
ਕਿਹਾ : ਸਹੀ ਸਮੇਂ ’ਤੇ ਗੁਆਂਢੀ ਦੇਸ਼ਾਂ ਨੇ ਮੱਦਦ ਪਹੁੰਚਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਹੜ੍ਹਾਂ ਸਬੰਧੀ ਰਾਹਤ ਸਮੱਗਰੀ ਅਤੇ ਬਚਾਅ ਕਾਰਜਾਂ ਵਿਚ ਮੱਦਦ ਲਈ ਸੰਸਦ ਵਿਚ ਭਾਰਤ ਅਤੇ ਚੀਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਗੁਆਂਢੀ ਦੇਸ਼ਾਂ ਨੇ ਸਮੇਂ ’ਤੇ ਰਾਹਤ ਸਮੱਗਰੀ, ਤਕਨੀਕੀ ਟੀਮਾਂ ਅਤੇ ਐਮਰਜੈਂਸੀ ਮੱਦਦ ਭੇਜੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੇਪਾਲ ਵਿਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਸੀ। ਇਸੇ ਦੌਰਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਫਿਲਮ ਅਦਾਕਾਰ ਸੋਨੂੰ ਸੂਦ ਵੀ ਨੇਪਾਲ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਕਾਠਮੰਡੂ ਪਹੁੰਚ ਗਏ। ਇਸ ਮੌਕੇ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਆਉਣ ਵਾਲੇ ਮਹੀਨਿਆਂ ਵਿਚ ਵੀ ਰਾਹਤ ਅਤੇ ਸਹਾਇਤਾ ਜਾਰੀ ਰੱਖੇਗੀ। ਸੋਨੂੰ ਸੂਦ ਲੰਘੇ ਕੱਲ੍ਹ ਮੰਗਲਵਾਰ ਨੂੰ ਆਪਣੀ ‘ਸੂਦ ਚੈਰਿਟੀ ਫਾਊਂਡੇਸ਼ਨ’ ਦੀ ਇਕ ਟੀਮ ਨਾਲ ਹੜ੍ਹ ਪੀੜਤਾਂ ਲਈ ਭੋਜਨ ਅਤੇ ਕੰਬਲ ਲੈ ਕੇ ਨੇਪਾਲ ਦੀ ਰਾਜਧਾਨੀ ਪਹੁੰਚੇ। ਉਨ੍ਹਾਂ ਕਿਹਾ ਕਿ ਤੁਰੰਤ ਰਾਹਤ ਕਾਰਜ ਦੇ ਹਿੱਸੇ ਵਜੋਂ ਕੰਬਲ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਹੀ ਪ੍ਰਭਾਵਿਤ ਭਾਈਚਾਰਿਆਂ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਵੀ ਕਰ ਰਹੀ ਹੈ।

