ਟੋਰਾਂਟੋ : ਸਿੱਖਸ ਫਾਰ ਜਸਟਿਸ ਵਲੋਂ ਸੀ ਆਰ ਪੀ ਐਫ ਦੇ ਸੇਵਾ ਮੁਕਤ ਡੀਆਈਜੀ ਟੀਐਸ ਢਿੱਲੋਂ ਖਿਲਾਫ ਤਸ਼ੱਦਦ ਦੇ ਦੋਸ਼ਾਂ ਤਹਿਤ ਦਾਇਰ ਕੀਤੇ ਨਿੱਜੀ ਮੁਕੱਦਮੇ ਵਿਚ ਓਨਟਾਰੀਓ ਦੀ ਕੋਰਟ ਆਫ ਜਸਟਿਸ ਨੇ ਸੰਮਣ ਜਾਂ ਗ੍ਰਿਫਤਾਰੀ ਵਾਰੰਟ ਜਾਰੀ ਨਹੀਂ ਕੀਤੇ ਹਨ ਕਿਉਂਕਿ ਦੋਸ਼ੀ ਭਾਰਤੀ ਪੁਲਿਸ ਅਫਸਰ ਦੀ ਦੇਸ਼ ਵਿਚ ਮੌਜੂਦਗੀ ਨੂੰ ਪੂਰੀ ਤਰ੍ਹਾਂ ਸਾਬਿਤ ਨਹੀਂ ਕੀਤਾ ਹੋ ਸਕਿਆ।
ਲੰਘੀ 29 ਮਈ ਨੂੰ ਹੋਈ ਬੰਦ ਕਮਰਾ ਸੁਣਵਾਈ ਵਿਚ ਢਿੱਲੋਂ ਦੀ ਅਦਾਲਤ ਦੇ ਅਧਿਕਾਰ ਖੇਤਰ ਵਿਚ ਸਰੀਰਕ ਤੌਰ ‘ਤੇ ਮੌਜੂਦਗੀ ਦੇ ਸਬੂਤ, ਤਸ਼ਦਦ ਦੇ ਦੋਸ਼ ਅਤੇ ਤਸ਼ੱਦਦ ਕਰਨ ਬਾਰੇ ਸਬੂਤਾਂ ਦਾ ਮੁਲਾਂਕਣ ਕਰਨ ਲਈ ਕੀਤੀ ਗਈ ਸੀ।
ਮੌਜੂਦਗੀ ਨੂੰ ਲੈ ਕੇ ਓਨਟਾਰੀਓ ਦੀ ਅਦਾਲਤ ਵਲੋਂ ਸੁਣਵਾਈ ਤੋਂ ਨਾਂਹ ਕਰਨ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਨਸਾਫ ਦਾ ਬੇਹੂਦਾ ਮਜਾਕ ਹੈ ਕਿ ਢਿੱਲੋਂ ਦੀ ਦੇਸ਼ ਵਿਚ ਮੌਜੂਦਗੀ ਨੂੰ ਸਾਬਿਤ ਕਰਨ ਲਈ ਸਾਨੂੰ ਕਿਹਾ ਜਾ ਰਿਹਾ ਹੈ ਜਦੋਂ ਕਿ ਉਕਤ ਭਾਰਤੀ ਪੁਲਿਸ ਅਫਸਰ ਨੂੰ ਟਰੂਡੋ ਸਰਕਾਰ ਵਲੋਂ ਮੁਆਫੀ ਮੰਗਣ ਤੋਂ ਬਾਅਦ ਕੈਨੇਡਾ ਦੇ ਖਰਚੇ ‘ਤੇ ਵਾਪਸ ਟੋਰਾਂਟੋ ਲਿਆਂਦਾ ਗਿਆ ਸੀ। ਅਟਾਰਨੀ ਪੰਨੂ ਨੇ ਕਿਹਾ ਕਿ ਅਸੀ ਸੂਚਨਾ ਕਾਨੂੰਨ ਤੱਕ ਪਹੁੰਚ ਤਹਿਤ ਇਕ ਅਰਜ਼ੀ ਦਾਇਰ ਕਰ ਰਹੇ ਹਾਂ ਤਾਂ ਜੋ ਸੀ ਐਸ ਬੀ ਏ ਤੋਂ ਢਿੱਲੋਂ ਦੇ ਕੈਨੇਡਾ ਵਿਚ ਦਾਖਲ ਹੋਣ ਤੇ ਬਾਹਰ ਜਾਣ ਬਾਰੇ ਸਰਕਾਰੀ ਰਿਕਾਰਡ ਹਾਸਿਲ ਕੀਤੇ ਜਾਣ। ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਡੀਆਈਜੀ ਢਿੱਲੋਂ ਖਿਲਾਫ ਕੈਨੇਡਾ ਦੇ ਅਪਰਾਧਕ ਕੋਡ ਦੀ ਧਾਰਾ 269.1 ਤਹਿਤ ਨਿੱਜੀ ਮੁਕੱਦਮਾ ਦਾਇਰ ਕੀਤਾ ਗਿਆ ਹੈ ਜਿਸ ਵਿਚ ਤਸ਼ਦਦ ਕਰਨ ਵਾਲੇ ਅਧਿਕਾਰੀਆਂ ਖਿਲਾਫ ਮੁਕੱਦਮਾ ਚਲਾਉਣ ਦੀ ਵਿਵਸਥਾ ਹੈ। ਧਾਰਾ 7 (3.7) ਤਹਿਤ ਕੈਨੇਡੀਅਨ ਅਦਾਲਤਾਂ ਨੂੰ ਅਧਿਕਾਰ ਪ੍ਰਾਪਤ ਹੈ ਕਿ ਉਹ ਕੈਨੇਡਾ ਤੋਂ ਬਾਹਰ ਕੀਤੇ ਤਸ਼ਦਦ ਲਈ ਜ਼ਿੰਮੇਵਾਰ ਵਿਦੇਸ਼ੀ ਅਧਿਕਾਰੀਆਂ ਖਿਲਾਫ ਮੁਕੱਦਮਾ ਚਲਾਏ ਜਦੋਂ ਉਹ ਕੈਨੇਡਾ ਵਿਚ ਮੌਜੂਦ ਹੋਵੇ। ਭਾਰਤ ਸਰਕਾਰ ਦੇ ਦਬਾਅ ਅੱਗੇ ਝੁਕਦਿਆਂ ਕੈਨੇਡਾ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਸੇਵਾ ਮੁਕਤ ਭਾਰਤੀ ਪੁਲਿਸ ਅਫਸਰ ਨੂੰ ਦੇਸ਼ ਵਿਚ ਦਾਖਲ ਹੋਣ ਦਿੱਤਾ ਹੈ। ਜਦੋਂ ਕਿ ਇਕ ਹਫਤਾ ਪਹਿਲਾਂ ਉਸ ਨੂੰ ਦੇਸ਼ ਵਿਚ ਦਾਖਲ ਨਹੀਂ ਹੋਣ ਦਿੱਤਾ ਸੀ। ਇਸ ਦੇ ਜਵਾਬ ਵਿਚ ਸਿਖਸ ਫਾਰ ਜਸਟਿਸ ਨੇ ਓਨਟਾਰੀਓ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਉਕਤ ਅਫਸਰ ਖਿਲਾਫ ਤਸ਼ਦਦ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ 18 ਮਈ ਨੂੰ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਗਾਰਡਾਂ ਨੇ ਸੀਆਰਪੀਐਫ ਦੇ ਸਾਬਕਾ ਡੀਆਈਜੀ ਤੇਜਿੰਦਰ ਸਿੰਘ ਢਿੱਲੋਂ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਹਿਰਾਸਤ ਵਿਚ ਲਿਆ ਸੀ ਤੇ ਉਸ ਨੂੰ ਨਾ ਦਾਖਲਯੋਗ ਕਰਾਰ ਦਿੱਤਾ ਸੀ। ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ ਪਰ ਕੈਨੇਡਾ ਹਾਈ ਕਮਿਸ਼ਨ ਨੇ ਇਸ ਮਾਮਲੇ ‘ਤੇ ਅਫਸੋਸ ਜਤਾਇਆ ਸੀ ਤੇ 24 ਮਈ ਨੂੰ ਉਸਨੂੰ ਨਵਾਂ ਵੀਜ਼ਾ ਜਾਰੀ ਕਰਦਿਆਂ ਉਸ ਲਈ ਮੁਫਤ ਵਾਪਸੀ ਟਿਕਟ ਦਾ ਪ੍ਰਬੰਧ ਕੀਤਾ ਤੇ ਢਿੱਲੋਂ ਨੂੰ ਟੋਰਾਂਟੋ ਵਿਚ ਆਪਣੀ ਭਾਣਜੀ ਦੇ ਵਿਆਹ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਸੀ। ਇੰਦਰਜੀਤ ਸਿੰਘ ਨਾਂਅ ਦਾ ਇਕ ਵਿਅਕਤੀ ਨੇ ਆ ਕੇ ਦਾਅਵਾ ਕੀਤਾ ਕਿ 2005-06 ਦੌਰਾਨ ਡੀਆਈਜੀ ਢਿਲੋਂ ਦੀ ਅਗਵਾਈ ਤਹਿਤ ਕੰਮ ਕਰਦੇ ਪੁਲਿਸ ਅਧਿਕਾਰੀਆਂ ਨੇ ਉਸ ‘ਤੇ ਅੰਨਾ ਤਸ਼ਦਦ ਕੀਤਾ। ਇੰਦਰਜੀਤ ਸਿੰਘ ਨੇ ਇਸ ਸਬੰਧੀ ਓਨਟਾਰੀਓ ਕੋਰਟ ਆਫ ਜਸਟਿਸ ਵਿਚ ਹਲਫਨਾਮਾ ਵੀ ਦਾਇਰ ਕੀਤਾ ਤਾਂ ਜੋ ਉਕਤ ਅਫਸਰ ਖਿਲਾਫ ਨਿੱਜੀ ਮੁਕੱਦਮਾ ਸ਼ੁਰੂ ਕੀਤਾ ਜਾਵੇ। ਹਲਫਨਾਮੇ ਵਿਚ ਇੰਦਰਜੀਤ ਸਿੰਘ ਵਲੋਂ ਦਿੱਤੇ ਵੇਰਵੇ ਲੂੰ ਕੰਡੇ ਖੜੇ ਕਰਨ ਵਾਲੇ ਹਨ ਕਿ ਕਿਵੇਂ ਪੁਲਿਸ ਵਲੋਂ ਉਸ ‘ਤੇ ਅੰਨਾ ਤਸ਼ਦਦ ਕੀਤਾ ਗਿਆ ਸੀ। ਤਸ਼ਦਦ ਦੇ ਦੋਸ਼ਾਂ ਤਹਿਤ ਢਿਲੋਂ ਖਿਲਾਫ ਨਿੱਜੀ ਮੁਕੱਦਮੇ ਵਿਚ ਚੋਟੀ ਦੇ ਅਪਰਾਧਕ ਵਕੀਲ ਵਨੋਰਾ ਸਿੰਪਸਨ ਸਿਖਸ ਫਾਰ ਜਸਟਿਸ ਦੀ ਪ੍ਰਤੀਨਿਧਤਾ ਕਰ ਰਹੇ ਹਨ ਜੋ ਕਿ ਟੋਰੰਟੋ ਸਥਿਤ ਲਾਅ ਫਰਮ ਗੋਲਡਬਲੈਟ ਪਾਰਟਨਰਸ ਨਾਲ ਸਬੰਧਤ ਹਨ।
Home / ਕੈਨੇਡਾ / ਟੋਰਾਂਟੋ ਵਿਚ ਢਿੱਲੋਂ ਦੀ ਮੌਜੂਦਗੀ ਦੇ ਸਬੂਤਾਂ ਦੀ ਘਾਟ ਕਾਰਨ ਅਦਾਲਤ ਵੱਲੋਂ ਤਸ਼ੱਦਦ ਕੇਸ ਦੀ ਸੁਣਵਾਈ ਤੋਂ ਇਨਕਾਰ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …