭੁੱਖ ਦੂਰ ਕਰਨ ਲਈ ਕਿਤਾਬਾਂ ਦੀ ਭਾਲ ਵਿਚ ਤੁਰਦਾ ਹੈ। ਪਰ ਵਿਦੇਸ਼ ਵਿਚ ਆਪਣੀ ਮਾਂ ਬੋਲੀ ਪੰਜਾਬੀ ਦੀਆਂ ਕਿਤਾਬਾਂ ਦੀਵਾ ਲੈ ਕੇ ਵੀ ਨਹੀਂ ਲੱਭਦੀਆਂ। ਜੇ ਲੱਭਦੀਆਂ ਵੀ ਨੇ ਤਾਂ ਉਹ ਉਹਨਾਂ ਦੇ ਮਤਲਬ ਦੀਆਂ ਨਹੀਂ ਹੁੰਦੀਆਂ। ਪਿਛਲੇ ਦੋ ਹਫਤਿਆਂ ਤੋਂ ਮਿਸੀਸਾਗਾ ਵਿਚ ਗੁਲਾਟੀ ਪਬਲਿਸ਼ਰਜ਼ ਲਿਮਟਿਡ (ਗਰੁੱਪ ਆਫ਼ ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵੱਲੋਂ ਲਗਾਇਆ ਪੁਸਤਕ ਮੇਲਾ (ਟਰਾਂਟੋ ਦੀਆਂ ਸਾਹਿਤਕ ਸਭਾਵਾਂ, ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਦੇ ਸਹਿਯੋਗ ਨਾਲ) ਪਾਠਕਾਂ ਤੇ ਪੰਜਾਬੀ ਪ੍ਰੇਮੀਆਂ ਦੀ ਪਿਛਲੇ ਹਫਤੇ ਤੋਂ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਕਿਤਾਬਾਂ ਦੇ ਪ੍ਰੇਮੀ ਤੇ ਸ਼ਬਦਾਂ ਨੂੰ ਪਿਆਰ ਕਰਨ ਵਾਲੇ ਪੰਜਾਬੀ ਲਗਾਤਾਰ ਇਸ ਮੇਲੇ ਵਿਚ ਆਪਣੇ ਮਨਪਸੰਦ ਦੀਆਂ ਕਿਤਾਬਾਂ ਖਰੀਦਣ ਆਉਂਦੇ ਹਨ। ਇਹ ਪੁਸਤਕ ਪ੍ਰਦਰਸ਼ਨੀ ਹਰ ਰੋਜ਼ ਪਾਠਕਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਮੇਲੇ ਦਾ ਰੂਪ ਧਾਰਦੀ ਹੈ। ਮੇਲੇ ਨੂੰ ਕਾਮਯਾਬ ਕਰਨ ਲਈ ਜਿੱਥੇ ਪੰਜਾਬੀ ਦੇ ਨਾਮਵਰ ਲੇਖਕ ਆਉਂਦੇ ਹਨ, ਉਥੇ ਉਹ ਇਕ ਦੂਜੇ ਦੇ ਮਿੱਤਰਾਂ ਰਿਸ਼ਤੇਦਾਰਾਂ ਤੇ ਪੰਜਾਬੀ ਪ੍ਰੇਮੀਆਂ ਨੂੰ ਇਸ ਪੁਸਤਕ ਮੇਲੇ ਵਿਚ ‘ਗੇੜੀ’ ਲਾਉਣ ਦੀ ਪ੍ਰੇਰਣਾ ਦਿੰਦੇ ਹਨ। ਸਤਿੰਦਰ ਪਾਲ ਸਿੰਘ ਸਿੱਧਵਾਂ, ਡਾ. ਬਲਵਿੰਦਰ ਸਿੰਘ, ਕੁਲਦੀਪ ਦੀਪਕ, ਅਮਰਜੀਤ ਸਿੰਘ ਰਾਏ ਲਗਾਤਾਰ ਆਪਣੇ ਆਪਣੇ ਰੇਡੀਓ ਦੇ ਰਾਹੀਂ ਇਸ ਪੁਸਤਕਾਂ ਦੀ ਮਹੱਤਤਾ ਅਤੇ ਸਾਹਿਤ ਪ੍ਰੇਮੀਆਂ ਨੂੰ ਉਹਨਾਂ ਦੇ ਦਰ ਤੇ ਆਏ ਸ਼ਬਦ ਯਗ ਵਿਚ ਆਉਣ ਲਈ ਪ੍ਰੇਰਦੇ ਹਨ। ਮੇਲੇ ਵਿਚ ਸਭ ਤੋਂ ਵੱਧ ਹੁੰਗਾਰਾ ਭਰਨ ਵਾਲੀਆਂ ਪੁਸਤਕਾਂ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’, ਜੋ ਅੰਮ੍ਰਿਤਾ ਪ੍ਰੀਤਮ ਦੇ ਜੀਵਨ ‘ਤੇ ਅਧਾਰਿਤ ਹੈ, ਸੁਖਜੀਤ ਦੀ ਸਵੈ ਜੀਵਨੀ ‘ਮੈਂ ਜੈਸਾ ਹੂੰ… ਮੈਂ ਵੈਸਾ ਕਿਊਂ ਹੂੰ…’ ਇਹ ਪੁਸਤਕ ਪੰਜਾਬ ਦੇ ਡੇਰਾਵਾਦ ਦੀ ਅੰਦਰਲੀ ਤਸਵੀਰ ਨੂੰ ਪੇਸ਼ ਕਰਦੀ ਹੈ।
ਰਾਮ ਸਿੰਘ ਦੀ ਪੁਸਤਕ ‘ਪਾਸ਼ੋ ਦਾ ਮੁੰਡਾ’ ਸਵੈ ਜੀਵਨੀ ਸਮਾਜ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਖੋਲ੍ਹਦੀ ਹੈ। ਨਿਰੁਪਮਾ ਦੱਤ ਦੀ ਪੰਜਾਬੀ ਵਿਚ ਅਨੁਵਾਦ ਪੁਸਤਕ ‘ਬੰਤ ਸਿੰਘ ਦੀ ਬਾਤ’ ਪਾਠਕਾਂ ਦੀ ਵਿਸ਼ੇਸ਼ ਰੁਚੀ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਤੋਂ ਬਿਨਾਂ ਖੁਸ਼ਵੰਤ ਸਿੰਘ, ਜਸਵੰਤ ਸਿੰਘ ਕੰਵਲ, ਬਲਵੰਤ ਗਾਰਗੀ, ਪਾਸ਼, ਸੁਰਜੀਤ ਪਾਤਰ, ਸੁਖਵਿੰਤਰ ਅੰਮ੍ਰਿਤ, ਡਾ. ਸਵਰਾਜਬੀਰ ਦੀ ਪੁਸਤਕਾਂ ‘ਹੱਕ’, ‘ਮੱਸਿਆ ਦੀ ਰਾਤ’, ‘ਕੱਲਰ’ ਤੇ ‘ਸ਼ਾਇਰੀ’, ਮਨਮੋਹਨ ਬਾਵਾ ਦੇ ਸਫ਼ਰਨਾਮੇ, ਅਜਮੇਰ ਔਲਖ ਦੇ ਸਾਰੇ ਨਾਟਕ, ਨਛੱਤਰ ਦੇ ਨਾਵਲ ‘ਸਲੋਅ ਡਾਊਨ’ ਤੇ ‘ਕੈਂਸਰ ਟਰੇਨ’, ਫਿਲਮ ਅਦਾਕਾਰ ਰਾਣਾ ਰਣਬੀਰ ਦਾ ਨਾਵਲ ’20 ਨਵੰਬਰ’, ਡਾ. ਗੁਰਬਖਸ਼ ਸਿੰਘ ਭੰਡਾਲ ਦੀਆਂ ਪੁਸਤਕਾਂ, ਇਕਬਾਲ ਮਾਹਲ ਦੀਆਂ ਪੁਸਤਕਾਂ ‘ਡੌਂਗੀ ਟੇਲ ਡਰਾਈਵ’ (ਨਾਵਲ) ਤੇ ‘ਸੁਰਾਂ ਦੇ ਸੁਦਾਗਰ’, ਜਸਵੰਤ ਦੀਦ ਦੀ ਪੁਸਤਕ ‘ਖੱਡੀ’ ਨਿੰਦਰ ਘੁਗਿਆਣਵੀ ਦੀਆਂ ਪੁਸਤਕਾਂ, ਪਰਮਿੰਦਰ ਸੋਢੀ ਦੀਆਂ ਪੁਸਤਕਾਂ, ਡਾ. ਅਜਾਇਬ ਸਿੰਘ ਦੀਆਂ ਪੁਸਤਕਾਂ, ਜਗਤਾਰ ਢਾਅ ਦੀਆਂ ਪੁਸਤਕਾਂ, ਮਨਮੋਹਨ ਦੀਆਂ ਪੁਸਤਕਾਂ ਆਦਿ ਦੀਆਂ ਇੱਥੇ ਮੌਜੂਦ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਪੁਸਤਕ ਮੇਲੇ ਨੂੰ ਅਤੇ ਪੰਜਾਬੀ ਦੇ ਨਾਲ ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਜੋੜਨ ਦੇ ਲਈ ਖ਼ਬਰਨਾਮਾ, ਹਮਦਰਦ, ਪੰਜਾਬੀ ਸਟਾਰ, ਆਵਾਜ਼ ਦੇ ਰਾਹੀਂ ਗੁਰਦਿਆਲ ਬੱਲ, ਬਲਦੇਵ ਦੁਬੇ, ਬਲਰਾਜ ਚੀਮਾ, ਹਰਦੇਵ ਚੌਹਾਨ, ਬਲਰਾਜ ਧਾਲੀਵਾਲ, ਬਲਜੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਲੇਲਣਾ, ਕੁਲਵਿੰਦਰ ਖਹਿਰਾ, ਅਭਿ ਸ਼ਰਮਾ, ਪ੍ਰਤੀਕ ਸਿੰਘ, ਮਨਪ੍ਰੀਤ ਸਿੰਘ ਗਿੱਲ, ਹਰਮਨ, ਨਰੇਸ਼ ਬਿਰਦੀ, ਪਰਮਿੰਦਰ ਸੁੰਢ ਆਦਿ ਨੇ ਜਿੱਥੇ ਫੋਨਾਂ ਰਾਹੀਂ ਪੰਜਾਬੀਆਂ ਨੂੰ ਹਾਕਾਂ ਮਾਰੀਆਂ ਉੱਥੇ ਉਹਨਾਂ ਰਿਪੋਰਟਾਂ ਵਿਚ ਪ੍ਰੇਰਿਆ। ਇਸ ਪੁਸਤਕ ਮੇਲੇ ਦੇ ਪ੍ਰਬੰਧਕ ਤੇ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਹ ਮੇਲਾ ਦੂਜੇ ਹਫਤੇ ਵਿਚ ਪ੍ਰਵੇਸ਼ ਕਰ ਚੁੱਕਿਆ ਹੈ ਜਿਸ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਵੱਖ ਵੱਖ ਤਰ੍ਹਾਂ ਦੀਆਂ ਪੁਸਤਕਾਂ ਮੌਜੂਦ ਹਨ। ਪੰਜਾਬੀ ਮੇਲੇ ਦੀ ਮਹੱਤਤਾ ਬਾਰੇ ਰੇਡੀਓ ਚਲਾਉਣ ਵਾਲੇ ਹੋਸਟ ਆਪਣੀ ਆਵਾਜ਼ਾਂ ਦੇ ਰਾਹੀਂ ਲੋਕਾਂ ਨੂੰ ਇਸ ਪੁਸਤਕ ਮੇਲੇ ਵਿਚ ਗੇੜਾ ਮਾਰਨ ਲਗਾਤਾਰ ਪ੍ਰੇਰਿਤ ਕਰ ਰਹੇ ਹਨ। ਦਲਜੀਤ ਜੀਤੀ, ਸਰਬਜੀਤ ਜਿਹੜੇ ਖੁਦ ਪੁਸਤਕ ਪ੍ਰੇਮੀ ਤੇ ਉਹ ਉਹਨਾਂ ਪੰਜਾਬੀਆਂ ਨੂੰ ਪ੍ਰੇਰਿਤ ਕਰਦੇ ਹਨ ਜਿਹੜੇ ਟੈਕਸੀ ਅਤੇ ਟਰੱਕਾਂ ਦਾ ਕਾਰੋਬਾਰ ਕਰਦੇ ਹਨ। ਉਹ ਲਗਾਤਾਰ ਡਰਾਇਵਰਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜਦੇ ਹਨ। ਇਸ ਮੇਲੇ ਦੀ ਮਹੱਤਤਾ ਇਹ ਹੈ ਕਿ ਜਿੰਨੇ ਵੀ ਸਾਹਿਤ ਪ੍ਰੇਮੀ ਪੁਸਤਕ ਮੇਲੇ ਵਿਚ ਆਉਂਦੇ ਹਨ ਉਹ ਆਉਂਦੇ ਤਾਂ ਗੇੜਾ ਮਾਰਨ ਹਨ ਪਰ ਜਦੋਂ ਵੱਖ ਵੱਖ ਵਿਧਾਵਾਂ ਦੀਆਂ ਕਿਤਾਬਾਂ ਵੇਖਦੇ ਹਨ ਤਾਂ ਉਹ ਆਪਣੇ ਮਨਪਸੰਦ ਦੀਆਂ ਕਿਤਾਬਾਂ ਨੂੰ ਖਰੀਦ ਕੇ ਘਰ ਦੇ ਸਮਾਨ ਵਾਂਗ ਲੈ ਕੇ ਜਾਂਦੇ ਦੇਖੇ ਜਾ ਸਕਦੇ ਹਨ। ਇਸ ਮੇਲੇ ਵਿਚ ਪੁੱਜੇ ਬਹੁਤ ਸਾਰੇ ਪੰਜਾਬੀ ਪਾਠਕਾਂ ਨੇ ਇਹ ਵੀ ਆਖਿਆ ਹੈ ਕਿ ਅਸੀਂ ਤਾਂ ਆਪਣੀ ਮਾਂ ਬੋਲੀ ਦੇ ਨਾਲੋਂ ਟੁੱਟ ਹੀ ਗਏ ਸੀ, ਪਰ ਇਥੇ ਪੰਜਾਬੀ ਦੀਆਂ ਪੁਸਤਕਾਂ ਵੇਖ ਕੇ ਫਿਰ ਤੋਂ ਆਪਣੀ ਭਾਸ਼ਾ ਦੇ ਨਾਲ ਜੁੜਨ ਦਾ ਇਹ ਮੌਕਾ ਇਸ ਪੁਸਤਕ ਮੇਲੇ ਨੇ ਸਾਨੂੰ ਬਖਸ਼ਿਆ ਹੈ। ਆਮ ਤੌਰ ਤੇ ਅਸੀਂ ਕਿਤਾਬਾਂ ਖਰੀਦਣ ਦੁਕਾਨਾਂ ਤੇ ਜਾਂਦੇ ਹਾਂ ਪਰ ਇਥੇ ਕਿਤਾਬਾਂ ਖੁਦ ਚਲ ਕੇ ਆਪਣੇ ਪਾਠਕਾਂ ਦੇ ਕੋਲ ਆਈਆਂ ਹਨ ਤੇ ਪਾਠਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਕਿਤਾਬਾਂ ਦੀ ਕਦਰ ਕਰਨ। ਉਹਨਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਲੋਕ ਇਹ ਆਖੀ ਜਾ ਰਹੇ ਹਨ ਕਿ ਪੰਜਾਬੀ ਮਾਂ ਬੋਲੀ ਆਉਣ ਵਾਲਿਆਂ ਸਮਿਆਂ ਵਿਚ ਖਤਮ ਹੋ ਜਾਵੇਗੀ, ਪਰ ਇੱਥੇ ਪੁਸਤਕਾਂ ਦੇ ਸੰਸਾਰ ਨੂੰ ਵੇਖ ਕੇ ਆਖਿਆ ਜਾ ਸਕਦਾ ਹੈ ਕਿ ਪੰਜਾਬੀ ਮਾਂ ਬੋਲੀ ਵਿਚ ਲਿਖਣ ਵਾਲੇ ਲੇਖਕ, ਪ੍ਰਕਾਸ਼ਕ ਅਤੇ ਉਹਨਾਂ ਆਮ ਪਾਠਕਾਂ ਤੱਕ ਪੁੱਜਦਾ ਕਰਨ ਵਾਲੇ ਪੰਜਾਬੀ ਮਾਂ ਬੋਲੀ ਦੇ ਸਪੂਤ ਕਦੇ ਵੀ ਇਸ ਨੂੰ ਖਤਮ ਨਹੀਂ ਹੋਣ ਦੇਣਗੇ।
ਇਸ ਪੁਸਤਕ ਮੇਲੇ ਵਿਚ ਅਜੇ ਤਕ ਜਿਨ੍ਹਾਂ ਨੇ ਗੇੜਾ ਨਹੀਂ ਮਾਰਿਆ ਉਹ ਜ਼ਰੂਰ ਇਸ ਮੇਲੇ ਵਿਚ ਆਉਣ ਤਾਂ ਕਿ ਉਹਨਾਂ ਨੂੰ ਪਤਾ ਲਗ ਸਕੇ ਕਿ ਉਹਨਾਂ ਦੇ ਘਰ ਤੇ ਇਸ ਪੁਸਤਕ ਮੇਲੇ ਵਿਚ ਕਿੰਨਾ ਫਾਸਲਾ ਹੈ। ਕਿਤਾਬਾਂ ਮਨੁੱਖ ਦੀਆਂ ਉਹ ਦੋਸਤ ਨੇ ਜਿਹੜੀਆਂ ਕਦੇ ਵੀ ਧੋਖਾ ਨਹੀਂ ਦਿੰਦੀਆਂ। ਆਓ ਪੰਜਾਬੀਓਂ! ਕਿਤਾਬਾਂ ਅੱਜ ਤੁਹਾਨੂੰ ਉਡੀਕਦੀਆਂ ਹਨ। ਹੋਰ ਜਾਣਕਾਰੀ ਲਈ ਸਤੀਸ਼ ਗੁਲਾਟੀ ਨਾਲ 778-320-2551 ਤੇ ਸੰਪਰਕ ਕਰ ਸਕਦੇ ਹੋ।

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਹਾਲ ‘ਚ ਬੁਲਾ ਕੇ ਕੀਤਾ ਗਿਆ ਸਨਮਾਨਿਤ

ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਮਸ਼ਹੂਰ …