ਕਰੀਬ ਡੇਢ ਸਾਲ ਤੋਂ ਆਇਆ ਹੋਇਆ ਸੀ ਪੰਜਾਬ
ਜਗਰਾਉਂ/ਬਿਊਰੋ ਨਿਊਜ਼
ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਪਰਵਾਸੀ ਪੰਜਾਬੀ ਅਮਰਜੀਤ ਸਿੰਘ ਕੋਲੋਂ ਦੋ ਕਿਲੋ ਹੈਰੋਇਨ ਫੜੀ ਗਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 10 ਕਰੋੜ ਰੁਪਏ ਹੈ। ਸੀਨੀਅਰ ਪੁਲਿਸ ਕਪਤਾਨ ਸੁਰਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਅੱਗੇ ਵਾਲੀ ਸੀਟ ਥੱਲਿਓਂ ਹੈਰੋਇਨ ਬਰਾਮਦ ਹੋਈ। ਕਾਰ ਚਾਲਕ ਦੀ ਪਛਾਣ ਪਰਵਾਸੀ ਪੰਜਾਬੀ ਅਮਰਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮੁਕੰਦਪੁਰ, ਥਾਣਾ ਡੇਹਲੋਂ ਵਜੋਂ ਹੋਈ ਹੈ। ਮੁੱਢਲੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਕਿ ਅਮਰਜੀਤ ਸਿੰਘ 1988 ਤੋਂ ਨਿਊਜਰਸੀ ਵਿੱਚ ਰਹਿੰਦਾ ਹੈ। ਉਹ ਕਰੀਬ ਡੇਢ ਸਾਲ ਤੋਂ ਪੰਜਾਬ ਆਇਆ ਹੋਇਆ ਸੀ ਤੇ ਉਹ ਹੈਰੋਇਨ ਦੀ ਤਸਕਰੀ ਕਰਦਾ ਸੀ। ਉਸ ਖ਼ਿਲਾਫ਼ ਜੰਮੂ ਕਸ਼ਮੀਰ ਵਿੱਚ ਵੀ ਕੇਸ ਦਰਜ ਹੈ। ਉਸ ਕੋਲੋਂ ਤਲਾਸ਼ੀ ਦੌਰਾਨ ਏਅਰਲਾਈਨ ਦੀਆਂ ਟਿਕਟਾਂ ਅਤੇ ਦੋ ਪਾਸਪੋਰਟ ਬਰਾਮਦ ਹੋਏ ਹਨ।