ਲੁੱਟਖੋਹ ਦੀਆਂ ਵਾਰਦਾਤਾਂ ਪੰਜਾਬ ‘ਚ ਚਿੰਤਾ ਦਾ ਵਿਸ਼ਾ ਬਣੀਆਂ
ਮੁਕਤਸਰ/ਬਿਊਰੋ ਨਿਊਜ਼
ਪੰਜਾਬ ਵਿਚ ਬੈਂਕਾਂ ਦੇ ਪੈਸੇ ਲੁੱਟਣ ਦੀਆਂ ਵਾਰਦਾਤਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਲੰਘੇ ਕੱਲ੍ਹ ਬਨੂੜ ਨੇੜੇ ਐਕਸਿਸ ਬੈਂਕ ਦੀ ਵੈਨ ਨੂੰ ਸ਼ਰ੍ਹੇਆਮ ਸੜਕ ‘ਤੇ ਲੁੱਟਿਆ ਗਿਆ। ਇਸ ਤੋਂ ਬਾਅਦ ਅੱਜ ਹਥਿਆਰਬੰਦ ਵਿਅਕਤੀਆਂ ਨੇ ਮੁਕਤਸਰ ਵਿਚ ਸਰਾਵਾਂ ਬੋਦਲਾ ਪਿੰਡ ਦੀ ਐਸਬੀਆਈ ਬ੍ਰਾਂਚ ਵਿਚੋਂ ਸਾਢੇ ਨੌ ਲੱਖ ਰੁਪਏ ਲੁੱਟ ਲਏ ਹਨ। ਜਾਣਕਾਰੀ ਮੁਤਾਬਕ ਲੁਟੇਰੇ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ 12 ਬੋਰ ਦੀ ਰਾਈਫਲ ਦਾ ਸਹਾਰਾ ਲੈ ਕੇ ਇਹ ਬ੍ਰਾਂਚ ਲੁੱਟੀ। ਪੁਲਿਸ ਦੇ ਦੱਸਣ ਮੁਤਾਬਕ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਬੈਂਕ ਕਰਮਚਾਰੀਆਂ ਦੇ ਫੋਨ ਬੰਦ ਕਰਵਾਏ ਤੇ ਫੇਰ ਲੁੱਟ ਨੂੰ ਅੰਜ਼ਾਮ ਦਿੱਤਾ। ਚੇਤੇ ਰਹੇ ਕਿ ਬਨੂੜ ਨੇੜੇ ਹੋਈ ਐਕਸਿਸ ਬੈਂਕ ਦੀ ਕੈਸ਼ ਵੈਨ ਲੁੱਟਣ ਦੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਲੁਟੇਰੇ ਸ਼ਰ੍ਹੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ, ਜੋ ਪੰਜਾਬ ਵਿਚ ਚਿੰਤਾ ਦਾ ਵਿਸ਼ਾ ਹੈ।