Breaking News
Home / ਨਜ਼ਰੀਆ / ਔਰਤ, ਸ਼ਕਤੀ ਅਤੇ ਸਿਆਣਪ

ਔਰਤ, ਸ਼ਕਤੀ ਅਤੇ ਸਿਆਣਪ

ਸੁਰਜੀਤ
ਟੋਰਾਂਟੋ 905-216-4981
ਔਰਤ ઠਸ਼ਕਤੀ ਅਤੇ ਸਿਆਣਪ ਦਾ ਮੁਜੱਸਮਾ ਹੈ। ਉਸਦਾ ਹੌਸਲਾ ਹਮੇਸ਼ਾ ਤੋਂ ਬੁਲੰਦ ਹੈ। ਹੌਸਲੇ ਦਾ ਸਬੰਧ ਹਾਲਾਤ ਅਤੇ ਪ੍ਰਸਥਿਤੀਆਂ ਨਾਲ ਹੁੰਦਾ ਹੈ ਕਿਸੇ ਜੈਂਡਰ ਨਾਲ ਨਹੀਂ। ਦੁਨੀਆ ਦੇ ਤਕਰੀਬਨ ਹਰ ਖਿੱਤੇ ਵਿਚ ਸਦੀਆਂ ਤੋਂ ਮਰਦ ਵਲੋਂ ਔਰਤ ਨੂੰ ਪਛਾੜਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿਸ ਬੀਜ ਨੂੰ ਜ਼ਿਆਦਾ ਦਬਾਇਆ ਜਾਂਦਾ ਹੈ ਉਹ ਉੱਨੀ ਹੀ ਤੀਬਰਤਾ ਨਾਲ ਧਰਤੀ ਵਿਚੋਂ ਬਾਹਰ ਨਿਕਲਦਾ ਹੈ। ਔਰਤ ਨੇ ਆਪਣੇ ਹੌਸਲੇ ਬੁਲੰਦ ਰਖਦਿਆਂ ਵਿਪਰੀਤ ਪ੍ਰਸਥਿਤੀਆਂ ਦਾ ਸਾਹਮਣਾ ਕੀਤਾ ਅਤੇ ਹਮੇਸ਼ਾ ਮਰਦ ਦੇ ਬਰਾਬਰ ਖੜ੍ਹੀ ਹੋਈ ਹੈ। ‘ਵੁਮੈਨ ਇੰਪਾਵਰਮੈਂਟ’ ਦੀ ਗੱਲ ਕਰਨਾ ਫੈਸ਼ਨ ਜਿਹਾ ਬਣ ਗਿਆ ਹੈ। ਔਰਤ ਤਾਂ ਹਮੇਸ਼ਾ ਤੋਂ ਹੀ ਸਸ਼ਕਤ ਰਹੀ ਹੈ। ਕੇਵਲ ਮਰਦ ਪ੍ਰਧਾਨ ਸੋਚ ਹੀ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ।ઠ
ਵਿਸ਼ਵ ਯੁੱਧ ਵਿਚ ਔਰਤਾਂ ਦਾ ਰੋਲ : ਹੁਣ ਪਹਿਲੇ ਵਿਸ਼ਵ ਯੁੱਧ ਦੀ ਗੱਲ ਹੀ ਲੈ ਲਵੋ। ਇਸ ਸਮੇਂ ਦੌਰਾਨ (1914-1918) ਜਦੋਂ ਘਰ ਦੇ ਸਾਰੇ ਮਰਦਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਜਾਣਾ ਪਿਆ ਤਾਂ ਕਮਾਈ ਕਰਕੇ ਘਰ ਚਲਾਉਣ ਵਾਲੇ ਮਰਦਾਂ ਦਾ ਰੋਲ ਔਰਤਾਂ ਨੇ ਅਪਣਾ ਲਿਆ। ਸਕਰਟਾਂ ਪਹਿਨਣ ਵਾਲੀਆਂ ਬਰਤਾਨਵੀ ਔਰਤਾਂ ਨੇ ਜੀਨਾਂ ਪਹਿਨ ਲਈਆਂ ਅਤੇ ਮਰਦਾਂ ਵਾਲੇ ਸਾਰੇ ਕੰਮਾਂ ਨੂੰ ਆਪਣੇ ਹੱਥਾਂ ਵਿਚ ਲੈ ਲਿਆ। ਇਹ ਮੁਹਾਵਰਾ ਵੀ ਪ੍ਰਚੱਲਤ ਹੋ ਗਿਆ ਕਿ ‘ਵੰਨ ਹੂ ਵੇਅਰਜ਼ ਜੀਨਜ਼’ ਭਾਵ ਕਿ ਉਹ ਜੋ ਰੋਜ਼ੀ ਕਮਾਉਂਦੀ ਹੈ।ઠ
ਔਰਤਾਂ ਨੇ ਘਰ ਦੀ ਚਾਰ ਦੀਵਾਰੀ ਛੱਡ ਕੇ ਫੈਕਟਰੀਆਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਬਾਰੂਦ ਬਣਾਉਣ ਵਾਲੀਆਂ ਫੈਕਟਰੀਆਂ, ਜਿਸ ਨੂੰ ਕੇਵਲ ‘ਮਰਦਾਂ ਦਾ ਕੰਮ’ ਕਿਹਾ ਜਾਂਦਾ ਸੀ, ਵਿਚ ਵੀ ਔਰਤਾਂ ਕੰਮ ਕਰਨ ਲੱਗੀਆਂ। ਕਾਮਿਆਂ ਦੀ ਕਮੀ ਕਾਰਣ ਬਾਰੂਦ ਦੀ ਥੋੜ ਨੂੰ ਪੂਰਾ ਕਰਨ ਲਈ ਸਰਕਾਰ ਨੇ ਬਾਰੂਦ ਫੈਕਟਰੀਆਂ ਵਿਚ ਔਰਤਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਮਰਦਾਂ ਦੀ ਗੈਰ ਹਾਜ਼ਰੀ ਵਿਚ ਔਰਤਾਂ ਨੇ ਉਨ੍ਹਾਂ ਦੇ ਸਾਰੇ ਕੰਮ ਸੰਭਾਲ ਲਏ ਜਿਵੇਂ ਕਿ ਬੱਸਾਂ, ਰੇਲ ਗੱਡੀਆਂ ਅਤੇ ਟਰਾਮਾਂ ਦੇ ਵਾਹਨ-ਚਾਲਕ ਅਤੇ ਕੰਡਕਟਰਾਂ ਦਾ ਕੰਮ, ਰੇਲਵੇ ਗਾਰਡਾਂ, ਡਾਕ-ਵਿਭਾਗ ਅਤੇ ਬੈਂਕਾਂ ਵਿਚ ਕਲਰਕ ਆਦਿ ਦੇ ਸਾਰੇ ਕੰਮ ਔਰਤਾਂ ਨੇ ਕਰਨੇ ਸ਼ੁਰੂ ਕਰ ਦਿੱਤੇ, ਇੱਥੋਂ ਤੱਕ ਕਿ ਬਹੁਤ ਸਾਰੀਆਂ ਔਰਤਾਂ ਨੇ ਖੇਤਾਂ ਅਤੇ ਫਾਰਮਾਂ ਦੇ ਭਾਰੀ ਭਰਕਮ ਕੰਮਾਂ ਅਤੇ ਫੌਜ ਵਿਚ ਭਰਤੀ ਹੋਣ ਵਰਗੇ ਜ਼ੋਖਮ ਭਰੇ ਕੰਮਾਂ ਨੂੰ ਕਰਨ ਤੋਂ ਵੀ ਗੁਰੇਜ ਨਾ ਕੀਤਾ । ਉਸਦੇ ਇਸ ਹੌਸਲੇ ਦੀ ਕਦਰ ਕਰਨ ਦੀ ਬਜਾਇ ਮਰਦਾਂ ਨੇ ਕੀਤਾ? ਮਰਦਾਂ ਬਰਾਬਰ ਕੰਮ ਕਰਨ ‘ਤੇ ਵੀ ਅੱਜ ਤੱਕ ਔਰਤਾਂ ਨੂੰ ਘੱਟ ਮਜ਼ਦੂਰੀ ਮਿਲਦੀ ਰਹੀ ਹੈ। ਇੱਥੇ ਵੀ ਉਸਨੇ ਹੌਸਲਾ ਨਹੀਂ ਹਾਰਿਆ ਸਗੋਂ ਅੱਜ ਤੱਕ ਮਰਦਾਂ ਦੇ ਬਰਾਬਰ ਮਜਦੂਰੀ ਮਿਲਣ ਦੇ ਆਪਣੇ ਹੱਕ ਦੀ ਮੰਗ ਨੂੰ ਜਾਰੀ ਰੱਖਿਆ ਹੈ।
ਯੁੱਧ ਵਿਚ ਬਰਤਾਨਵੀ ਫੌਜਾਂ ਵਲੋਂ ਵਰਤੇ ਗਏ ਹੱਥਿਆਰ ਅਤੇ ਬਾਰੂਦ ਤੱਕ ਔਰਤਾਂ ਵਲੋਂ ਹੀ ਤਿਆਰ ਕੀਤੇ ਗਏ। ਇਸ ਵਿਚ ઠਵਰਤੇ ਜਾਣ ਵਾਲੇ ਕੈਮੀਕਲ ਨਾਲ ਔਰਤਾਂ ਦੀ ਚਮੜੀ ਪੀਲੀ ਪੈ ਗਈ ਅਤੇ ਇਸ ਜ਼ਹਿਰੀਲੇ ਪਦਾਰਥ ਦੀ ਵਰਤੋਂ ਕਾਰਣ ਤਕਰੀਬਨ ਚਾਰ ਸੌ ਔਰਤਾਂ ਨੇ ਆਪਣੀ ਜਾਨ ਵੀ ਗੁਆ ਲਈ। । ਇਸ ਤੋਂ ਵੱਧ ਔਰਤ ਹੋਰ ਆਪਣੇ ਸਸ਼ਕਤ ਹੋਣ ਦੀ ਕਿਹੜੀ ਉਦਾਹਰਣ ਦੇ ਸਕਦੀ ਹੈ ਕਿ ਦੇਸ਼ ਨੂੰ ਜ਼ਰੂਰਤ ਪੈਣ ਤੇ ਬਿਨਾ ਆਪਣੀ ਜਾਨ ਦੀ ਪ੍ਰਵਾਹ ਕੀਤਿਆਂ ਬਾਰੂਦ ਬਣਾਉਣ ਵਾਲੀਆਂ ਫੈਕਟਰੀਆਂ ਤੱਕ ਵਿਚ ਵੀ ਕੰਮ ਕਰਨਾ ਸ਼ੁਰੂ ਕਰ ਦੇਵੇ।
ਯੁੱਧ ਦੌਰਾਨ ਔਰਤਾਂ ਦਾ ਸੋਸ਼ਣ : ਔਰਤ ਦੀਆਂ ਕੁਰਬਾਨੀਆਂ ਦੇ ਬਾਵਜੂਦ ਵੀ ਯੁੱਧ ਜਾਂ ਵਿਗੜੇ ਹੋਏ ਹਾਲਾਤ ਵਿਚ ਸਭ ਤੋਂ ਵਧੇਰੇ ਨੁਕਸਾਨ ਔਰਤ ਦਾ ਹੁੰਦਾ ਹੈ। ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਜਾਂਦੀ ਹੈ। ਮਰਦ ਇਕ ਨਿਹੱਥੀ ਅਤੇ ਮਜਬੂਰ ਔਰਤ ਨਾਲ ਜ਼ਬਰ-ਜਨਾਹ ਕਰਕੇ ਆਪਣੇ ਆਪ ਨੂੰ ਸੂਰਮਾ ਸਮਝਦਾ ਹੈ। ਹੁਣ ਸਸ਼ਕਤ ਹੋਣ ਦੀ ਜ਼ਰੂਰਤ ਮਰਦ ਨੂੰ ਹੈ ਜੋ ਕਿਸੇ ਔਰਤ ਨੂੰ ਬੇਬਸ ਅਤੇ ਕਮਜ਼ੋਰ ਵੇਖ ਕੇ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦਾ ਹੈ ਇੱਥੋਂ ਤੱਕ ਕਿ ਔਰਤ ਦੀ ਉਮਰ ਅਤੇ ਹਾਲਤ ਤੱਕ ਨਹੀਂ ਵੇਖਦਾ । ਕਿੰਨੀਆਂ ਦਿਮਾਗੀ ਤੌਰ ‘ਤੇ ਬਿਮਾਰ, ਕੋਮਾ ਵਿਚ ਬਿਸਤਰ ‘ਤੇ ਪਈਆਂ ਔਰਤਾਂ ਨੂੰ ਮਰਦਾਂ ਨੇ ਗਰਭਵਤੀਆਂ ਕੀਤਾ? ਕੀ ਅਜਿਹਾ ਕਰਕੇ ਅਜੇ ਵੀ ਮਰਦ ਆਪਣੇ ਆਪ ਨੂੰ ਸਿਆਣਾ ਅਤੇ ਤਾਕਤਵਰ ਸਮਝਦਾ ਹੈ ? ઠਉਹ ਤਾਂ ਆਪਣੀਆਂ ਇੰਦਰੀਆਂ ‘ਤੇ ਕਾਬੂ ਵੀ ਨਹੀਂ ਪਾ ਸਕਿਆ। ਇਕੱਲੇ ਕੋਂਗੋ ਵਿਚ ਹੀ ਲੜਾਈ ਦੌਰਾਨ ਇਕ ਦਹਾਕੇ ਵਿਚ ਦੋ ਲੱਖ ਤੋਂ ਵਧੇਰੇ ਔਰਤਾਂ ਦੇ ਬਲਾਤਕਾਰ ਹੋਏ। ਸਾਊਥ ਅਫਰੀਕਾ ਵਿਚ ਇਕ ਮਿੰਟ ਵਿਚ ਦੋ ਕੁੜੀਆਂ ਜਾਂ ਔਰਤਾਂ ਦਾ ਬਲਾਤਕਾਰ ਕੀਤਾ ਜਾਂਦਾ ਹੈ। ਅਮਰੀਕਾ ਵਿਚ ਹਰ ਰੋਜ਼ ਘੱਟੋ-ਘੱਟ ਤਿੰਨ ਔਰਤਾਂ ਆਪਣੇ ਹੀ ਪਾਰਟਨਰ ਵਲੋਂ ਕਤਲ ਕਰ ਦਿੱਤੀਆਂ ਜਾਂਦੀਆਂ ਹਨ। ਕਰੋੜਾਂ ਕੁੜੀਆਂ ਕੁੱਖਾਂ ਵਿਚ ਮਾਰ ਦਿੱਤੀਆਂ ਗਈਆਂ ਜਾਂ ਮਰਨ ਲਈ ਛੱਡ ਦਿੱਤੀਆਂ ਗਈਆਂ, ਸਿਰਫ ਇਸ ਲਈ ਕਿ ਉਹ ਕੁੜੀਆਂ ਸਨ।
ਗੁਨਾਹਗਾਰਾਂ ਨਾਲ ਦੋ ਹੱਥ ਹੋ ਰਹੀ ਔਰਤ : ਪਰ ਔਰਤ ਨੇ ਅਜੇ ਹਾਰ ਨਹੀਂ ਮੰਨੀ । ਉਹ ਜਾਨ ‘ਤੇ ਖੇਲ ਕੇ ਵੀ ਆਪਣੇ ਹੱਕਾਂ ਲਈ ਲੜਦੀ ਆਈ ਹੈ। ਪਾਕਿਸਤਾਨ ਦੀ ਮੁਖਤਾਰਾਂ ਮਾਈ ਦਾ ਜਦੋਂ ਪੂਰੇ ਪਿੰਡ ਵਲੋਂ ਬਲਾਤਕਾਰ ਹੋਇਆ ਤਾਂ ਉਸਨੇ ਬੜੀ ਹਿੰਮਤ ਅਤੇ ਹੌਸਲੇ ਨਾਲ ਗੁਨਾਹਗਾਰਾਂ ਦਾ ਸਾਹਮਣਾ ਕੀਤਾ ਅਤੇ ਆਪਣੇ ਨਾਲ ਹੋਏ ਜ਼ੁਲਮ ਵਿਰੁੱਧ ਕਾਨੂੰਨੀ ਲੜਾਈ ਲੜੀ। ਅੱਜ ਬਹੁਤ ਸਾਰੀਆਂ ਹੋਰ ਉਦਾਹਰਣਾਂ ਮਿਲ ਜਾਣਗੀਆਂ ਜਿਨ੍ਹਾਂ ਇਹੋ ਜਿਹੇ ਜ਼ੁਲਮ ਦਾ ਸ਼ਿਕਾਰ ਹੋਣ ਉਪਰੰਤ ਆਪਣੇ ਹੌਸਲੇ ਢਹਿਣ ਨਹੀਂ ਦਿੱਤੇ ਸਗੋਂ ਦੋਸ਼ੀਆਂ ਨੂੰ ਸਜ਼ਾ ਤੱਕ ਦੁਆਈ। ਤਾਕਤ ਕੇਵਲ ਸਰੀਰਕ ਨਹੀਂ ਹੁੰਦੀ ਮਾਨਸਿਕ ਵੀ ਹੁੰਦੀ ਹੈ । ਜਦੋਂ ਕੋਈ ਵਿਅਕਤੀ ਆਪਣੇ ਹੱਕਾਂ ਲਈ ਖੜ੍ਹਾ ਹੁੰਦਾ ਹੈ ਇਹ ਉਸਦੀ ਤਾਕਤ ਦੀ ਹੀ ਉਦਾਹਰਣ ਹੈ। ਆਪਣੀ ਸਰੀਰਕ ਕਮਜ਼ੋਰੀ ‘ਤੇ ਕਾਬੂ ਪਾਉਣ ਲਈ ਅੱਜ ਕੁੜੀਆਂ ਮਾਰਸ਼ਲ ਆਰਟ ਵਰਗੇ ਗੁਰ ਸਿਖ ਰਹੀਆਂ ਹਨ ਤਾਂ ਕਿ ਉਹ ਮਰਦ ਦੀ ਹਵਸ ਦਾ ਸ਼ਿਕਾਰ ਹੋਣੋ ਬਚ ਸਕਣ।
ਔਰਤ ਦੀ ਉਸਾਰੂ ਸੋਚ ਅਤੇ ਵਿਸ਼ਵ ਸ਼ਾਂਤੀ : ਸਮਾਜ ਵਲੋਂ ਆਪਣੇ ਨਾਲ ਹੋਣ ਵਾਲੀਆਂ ਵਧੀਕੀਆਂ ਦੇ ਬਾਵਜੂਦ ਔਰਤ ਸ਼ਾਂਤੀ ਦੀ ਪੁਜਾਰਨ ਹੈ। ਉਹ ਕਦੇ ਯੁੱਧ ਵਰਗੇ ਘਿਨਾਉਣੇ ਹੱਥਕੰਡੇ ਨਹੀਂ ਅਪਣਾਉਂਦੀ, ਨਾ ਹੀ ਦੰਗੇ ਕਰਦੀ ਹੈ। ਉਹ ਸ਼ਾਂਤੀ ਦੇ ਹੱਕ ਵਿਚ ਖੜ੍ਹੀ ਹੁੰਦੀ ਹੈ। ਜੇ ਸਮਾਜ ਨੂੰ ਔਰਤ ਦੀ ਅਗਵਾਈ ਪ੍ਰਾਪਤ ਹੋਵੇ ਤਾਂ ਦੁਨੀਆ ਵਿਚ ਵਧੇਰੇ ਸ਼ਾਂਤੀ ਅਤੇ ਸੁਰੱਖਿਅਤ ਸਮਾਜ ਦੀ ਵਿਵਸਥਾ ਹੋਵੇਗੀ। ਸਮਾਜ ਵਿਚ ਅਮਨ ਚੈਨ ਅਤੇ ਭਰਾਤਰੀ -ਭਾਵ ਵਧੇਗਾ। ਅਮਰੀਕਾ ਦੇ 44ਵੇਂ ਪ੍ਰੈਜ਼ੀਡੈਂਟ ਬਰਾਕ ਉਬਾਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਜੇ ਔਰਤ ਤਰੱਕੀ ਕਰਦੀ ਹੈ ਤਾਂ ਕੌਮਾਂ ਵਧੇਰੇ ਸੁਰੱਖਿਅਤ ਅਤੇ ਖੁਸ਼ਹਾਲ ਹੋਣਗੀਆਂ। ਨੋਬਲ ਪਰਾਈਜ਼ ਵਿਜੇਤਾ ਅਮਰਤਿਆ ਸੈਨ ਨੇ ਕਿਹਾ ਕਿ ਔਰਤ ਨੂੰ ਸਸ਼ਕਤ ਕਰਕੇ ਭਵਿੱਖ ਦਾ ਮੂੰਹ ਮੱਥਾ ਸਵਾਰਿਆ ਜਾ ਸਕਦਾ ਹੈ। ਔਰਤਾਂ ਪੁਲ ਤੋੜਦੀਆਂ ਨਹੀਂ ਸਗੋਂ ਪੁਲ ਬੰਨਣ ਵਿਚ ਸਹਾਈ ਹੁੰਦੀਆਂ ਹਨ। ਉਸਦੇ ਅੰਦਰਲਾ ਮਾਂ ਵਾਲਾ ਕੋਮਲ ਹਿਰਦਾ ਸੂਝ ਅਤੇ ਸਿਆਣਪ ਨਾਲ ਮਨੁੱਖ ਦਾ ਭਵਿੱਖ ਸੁਆਰਦਾ ਹੈ। ਉਸਦੇ ਅੰਦਰ ਘਰ ਵਸਾਉਣ ਵਾਲੀ ਉਸਾਰੂ ਸੋਚ ਢਾਹੁਣ ਨਾਲੋਂ ਵਧੇਰੇ ਉਸਾਰਨ ਦਾ ਕੰਮ ਕਰਦੀ ਹੈ। ઠ
ਐਡੀਸਨ ਦੀ ਮਾਂ ਦੀ ਕਰਾਮਾਤઠ: ਇੱਥੇ ਮੈਂ ਪ੍ਰਸਿੱਧ ਵਿਗਿਅਨੀ ਐਡੀਸਨ ਦੀ ਉਦਾਹਰਣ ਦੇਣੀ ਚਾਹਾਂਗੀ। ਬਚਪਨ ਵਿਚ ਇਕ ਦਿਨ ਥੌਮਸ ਐਲਵਾ ਐਡੀਸਨ ਨੇ ਸਕੂਲੋਂ ਘਰ ਆਕੇ ਆਪਣੀ ਮਾਂ ਨੂੰ ਇਕ ਚਿੱਠੀ ਫੜਾਈ ਜੋ ਕਿ ઠਉਸਦੇ ਅਧਿਆਪਕ ਨੇ ਉਸਦੀ ਮਾਂ ਲਈ ਲਿਖੀ ਸੀ। ਉਸਨੇ ਮਾਂ ਨੂੰ ਪੁੱਛਿਆ ਕਿ ਮਾਂ ਇਸ ਵਿਚ ਕੀ ਲਿਖਿਆ ਹੈ ? ਮਾਂ ਨੇ ਜਵਾਬ ਦਿੱਤਾ ਕਿ ਬੇਟਾ ਇਸ ਵਿਚ ਲਿਖਿਆ ਹੈ ਕਿ ਤੇਰਾ ਪੁੱਤਰ ਜੀਨੀਅਸ ਹੈ ਤੇ ਸਾਡੇ ਸਕੂਲ ਵਿਚ ਅਜਿਹਾ ਕੋਈ ਅਧਿਆਪਕ ਨਹੀਂ ਹੈ ਜੋ ਇਸ ਨੂੰ ਪੜ੍ਹਾ ਸਕੇ ਸੋ ਇਸ ਨੂੰ ਘਰ ਹੀ ਰੱਖ ਕੇ ਪੜ੍ਹਾਓ। ਮਾਂ ਨੇ ਅਜਿਹਾ ਹੀ ਕੀਤਾ ਅਤੇ ਇਕ ਦਿਨ ਐਡੀਸਨ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਸੱਚਮੁਚ ਜੀਨੀਅਸ ਹੈ। ਆਪਣੀ ਮਾਂ ਦੀ ਮੌਤ ਤੋਂ ਬਾਅਦ ਉਸ ਨੂੰ ਆਪਣੇ ਅਧਿਆਪਕ ਵਲੋਂ ਘਰ ਭੇਜੀ ਗਈ ਉਹ ਚਿੱਠੀ ਲੱਭ ਪਈ । ਉਸ ਨੇ ਜਦੋਂ ਚਿੱਠੀ ਪੜ੍ਹੀ ਤਾਂ ਉਸਦੀਆਂ ਅੱਖਾਂ ਵਿਚੋਂ ਹੰਝੂ ਵਗ ਤੁਰੇ ਤੇ ਆਪਣੀ ਮਾਂ ਦੀ ਸਿਆਣਪ ਨੂੰ ઠਨਤਮਸਤੱਕ ਹੋਇਆ। ਚਿੱਠੀ ਵਿਚ ਲਿਖਿਆ ਹੋਇਆ ਸੀ ਕੀ ਤੇਰਾ ਪੁੱਤਰ ਮੰਦਬੁੱਧੀ ਦਾ ਮਾਲਕ ਹੈ, ਅਸੀਂ ਇਸ ਨੂੰ ਨਹੀਂ ਪੜ੍ਹਾ ਸਕਦੇ । ਇਸ ਨੂੰ ਘਰ ਹੀ ਰੱਖੋ। ਮਾਂ ਨੇ ਆਪਣੀ ਸਿਆਣਪ ਨਾਲ ਬੱਚੇ ਨੂੰ ਪੌਜ਼ੀਟਿਵ ਗੱਲ ਹੀ ਦੱਸੀ ਅਤੇ ਉਸ ‘ਤੇ ਮਿਹਨਤ ਕਰਕੇ ਉਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਿਗਿਆਨੀ/ਕਾਢੀ ਬਣਾ ਦਿੱਤਾ।ઠ
ਲੋਕ ਗੀਤਾਂ ਵਿਚਲੀ ਬੁੱਧੀਮਾਨ ਔਰਤ : ਸਾਡੇ ਲੋਕ ਗੀਤਾਂ ਵਿਚ ਪੰਜਾਬੀ ਔਰਤਾਂ ਨੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਸਮੇਂ ਅਤੇ ਸਮਾਜ ਦੇ ਯਥਾਰਥ ਨੂੰ ਪੇਸ਼ ਕੀਤਾ ਜੋ ਕਿ ઠਲੰਘੇ ਸਮੇਂ ਦੇ ਹਾਲਾਤ ਦੇ ਪ੍ਰਮਾਣ ਹਨ। ਉਹ ਸਮਕਾਲੀ ਸਰੋਕਾਰਾਂ ਤੇ ਇਤਿਹਾਸ ਨੂੰ ਮੁਖਾਤਿਬ ਹੋਈਆਂ । ਔਰਤ ਮਨ ਦੀਆਂ ਗੁੱਝੀਆਂ ਰਮਜ਼ਾਂ ਗੀਤਾਂ ਰਾਹੀਂ ਖੋਲ੍ਹੀਆਂ । ਮਰਦ ਦੇ ਵੈਲੀ ਹੋਣ ਤੇ ਘਰ ਵਿਚਲੀਆਂ ਤੰਗੀਆਂ ਦਾ ਵਰਨਣ ਕੀਤਾ ਜੋ ਕਿ ਉਸਦੀ ਸਿਆਣਪ ਅਤੇ ਸੂਝ ਬੂਝ ਦੀ ਨਿਸ਼ਾਨ ਦੇਹੀ ਕਰਦਾ ਹੈ। ਬਸਰੇ ਦੀ ਲਾਮ ਦਾ ਜ਼ਿਕਰ ਇਸ ਤਰ੍ਹਾਂ ਕੀਤਾ।
‘ਵੇ ਮੈਂ ਰੰਡੀਉਂ ਸੁਹਾਗਣ ਹੋਵਾਂ ਬਸਰੇ ਦੀ ਲਾਮ ਟੁੱਟ ਜੇ’
ਕਿਸਾਨ ਦਾ ਹੱਥ ਕਦੇ ਵੀ ਸੌਖਾ ਨਹੀਂ ਹੁੰਦਾ ਜਿਸ ਬਾਰੇ ਉਹ ਕਹਿੰਦੀ ਹੈ,
‘ਤੇਰਾ ਮਾਮਲਾ ਨਾ ਹੋਇਆ ਪੂਰਾ ਕੱਤੇ ਦੀ ਕਪਾਹ ਵੇਚ ਕੇ’
ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾਂ ਹਨ ਜਿਸ ਵਿਚੋਂ ਔਰਤ ਦੀ ਸੂਝ ਬੂਝ ਦੇ ਦਰਸ਼ਨ ਹੁੰਦੇ ਹਨ।
ਅਮਰੀਕਾ ਵਿਚ ਔਰਤ ਦਾ ਸਥਾਨ : ਦੁਨੀਆ ਦੇ ਸਭ ਤੋਂ ਸਸ਼ਕਤ ਅਤੇ ਅਗਾਂਹਵਧੂ ਦੇਸ਼ ਅਮਰੀਕਾ ਵਿਚ ਵੀ ਔਰਤ ਨੂੰ ਮਰਦ ਤੋਂ ਪਿਛਾਂਹ ਰੱਖਿਆ ਜਾਂਦਾ ਹੈ । ਹਾਲ ਹੀ ਵਿਚ ਹੋਈ ਹਿੱਲਰੀ ਕਲਿੰਟਨ ਦੀ ਹਾਰ ਇਸਦੀ ਇਕ ਅਹਿਮ ਉਦਾਹਰਣ ਕਹੀ ਜਾ ਸਕਦੀ ਹੈ । ਮਰਦ ਵਲੋਂ ਨਕਾਰੇ ਜਾਣ ਜਾਂ ਸਦੀਆਂ ਤੋਂ ਹੀਣ ਸਮਝੇ ਜਾਣ ਦਾ ਸਾਹਮਣਾ ਕਰਦੀ ਆ ਰਹੀ ਔਰਤ ਫਿਰ ਵੀ ਲਗਾਤਾਰ ਆਪਣੇ ਹੌਸਲੇ ਸਹਾਰੇ ਅੱਜ ਬੁਲੰਦੀਆਂ ਨੂੰ ਛੂਹ ਰਹੀ ਹੈ।ઠ
ਰੋਜ਼ਾ ਪਾਰਕਸ ਅਤੇ ਸਿਵਲ ਰਾਈਟਸ ਮੂਵਮੈਂਟ : ਇਤਿਹਾਸ, ਮਿਥਿਹਾਸ ਅਤੇ ਸਾਹਿਤ ਵਿਚ ਇਸਦੀਆਂ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਂਦੀਆਂ ਹਨ। ਵੀਹਵੀਂ ਸਦੀ ਦੀਆਂ ਕੁਝ ਨਾਰਥ ਅਮਰੀਕਨ ਔਰਤਾਂ ਦੀ ਜਦੋ-ਜਹਿਦ ਦੀ ਗੱਲ ਹੀ ਲੈ ਲਵੋ। ਪ੍ਰਸਿੱਧ ‘ਐਕਟਿਵਿਸਟ’ ਤੇ ‘ਫੈਮੀਨਿਸਟ’ ਰੋਜ਼ਾ ਪਾਰਕਸ ਐਲਾਬਾਮਾ ਵਿਚ ਪੈਦਾ ਹੋਈ। ਸਾਰੀ ਜ਼ਿੰਦਗੀ ਗਰੀਬੀ ਨਾਲ ਘੁਲਦੀ ਰਹੀ ਪਰ ਮਨੁੱਖੀ ਅਧਿਕਾਰਾਂ ਲਈ ਉਸਦੀ ਦੇਣ ਅਦੁੱਤੀ ਤੇ ਬੇਮਿਸਾਲ ਹੈ। ਹੋਇਆ ਇੰਜ ਕਿ ਇਕ ਦਿਨ ਰੋਜ਼ਾ ਪਬਲਿਕ ਬੱਸ ਵਿਚ ਸਫ਼ਰ ਕਰ ਰਹੀ ਸੀ ਕਿ ਇਕ ਗੋਰੇ ਯਾਤਰੂ ਨੇ ਉਸ ਨੂੰ ਆਪਣੀ ਸੀਟ ਤੋਂ ਉੱਠ ਜਾਣ ਦਾ ਹੁਕਮ ਦਿੱਤਾ। ਗੱਲ ਇਉਂ ਸੀ ਕਿ ਉਨ੍ਹਾਂ ਦਿਨਾਂ ਵਿਚ ਕਾਨੂੰਨੀ ਤੌਰ ‘ਤੇ ਬੱਸਾਂ ਵਿਚ ਬੈਠੇ ਕਾਲਿਆਂ ਨੂੰ ਗੋਰੇ ਯਾਤਰੂਆਂ ਲਈ ਸੀਟ ਛੱਡਣੀ ਪੈਂਦੀ ਸੀ। ਰੋਜ਼ਾ ਨੇ ਸੀਟ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ । ਉਸਨੇ ਕਿਹਾ ਕਿ ਉਸਨੇ ਟਿਕਟ ਖਰੀਦੀ ਹੈ ਇਸ ਲਈ ਸੀਟ ਤੇ ਬੈਠਣਾ ਉਸ ਦਾ ਹੱਕ ਹੈ। ਇਸ ਵਿਰੋਧਤਾ ਲਈ ਉਸ ਨੂੰ ਕਾਨੂੰਨੀ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਸਜ਼ਾ ਭੁਗਤਣੀ ਪਈ । ਇਸ ਘਟਨਾ ਨੇ ‘ਸਿਵਲ ਰਾਈਟਜ਼ ਮੂਵਮੈਂਟ’ ਦਾ ਮੁੱਢ ਬੰਨ ਦਿੱਤਾ। ਜੇ ਉਸ ਦਿਨ ਰੋਜ਼ਾ ਬੱਸ ਵਿਚ ਆਪਣੀ ਸੀਟ ਛੱਡ ਦਿੰਦੀ ਤਾਂ ਅੱਜ ਪੱਛਮੀਂ ਦੇਸ਼ਾਂ ਵਿਚ ਸਾਡੀ ਸਾਰਿਆਂ ਦੀ ਹਾਲਤ ਉਹੋ ਹੀ ਹੋਣੀ ਸੀ ਜੋ ਉਸ ਵੇਲੇ ਅਫਰੀਕਨ ਲੋਕਾਂ ਦੀ ਹੁੰਦੀ ਸੀ। ਟਿਕਟ ਲੈ ਕੇ ਬੱਸ ਦੀ ਸੀਟ ‘ਤੇ ਬਹਿਣ ਦੇ ਆਪਣੇ ਅਧਿਕਾਰ ਨੂੰ ਨਾ ਸਮਝ ਕੇ ਜੇ ਗੋਰਿਆਂ ਨੂੰ ਆਪਣੀ ਸੀਟ ਦੇਣੀ ਰੋਜ਼ਾ ਨੂੰ ਮਨਜ਼ੂਰ ਹੋ ਜਾਂਦੀ ਤਾਂ ਅੱਜ ‘ਅਮਰੀਕਨ ਸਿਵਲ ਰਾਈਟਸ’ ਦਾ ਮੁਹਾਂਦਰਾ ਵੀ ਕੁਝ ਹੋਰ ਹੀ ਹੋਣਾ ਸੀ।
ਐਲਿਸ ਵਾਕਰ ਦੀ ਸੂਝ ਅਤੇ ਸਿਆਣਪ : ਐਲਿਸ ਵਾਕਰ ਇਕ ਅਫ਼ਰੀਕਨ ‘ਵੁਮੈਨ ਐਕਟਿਵਿਸਟ’ ਤੇ ਸੰਸਾਰ ਪ੍ਰਸਿੱਧ ਲੇਖਕ ਹੈ। ਉਸਨੇ ਔਰਤ ਦੇ ઠਸੰਘਰਸ਼ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਸਨੇ ਪੁਰਸਕਾਰ ਜੇਤੂ ਨਾਵਲ ‘ਦਾ ਕਲਰ ਪਰਪਲ’ ਲਿਖ ਕੇ ਲਿਤਾੜੀਆਂ ਹੋਈਆਂ ਅਫ਼ਰੀਕਨ ਔਰਤਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਜ਼ੁਰੱਅਤ ਕੀਤੀ। ਇਸ ਨਾਵਲ ਵਿਚ ਉਸਨੇ 1930 ਦੌਰਾਨ ਅਮਰੀਕਾ ਦੀ ਜੌਰਜੀਆ ਸਟੇਟ ਵਿਚ ਵਸਦੇ ਅਫ਼ਰੀਕਨ ਖੇਤ ਮਜ਼ਦੂਰਾਂ ਉਪਰ ਗੋਰਿਆਂ ਦੁਆਰਾ ਕੀਤੇ ਜਾਣ ਵਾਲੇ ਸੋਸ਼ਣ ਦਾ ਦਿਲ ਵਿਨ੍ਹਵਾਂ ਜ਼ਿਕਰ ਕੀਤਾ ਹੈ। ਗੋਰਿਆਂ ਦੇ ਸਤਾਏ ਹੋਏ ਇਹ ਮਜ਼ਦੂਰ ਘਰ ਜਾਕੇ ਆਪਣੀਆਂ ਔਰਤਾਂ ‘ਤੇ ਗੁੱਸਾ ਕੱਢਦੇ, ਉਨ੍ਹਾਂ ਨੂੰ ਮਾਰਦੇ ਕੁੱਟਦੇ । ਐਲਿਸ ਵਾਕਰ ਨੇ ਇਸ ਨਾਵਲ ਰਾਹੀਂ ਇਕ ਮਨੁੱਖ ਵਲੋਂ ਦੂਜੇ ਮਨੁੱਖ ਉੱਤੇ ਹੋਣ ਵਾਲੇ ਸ਼ਰੀਰਕ ਤੇ ਮਾਨਸਿਕ ਸੋਸ਼ਣ ਦੀ ਇਕ ਦਿਲ-ਦਹਿਲਾ ਦੇਣ ਵਾਲੀ ਤਸਵੀਰ ਪੇਸ਼ ਕੀਤੀ ਹੈ।
ਇਸ ਨਾਵਲ ਵਿਚ ਸੋਸ਼ਣ ਦੀਆਂ ਸ਼ਿਕਾਰ ਔਰਤਾਂ ਵਿਚੋਂ ਹੀ ਇਕ ਔਰਤ ਜਿਸ ਦਾ ਨਾਮ ‘ਸੀਲੀ’ ਹੈ, ਦੂਜੀਆਂ ਔਰਤਾਂ ਨੂੰ ਆਪਣੇ ‘ਤੇ ਹੋਣ ਵਾਲੇ ਤਸ਼ੱਦਦ ਦੇ ਵਿਰੁੱਧ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦੀ ਹੈ। ਇਸ ਪ੍ਰੇਰਣਾ ਸਦਕਾ ਇਹ ਔਰਤਾਂ ਇਕੱਠੀਆਂ ਹੋ ਕੇ ਆਪਣੇ ਪਤੀਆਂ ਵਲੋਂ ਹੋ ਰਹੇ ਤਸ਼ੱਦਦ ਦਾ ਵਿਰੋਧ ਕਰਦੀਆਂ ਹਨ। ਉਸ ਵੇਲੇ ਉਹਨਾਂ ਔਰਤਾਂ ਨੂੰ ਮਰਦ ਦੇ ਪੈਰਾਂ ਜਾਂ ਗੋਡਿਆਂ ਵੱਲ ਵੇਖ ਕੇ ਹੀ ਗੱਲ ਕਰਨ ਦੀ ਇਜਾਜ਼ਤ ਹੁੰਦੀ ਸੀ। ਸੀਲੀ ਦੀ ਹਿੰਮਤ ਨਾਲ ਉਹਨਾਂ ਵਿਚ ਸਵੈਮਾਣ ਅਤੇ ਭਰੋਸਾ ਭਰ ਜਾਂਦਾ ਹੈ। ਉਹ ‘ਸਿਸਟਰਹੁੱਡ’ ਨਾਂ ਦੀ ਜਥੇਬੰਦੀ ਹੇਠਾਂ ਇਕਜੁੱਟ ਹੋ ਕੇ ਆਪਣੇ ‘ਤੇ ਹੋ ਰਹੇ ਤਸ਼ੱਦਦ ਵਿਰੁੱਧ ਲੜਦੀਆਂ ਹਨ। ਕਸੀਦਾਕਾਰੀ ਅਤੇ ਸੀਊਣ ਕਲਾ ਰਾਹੀਂ ਆਰਥਿਕ ਅਜ਼ਾਦੀ ਹਾਸਿਲ ਕਰਦੀਆਂ ਹਨ। ਇਸ ਤਰ੍ਹਾਂ ਉਹ ਔਰਤਾਂ ਗਰੀਬੀ, ਲਿੰਗ-ਭੇਦ, ਜੌਨ-ਸੋਸ਼ਣ ਅਤੇ ਜਾਤੀਵਾਦ ਦਾ ਰਲ਼ ਕੇ ਵਿਰੋਧ ਕਰਦੀਆਂ ਹਨ।
1985 ਵਿਚ ‘ਦਾ ਕਲਰ ਪਰਪਲ’ ਨਾਵਲ ਤੇ ਸਟੀਵਨ ਸਪੀਲਬਰਗ ਨੇ ਇਕ ਫਿਲਮ ਬਣਾਈ, ਜਿਸਨੇ ‘ਓਸਕਰ’ ਐਵਾਰਡ ਜਿੱਤਿਆ। ਇਸ ਪਿਕਚਰ ਨੇ ਵੀ ਲੋਕਾਂ-ਦਿਲਾਂ ‘ਤੇ ਕਾਫ਼ੀ ਅਸਰ ਪਾਇਆ। ਇਹ ਹੈ ਔਰਤ ਦਾ ਜਜ਼ਬਾ ਅਤੇ ਸਿਆਣਪ ਦੀ ਮਿਸਾਲ।
ਓਪਰਾ ਵਿਨਫਰੇ ਦੀ ਕਾਮਯਾਬੀ
ਇਸ ਫਿਲਮ ਵਿਚ ਪ੍ਰਸਿੱਧ ਅਦਾਕਾਰਾ ਵੂਫ਼ੀ ਗੋਲਡਬਰਗ ਅਤੇ ਓਪਰਾ ਵਿਨਫ਼ਰੇ ਨੇ ਕਮਾਲ ਦੀ ਅਦਾਇਗੀ ਕੀਤੀ । ਜੇ ਓਪਰਾ ਵਿਨਫ਼ਰੇ ਦੀ ਗੱਲ ਕਰੀਏ ਤਾਂ ਉਹ ਅੱਜ ਦੇ ਮੀਡੀਏ ਦੀ ਦੁਨੀਆ ਦੀ ਇਕ ਸੁਪ੍ਰਸਿੱਧ ਹਸਤੀ, ਮਾਨਵ-ਪ੍ਰੇਮ ਦੇ ਜਜ਼ਬੇ ਨਾਲ ਭਰਪੂਰ ਸ਼ਖਸੀਅਤ ਅਤੇ ਵੀਹਵੀਂ ਸਦੀ ਦੀ ਸਭ ਤੋਂ ਅਮੀਰ ਅਫ਼ਰੀਕਨ-ਅਮਰੀਕਨ ਔਰਤ ਹੈ। ਉਹ ਮਿਸੀਸਿੱਪੀ ਵਿਚ ਇਕ ਬਹੁਤ ਹੀ ਗਰੀਬ ਘਰ ਵਿਚ ਪੈਦਾ ਹੋਈ। ਗਰੀਬੀ ਕਾਰਨ ਬਚਪਨ ਵਿਚ ਉਸ ਨੇ ਦਰ ਦਰ ਦੀਆਂ ਠੋਕਰਾਂ ਖਾਧੀਆਂ। ਨਿੱਕੀ ਉਮਰੇ ਆਪਣੇ ਅਨੇਕਾਂ ਰਿਸ਼ਤੇਦਾਰਾਂ ਅਤੇ ਹੋਰ ਮਰਦਾਂ ਦੀ ਹਵਸ ਦਾ ਸ਼ਿਕਾਰ ਹੋਈ। ਆਪਣੀ ਪੜ੍ਹਾਈ ਅਤੇ ਕਰੜੀ ਮਿਹਨਤ ਸਦਕਾ ਅੱਜ ਉਹ ਦੁਨੀਆਂ ਦੀਆਂ ਔਰਤਾਂ ਲਈ ਇਕ ਰੋਲ ਮਾਡਲ ਹੈ।ઠ
ਓਪਰਾ ਦਾ ਪਾਲਣ ਪੋਸ਼ਣ ਉਸਦੀ ਨਾਨੀ ਨੇ ਕੀਤਾ। ਜਦੋਂ ਅਜੇ ਉਹ ਛੋਟੀ ਹੀ ਸੀ ਉਸਨੂੰ ਉਸਦੀ ਨਾਨੀ ਕਿਹਾ ਕਰਦੀ ਸੀ, ‘ਮੇਰੇ ਨਾਲ ਗੋਰਿਆਂ ਦੇ ਕਪੜੇ ਧੋਇਆ ਕਰ ਕਿਉਂਕਿ ਅੰਤ ਵਿਚ ਤੈਨੂੰ ਵੀ ਇਹੋ ਕੰਮ ਕਰਨਾ ਪੈਣਾ ਹੈ।’ ਪਰ ਉਹ ਸਵੈ-ਵਿਸ਼ਵਾਸ ਨਾਲ ਕਹਿੰਦੀ ਸੀ, ‘ਨਹੀਂ, ਮੈਂ ਕਦਾਚਿਤ ਅਜਿਹਾ ਨਹੀਂ ਕਰਾਂਗੀ।’ ਸੱਚਮੁਚ ਹੀ ઠਅੱਜ ਉਹ ਇਕ ਵੱਡੀ ਐਕਟਰੈੱਸ, ਟਾਕ ਸ਼ੋਅ ਹੋਸਟ, ਫ਼ਿਲਮ ਪ੍ਰੋਡਿਊਸਰ, ਲੇਖਕ ਤੇ ਮੈਗਜ਼ੀਨ ਐਡੀਟਰ ਹੈ। ਉਸਨੇ ਬੱਚਿਆਂ ਦਾ ਜੌਨ-ਸੋਸ਼ਣ ਕਰਨ ਵਾਲਿਆਂ ਦੀ ਸ਼ਨਾਖਤ ਕਰਨ ਲਈ ਕਈ ਟਾਕ ਸ਼ੋਅ ਕੀਤੇ। ਉਹ ਬਹੁਤ ਸਾਰੀਆਂ ਕਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਜੀਫ਼ੇ ਦਿੰਦੀ ਹੈ ਤੇ ਗਰੀਬਾਂ ਦੀ ਮਦਦ ਕਰਦੀ ਹੈ। ਸਾਊਥ ਅਫ਼ਰੀਕਾ ਵਿਚ ਉਸਨੇ 450 ਕੁੜੀਆਂ ਲਈ ਇਕ ਬਹੁਤ ਵਧੀਆ ਸਕੂਲ ਖੋਲ੍ਹਿਆ ਹੋਇਆ ਹੈ ਜਿਸ ਵਿਚ ਗਰੀਬ ਘਰਾਂ ਦੀਆਂ ਲਾਇਕ ਕੁੜੀਆਂ ਨੂੰ ਪੜ੍ਹਾ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਲਈ ਤਿਆਰ ਕੀਤਾ ਜਾਂਦਾ ਹੈ।ઠ
ਕੈਨੇਡਾ ਦੀਆਂ ਦਾ ਫੇਮਸ ਫਾਈਵ :ਕੈਨੇਡਾ ਦੀਆਂ ‘ਦਾ ਫੇਮਸ ਫਾਈਵ’ ਵਜੋਂ ਜਾਣੀਆਂ ਜਾਂਦੀਆਂ ਔਰਤਾਂ ਨੇ ਵੀ ਇਹੋ ਜਿਹੀ ਇਕ ਲੜਾਈ ਲੜੀ ਸੀ। ਅੱਜ ਕੈਨੇਡਾ ਵਿਚ ਔਰਤ ਰਾਜਨੀਤੀਕ ਖੇਤਰ ਵਿਚ ਜੋ ਅਧਿਕਾਰ ਮਾਣ ਰਹੀ ਹੈ, ਇਹ ਇਹਨਾਂ ‘ਫੇਮਸ ਫਾਈਵ’ ਦੀ ਹੀ ਦੇਣ ਹੈ।ઠ
ਕੈਨੇਡਾ ਵਿਚ ਔਰਤਾਂ ਹਮੇਸ਼ਾ ਅੱਜ ਜਿੰਨੀਆਂ ਅਜ਼ਾਦ ਨਹੀਂ ਸਨ। ਇਨ੍ਹਾਂ ਦੀ ਗਿਣਤੀ ‘ਪਰਸਨਜ਼’ ਵਿਚ ਨਹੀਂ ਕੀਤੀ ਜਾਂਦੀ ਸੀ। 1927 ਵਿਚ ਪੰਜ ਔਰਤਾਂ- ਐਮਲੀ ਮਰਫ਼ੀ, ਆਇਰਨ ਮਾਰਟਿਨ ਪਰਲਬੀ, ਨੈਨੀ ਮੂਲੀ ਮੈਕਲੰਗ, ਲੂਈਸ ਮਕੀਨੀ ਤੇ ਹੈਨਰੀਅਟਾ ਮਯੂਰ ਨੇ ਇਕੱਠਿਆਂ ਹੋ ਕੇ ਕੈਨੇਡਾ ਦੀ ਸੁਪਰੀਮ ਕੋਰਟ ਤੋਂ ਬ੍ਰਿਟਿਸ਼ ਸੰਵਿਧਾਨ ਵਿਚ ਲਿਖੇ ‘ਕੁਆਲੀਫਾਈਡ ਪਰਸਨਜ਼’ ਦੀ ਪਰਿਭਾਸ਼ਾ ਪੁੱਛੀ। ਉਹਨਾਂ ਦਾ ਭਾਵ ਸੀ ਕਿ ਕੀ ਔਰਤਾਂ ‘ਪਰਸਨਜ਼’ ਦੀ ਪਰਿਭਾਸ਼ਾ ਵਿਚ ਸ਼ਾਮਿਲ ਸਨ ਕਿ ਨਹੀਂ। ਅਸਲ ਵਿਚ ਉਹ ਇਹ ਜਾਨਣਾ ਚਾਹੁੰਦੀਆਂ ਸਨ ਕਿ ਔਰਤਾਂ ਨੂੰ ਸੈਨੇਟ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਹੈ ਜਾਂ ਨਹੀਂ।
1928 ਵਿਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਔਰਤਾਂ ‘ਪਰਸਨਜ਼’ ਵਿਚ ਸ਼ਾਮਿਲ ਨਹੀਂ ਸਨ। ਇਸ ਫੈਸਲੇ ਦੀ ਆਖਿਰੀ ਸਤਰ ਵਿਚ ਲਿਖਿਆ ਗਿਆ ਸੀ ਕਿ ਔਰਤਾਂ ਨੂੰ ਕੈਨੇਡਾ ਦੀ ਸੈਨੇਟ ਦਾ ਮੈਂਬਰ ਬਨਣ ਦਾ ਅਧਿਕਾਰ ਨਹੀਂ ਹੈ। ਇਸ ਕੇਸ ਨੂੰ ‘ਪਰਸਨਜ਼ ਕੇਸ’ ਦਾ ਨਾਂ ਦਿੱਤਾ ਗਿਆ। ਪਰ ਇਹ ਔਰਤਾਂ ਹਾਰੀਆਂ ਨਹੀਂ।
ਇਨ੍ਹਾਂ ਨੇ ਇਸ ਕੇਸ ਦੀ ਇੰਗਲੈਂਡ ਵਿਚ ਬ੍ਰਿਟਿਸ਼ ਸਰਕਾਰ ਦੀ ‘ਜੂਡੀਸ਼ੀਅਲ ਪ੍ਰੀਵੀ ਕੌਂਸਲ’ ਅੱਗੇ ਪਟੀਸ਼ਨ ਕੀਤੀ। 18 ਅਕਤੂਬਰ 1929 ਨੂੰ ਪਹਿਲੇ ਫੈਸਲੇ ਨੂੰ ਰੱਦ ਕਰ ਦਿਤਾ ਗਿਆ ਤੇ ‘ਪਰਸਨਜ਼’ ਵਿਚ ਔਰਤਾਂ ਵੀ ਸ਼ਾਮਿਲ ਕੀਤੀਆਂ ਗਈਆਂ। ਇਸ ਤਰ੍ਹਾਂ ਔਰਤਾਂ ਨੂੰ ਕੈਨੇਡਾ ਦੀ ਸੈਨੇਟ ਦੀਆਂ ਮੈਂਬਰ ਬਨਣ ਦੇ ਅਧਿਕਾਰ ਮਿਲ ਗਏ।
ਇਹ ਪੰਜੇ ਕੈਨੇਡਾ ਦੇ ਸੂਬੇ ਅਲਬਰਟਾ ਦੀਆਂ ਰਹਿਣ ਵਾਲੀਆਂ ਸਨ। ਕੇਸ ਜਿੱਤਣ ਤੋਂ ਬਾਅਦ ਇਨ੍ਹਾਂ ਨੇ ਕੈਨੇਡੀਅਨ ਔਰਤਾਂ ਦੇ ਹੱਕਾਂ ਲਈ ਬਹੁਤ ਸਾਰੇ ਲਾਹੇਵੰਦ ਕੰਮ ਕੀਤੇ। ਕੰਮ ਤੇ ਔਰਤ ਕਾਮਿਆਂ ਲਈ ਸੁਖਾਵਾਂ ਮਹੌਲ, ਔਰਤਾਂ ਦੀ ਸਿਹਤ ਸੰਬੰਧੀ ਸੇਵਾਵਾਂ, ਵਿਆਹੁਤਾ ਔਰਤਾਂ ਦੇ ਅਧਿਕਾਰ, ਬੱਚਿਆਂ ਦੇ ਪਾਲਣ-ਪੋਸ਼ਣ ਦੇ ਅਧਿਕਾਰ, ਰਾਜਨੀਤੀ ਵਿਚ ਹਿੱਸਾ ਲੈਣ ਦੇ ਅਧਿਕਾਰ ਆਦਿ। ਵਿਦਿਅਕ ਅਦਾਰਿਆਂ ਵਿਚ ਵੀ ਔਰਤਾਂ ਦੇ ਹਰ ਮਸਲੇ ਲਈ ਇਨ੍ਹਾਂ ਪੰਜਾਂ ਨੇ ਸਾਰੀ ਜ਼ਿੰਦਗੀ ਲਗਨ ਅਤੇ ਹਿੰਮਤ ਨਾਲ ਅੱਗੇ ਹੋਕੇ ਕੰਮ ਕੀਤਾ। ਔਰਤਾਂ ਨੂੰ ਹੱਕ ਦੁਆਉਣ ਵੇਲੇ ਇਨ੍ਹਾਂ ਰੰਗ-ਭੇਦ ਅਤੇ ਨਸਲ ਦੀ ਪਰਵਾਹ ਨਹੀਂ ਕੀਤੀ।
ਅੱਜ ਇਹ ਪੰਜੇ ਔਰਤਾਂ ‘ਦਾ ਫੇਮਸ ਫਾਈਵ’ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਕੈਨੇਡਾ ਸਰਕਾਰ ਤੋਂ ઠਬਹੁਤ ਮਾਣ ਪ੍ਰਾਪਤ ਹੋਇਆ। ਸਰਕਾਰ ਦੁਆਰਾ ਇਨ੍ਹਾਂ ਦੀਆਂ ਜੀਵਨੀਆਂ ਤਿਆਰ ਕਰਵਾਈਆਂ ਗਈਆਂ। ਇਨ੍ਹਾਂ ਦੀ ਤਸਵੀਰ ਪੰਜਾਹਾਂ ਦੇ ਨੋਟ ਤੇ ਛਾਪੀ ਗਈ। ਕੈਨੇਡਾ ਦੀ ਸਰਕਾਰ ਨੇ ਇਨ੍ਹਾਂ ਨੂੰ ਟਰਾਫ਼ੀਆਂ ਦੇ ਕੇ ਵੀ ਸਨਮਾਨਿਤ ਕੀਤਾ। ਇਨ੍ਹਾਂ ਦੇ ਬੁੱਤ ਮਸ਼ਹੂਰ ਬੁੱਤਘਾੜੀ ਬਾਰਬਰਾ ਪੈਟਰਸਨ ਤੋਂ ਬਣਵਾ ਕੇ ‘ਪਾਰਲੀਮੈਂਟ ਹਿੱਲ’, ਔਟਵਾ ਅਤੇ ‘ਉਲਿੰਪਕ ਪਲਾਜ਼ਾ’ ਕੈਲਗਰੀ ਵਿਚ ਲਗਵਾਏ ਗਏ ਹਨ। ਇਨ੍ਹਾਂ ਦੀ ਇਸ ਪ੍ਰਾਪਤੀ ਤੇ ਸਾਰੀ ਇਸਤਰੀ ਜਾਤੀ ਨੂੰ ਮਾਣ ਹੈ ।

ਅੱਜ ਦੀ ਔਰਤ ਨੂੰ ਕੀ ਕਰਨਾ ਚਾਹੀਦਾ ਹੈ
ਅਜੇ ਵੀ ਔਰਤ ਜਾਤੀ ਦੇ ਸਾਹਮਣੇ ਅਨੇਕਾਂ ਚੁਣੌਤੀਆਂ ਹਨ। ਉਹ ਅੱਜ ਵੀ ਦੂਜੇ ਦਰਜੇ ਦੀ ਸ਼ਹਿਰੀ ਹੈ। ਇਸ ਦਾ ਭਾਵ ਇਹ ਨਹੀਂ ਕਿ ਉਹ ਹਾਰ ਕੇ ਬੈਠ ਜਾਵੇ ਜਾਂ ਰੋਂਦੀ ਰਹੇ ਤੇ ਹਾਰੀ ਹੋਈ ਅਬਲਾ ਦੀਆਂ ਕਥਾਵਾਂ ਲਿਖਦੀ ਰਹੇ। ਸਾਡੀ ਔਰਤ ਨੂੰ ਆਪਣੇ ਅਧਿਕਾਰਾਂ ਨੂੰ ਚੰਗੀ ਤਰ੍ਹਾਂ ਸਮਝਣਾ ਪੈਣਾ ਹੈ। ਕੈਨੇਡਾ ਆਕੇ ਉਸ ਨੂੰ ਇਕ ਚੰਗੀ ਜ਼ਿੰਦਗੀ ਜੀਉਣ ਦਾ ਮੌਕਾ ਮਿਲਦਾ ਹੈ। ਉਹ ਇਥੋਂ ਦੇ ਸਿਸਟਮ ਨੂੰ ਸਮਝੇ। ਆਪਣੀ ਵਿਦਿਅਕ ਯੋਗਤਾ ਨੂੰ ਵਰਤੋਂ ਵਿਚ ਲਿਆਵੇ। ਵੇਖਣ ਵਿਚ ਆਇਆ ਹੈ ਕਿ ਸਾਡੀਆਂ ਬਹੁਤੀਆਂ ਔਰਤਾਂ ਕੈਨੇਡਾ ਆਕੇ ਕੇਵਲ ਆਪਣੇ ਪਹਿਰਾਵੇ ਨੂੰ ਹੀ ਕੈਨੇਡੀਅਨ ਬਣਾਉਂਦੀਆਂ ਹਨ ਪਰ ਇਥੇ ਦੀ ਭਾਸ਼ਾ ਤੇ ਹੋਰ ਵਧੀਆ ਗੱਲਾਂ ਨੂੰ ਸਿੱਖਣ ਦਾ ਕੋਈ ਉਪਰਾਲਾ ਨਹੀਂ ਕਰਦੀਆਂ। ਇਥੇ ਆਕੇ ਇੱਥੋਂ ਦੀ ਭਾਸ਼ਾ ਅਤੇ ਇਥੋਂ ਦੇ ਸਿਸਟਮ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ। ਗਿਆਨ ਸਾਡੀ ਤਾਕਤ ਹੈ। ਗਿਆਨ ਹਾਸਿਲ ਕਰਨਾ ਚਾਹੀਦਾ। ਕੇਵਲ ਪਾਰਟੀਆਂ ਵਿਚ ਹੀ ਨਹੀਂ ਹੋਰ ਸਮਾਜਕ ਸਮਾਗਮਾਂ ਵਿਚ ਵਧ-ਚੜ੍ਹ ਕੇ ਹਿੱਸਾ ਪਾਉਣਾ ਜ਼ਰੂਰੀ ਹੈ। ਆਪਣੇ ਆਲੇ-ਦੁਆਲੇ ਬਾਰੇ ਜਾਣਕਾਰੀ ਰੱਖਣੀ ਵੀ ਜ਼ਰੂਰੀ ਹੈ।ઠ
ਇਕ ਹੋਰ ਗੱਲ ਹੈ ਕਿ ਔਰਤ ਦਾ ਮਾਣ ਵਧਾਉਣ ਲਈ ਮਾਂ ਹੋਣ ਦੇ ਨਾਤੇ ਘਰ ਵਿਚ ਪੁੱਤਰ ਅਤੇ ਧੀ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ। ਆਪਣੇ ਪੁੱਤਰ ਨੂੰ ਇਹੋ ਜਿਹੇ ਸੰਸਕਾਰ ਦੇਣੇ ਚਾਹੀਦੇ ਹਨ ਕਿ ਉਹ ਵੱਡਾ ਹੋ ਕੇ ਹਰ ਔਰਤ ਦਾ ਸਤਿਕਾਰ ਕਰੇ। ਫਿਰ ਉਹ ਦਿਨ ਦੂਰ ਨਹੀਂ ਜਦੋਂ ਮਰਦ ਅਤੇ ਔਰਤ ਵਿਚ ਕੋਈ ਫਰਕ ઠਨਹੀਂ ਹੋਵੇਗਾ। ਪਰਿਵਰਤਨ ਲਿਆਉਣ ਲਈ ਜਰੂਰੀ ਨਹੀਂ ਕਿ ਬਹੁਤ ਵੱਡੀਆਂ ਘਾਲਣਾ ਘਾਲੀਆਂ ਜਾਣ, ਆਪਣੇ ਪਰਿਵਾਰ ਵਿਚ ਬੱਚਿਆਂ ਦੀ ਪਾਲਣਾ-ਪੋਸ਼ਣਾ ਕਰਦਿਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰਖ ਕੇ ਅਗਲੀ ਪੀੜੀ ਦੀ ਸੋਚ ਵਿਚ ਬਦਲਾਉ ਲਿਆਂਦਾ ਜਾ ਸਕਦਾ ਹੈ।
ਮੇਰਾ ਖਿਆਲ ਹੈ ਕਿ ਹੁਣ ‘ਵੁਮੈਨ ਇੰਪਾਵਰਮੈਂਟ’ ਦੀ ਜਗਾ ‘ਮੈੱਨ ਇੰਪਾਵਰਮੈਂਟ’ ਦੀ ਜਰੂਰਤ ਹੈ। ਮਰਦ ਹੌਸਲਾ ਕਰੇ, ਆਪਣੀਆਂ ਇੰਦਰੀਆਂ ‘ਤੇ ਕਾਬੂ ਪਾਉਣਾ ਸਿੱਖੇ ਅਤੇ ਔਰਤ ਨੂੰ ਆਪਣੇ ਬਰਾਬਰ ਦੇ ਅਧਿਕਾਰ ਦੇਵੇ।ઠ

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …