1.7 C
Toronto
Wednesday, January 7, 2026
spot_img
Homeਭਾਰਤਪੱਛਮੀ ਬੰਗਾਲ 'ਚ ਮੋਦੀ ਦੀ ਰੈਲੀ ਦੌਰਾਨ ਪੰਡਾਲ ਡਿੱਗਿਆ

ਪੱਛਮੀ ਬੰਗਾਲ ‘ਚ ਮੋਦੀ ਦੀ ਰੈਲੀ ਦੌਰਾਨ ਪੰਡਾਲ ਡਿੱਗਿਆ

ਜ਼ਖ਼ਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਮਿਦਨਾਪੁਰ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੇ ਇਸ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਇਕ ਪੰਡਾਲ ਡਿੱਗ ਪੈਣ ਕਾਰਨ ਕਰੀਬ 90 ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਵਿੱਚ 66 ਮਰਦ ਤੇ 24 ਔਰਤਾਂ ਸ਼ਾਮਲ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਮੋਦੀ ਦਾ ਭਾਸ਼ਣ ਚੱਲ ਰਿਹਾ ਸੀ। ਇਸ ਦੌਰਾਨ ਮੋਦੀ ਨੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸਰਕਾਰ ਉਤੇ ਜ਼ੋਰਦਾਰ ਹੱਲੇ ਬੋਲਦਿਆਂ ਉਸ ‘ਤੇ ਜਮਹੂਰੀਅਤ ਦਾ ‘ਗਲ ਘੁੱਟਣ’ ਦੇ ਦੋਸ਼ ਲਾਏ।
ਦੱਸਿਆ ਜਾਂਦਾ ਹੈ ਕਿ ਇਹ ਪੰਡਾਲ ਲੋਕਾਂ ਨੂੰ ਬਾਰਸ਼ ਤੋਂ ਬਚਾਉਣ ਲਈ ਰੈਲੀ ਦੇ ਦਾਖ਼ਲੇ ਵਾਲੇ ਸਥਾਨ ਨੇੜੇ ਬਣਾਇਆ ਗਿਆ ਸੀ। ਇਸ ਦੌਰਾਨ ਪਾਰਟੀ ਦੇ ਅਨੇਕਾਂ ਵਰਕਰ ਟੈਂਟ ਦੇ ਉੱਤੇ ਚੜ੍ਹ ਗਏ, ਜੋ ਸੰਭਵ ਤੌਰ ‘ਤੇ ਇਸ ਦੇ ਡਿੱਗਣ ਦਾ ਕਾਰਨ ਬਣਿਆ। ਜ਼ਖ਼ਮੀਆਂ ਨੂੰ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀਆਂ ਐਂਬੂਲੈਂਸਾਂ ਰਾਹੀਂ ਪੱਛਮੀ ਮਿਦਨਾਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ઠਹਸਪਤਾਲ ਦੇ ਪ੍ਰਿੰਸੀਪਲ ਡਾ. ਪੀ. ਕੁੰਡੂ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਤੇ 14 ਵਿਅਕਤੀਆਂ ਨੂੰ ਦੇਰ ਸ਼ਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਬਾਕੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।
ਮੋਦੀ ਨੇ ਆਪਣੇ ਭਾਸ਼ਣ ਦੌਰਾਨ ਵੀ ਕਈ ਵਾਰ ਲੋਕਾਂ ਨੂੰ ਟੈਂਟ ਦੇ ਉਪਰ ਚੜ੍ਹਨ ਤੋਂ ਰੋਕਿਆ ਪਰ ਉਹ ਨਾ ਰੁਕੇ। ਹਾਦਸੇ ਦੇ ਫ਼ੌਰੀ ਬਾਅਦ ਮੋਦੀ ਨੇ ਆਪਣੀ ਸੁਰੱਖਿਆ ਲਈ ਤਾਇਨਾਤ ਐਸਪੀਜੀ ਜਵਾਨਾਂ ਤੇ ਡਾਕਟਰਾਂ ਆਦਿ ਨੂੰ ਜ਼ਖ਼ਮੀਆਂ ਦੀ ਸੰਭਾਲ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਇਸ ਮੌਕੇ ਥੋੜ੍ਹੀ ਦੇਰ ਆਪਣਾ ਭਾਸ਼ਣ ਰੋਕਿਆ ਤੇ ਫਿਰ ਆਪਣੀ ਗੱਲ ਆਖਣੀ ਸ਼ੁਰੂ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਰੈਲੀ ਤੋਂ ਬਾਅਦ ਹਸਪਤਾਲ ਪੁੱਜ ਕੇ ਵੀ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।
ਮੁੱਖ ਮੰਤਰੀ ਬੀਬੀ ਬੈਨਰਜੀ ਨੇ ਵੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਮੋਦੀ ਨੇ ਇਸ ‘ਕਿਸਾਨ ਰੈਲੀ’ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਟੀਐਮਸੀ ਸਰਕਾਰ ਵੱਲੋਂ ਸੂਬੇ ਵਿੱਚ ‘ਜਮਹੂਰੀਅਤ ਦਾ ਗਲਾ ਘੁੱਟਿਆ’ ਜਾ ਰਿਹਾ ਹੈ ਤੇ ਇਥੇ ‘ਸਿੰਡੀਕੇਟ ਰਾਜ’ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਾਸੀਆਂ ਨੂੰ ਕੁਝ ਮਹੀਨਿਆਂ ਤੱਕ ਤ੍ਰਿਣਮੂਲ ਸਰਕਾਰ ਦੀ ‘ਬਦਇੰਤਜ਼ਾਮੀ’ ਤੋਂ ਛੁਟਕਾਰਾ ਦਿਵਾ ਦਿੱਤਾ ਜਾਵੇਗਾ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੀ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੰਮ ਕਰ ਰਹੀ ਹੈ।
ਮੋਦੀ ਧਰਮ ਦੀ ਦੁਰਵਰਤੋਂ ਕਰਕੇ ਸੱਤਾ ‘ਤੇ ਕਾਬਜ਼ ਹੋਏ : ਜੇਠਮਲਾਨੀ
ਲੁਧਿਆਣਾ : ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ਵਿੱਚ ਰਹਿਣ ਵਾਲੇ ਉੱਘੇ ਵਕੀਲ ਤੇ ਸਾਬਕਾ ਰਾਜ ਸਭਾ ਮੈਂਬਰ ਰਾਮ ਜੇਠਮਲਾਨੀ ਨੇ ਕਿਹਾ ਕਿ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦੇ। ਉਨ੍ਹਾਂ ਕਿਹਾ ਨਰਿੰਦਰ ਮੋਦੀ ਧਰਮ ਦੇ ਨਾਮ ‘ਤੇ ਰਾਜਨੀਤੀ ਕਰਦੇ ਹਨ, ਜਿਸ ਕਾਰਨ ਉਹ ਮੋਦੀ ਨੂੰ ਪਸੰਦ ਨਹੀਂ ਕਰਦੇ। ਜੇਠਮਲਾਨੀ ਪਿਛਲੇ ਸਾਲ ਲੁਧਿਆਣਾ ‘ਚ ਸਲੇਮ ਟਾਬਰੀ ਗਿਰਜਾਘਰ ਦੇ ਬਾਹਰ ਗੋਲੀਆਂ ਨਾਲ ਮਾਰੇ ਗਏ ਪਾਦਰੀ ਸੁਲਤਾਨ ਮਸੀਹ ਦੇ ਬਰਸੀ ਸਮਾਗਮ ਵਿੱਚ ਪੁੱਜੇ ਸਨ।
ਇਸ ਤੋਂ ਪਹਿਲਾਂ ਜੇਠਮਲਾਨੀ ਨੇ ਸਰਕਟ ਹਾਊਸ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ, ਧਰਮ ਦੀ ਦੁਰਵਰਤੋਂ ਕਰਕੇ ਸੱਤਾ ‘ਤੇ ਕਾਬਜ਼ ਹੋਏ ਹਨ, ਜਿਸ ਕਾਰਨ ਉਹ ਮੋਦੀ ਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਮੋਦੀ ਖ਼ਿਲਾਫ਼ 18 ਨੋਟਿਸ ਕੱਢ ਚੁੱਕੇ ਹਨ, ਜਿਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ।

RELATED ARTICLES
POPULAR POSTS