Breaking News
Home / ਨਜ਼ਰੀਆ / ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਅੰਬੇਡਕਰ

ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਅੰਬੇਡਕਰ

ਪ੍ਰਿੰ. ਪਾਖਰ ਸਿੰਘ
ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਭਾਰਤ ਰਤਨ ਡਾ ਭੀਮ ਰਾਉ ਅੰਬੇਡਕਰ ਮਿਹਨਤਕਸ਼ਾਂ ਤੇ ਦਲਿਤਾਂ ਦੇ ਮਸੀਹਾ, ਔਰਤਾਂ ਦੇ ਮੁਕਤੀਦਾਤਾ, ਦਰਦਵੰਦਾਂ ਦੇ ਦਰਦੀ, ਆਸ਼ਾਵਾਦੀ ਸੋਚ ਦੇ ਮਾਲਕ, ਮਾਨਵਤਾ ਦੇ ਆਸ਼ਕ, ਜੁਝਾਰੂ ਨੇਤਾ, ਪੀੜਤਾਂ ਦੇ ਮਦਦਗਾਰ, ਕਰਨੀਂ ਤੇ ਕਥਨੀ ਦੇ ਪੂਰੇ, ਕਲਮ ਦੇ ਧਨੀ, ਵਿਦਵਤਾ ਦੇ ਭੰਢਾਰ, ਸ਼ੋਸ਼ਤਾਂ ਦੇ  ਰਖਵਾਲੇ, ਚੋਟੀ ਦੇ ਵਕੀਲ, ਮਹਾਨ ਚਿੰਤਕ, ਦ੍ਰਿੜ੍ਹ ਇੱਛਾ ਸ਼ਕਤੀ ਦੇ ਮਾਲਕ, ਪਹਾੜਾਂ ਨਾਲ ਟੱਕਰ ਲੈਣ ਵਾਲੇ ਨਿਧੜਕ ਜਰਨੈਲ, ਅਰਥ ਵਿਗਿਆਨੀ, ਮਹਾਨ ਸਮਾਜ ਸੁਧਾਰਕ, ਅਤੇ ਮਾਨਵ ਅਧਿਕਾਰਾਂ ਦੇ ਅਲਮਬਰਦਾਰ ਸਨ।
ਆਪ ਇੱਕ ਵਿਅਕਤੀ ਨਹੀਂ ਸਗੋਂ ਸੰਸਥਾ ਸਨ ਜਿਹਨਾਂ ਐਸ਼ ਆਰਾਮ ਦੀ ਜਿੰਦਗੀ ਬਸਰ ਕਰਨ ਨਾਲੋਂ ਕਡਿੰਆਲੇ ਰਾਹਾਂ ਦੇ ਪਾਂਧੀ ਬਣਨ ਨੂੰ ਤਰਜੀਹ ਦਿੱਤੀ। ਆਪ ਦਾ ਜੀਵਨ ਸਫਰ 1891 ਤੋਂ ਸ਼ੁਰੂ ਹੋਇਆ। ਆਪਣੇਂ ਪਰਿਵਾਰ ਦੇ ਚੌਧਵੇਂ ਰਤਨ-ਭਾਰਤ ਰਤਨ ਡਾ ਭੀਮ ਰਾਉ ਅੰਬੇਡਕਰ ਦਾ ਜਨਮ 14 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਕਸਬੇ ਮਹੂ ਵਿੱਚ ਹੋਇਆ।ਆਪ ਜੀ ਦੀ ਮਾਤਾ ਦਾ ਨਾਂ ਭੀਮਾਂ ਬਾਈ ਅਤੇ ਪਿਤਾ ਦਾ ਨਾਂ ਸੂਬੇਦਾਰ ਰਾਮ ਜੀ ਸੀ। ਆਪ ਦਾ ਸਮੁੱਚਾ ਪਰਿਵਾਰ ਕਬੀਰ ਪੰਥੀ ਵਿਚਾਰਾਂ ਦਾ ਧਾਰਨੀਂ ਸੀ।ਮੁੱਢ ਤੋਂ ਹੀ ਵਿੱਦਿਆ ਪ੍ਰਾਪਤੀ ਦੀ ਲਗਨ ਵਧੇਰੇ ਪਰਬਲ ਸੀ ਇਸ ਲਈ ਆਪ ਨੂੰ 1900 ਈਸਵੀ ਵਿੱਚ ਸਤਾਰਾ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਗਿਆ।
ਸਕੂਲ ਵਿੱਚ ਅਛੂਤ ਵਿਦਿਆਰਥੀਆਂ ਨਾਲ ਬਹੁਤ ਨਫਰਤ ਕੀਤੀ ਜਾਂਦੀ ਸੀ। ਉਹਨਾਂ ਨੂੰ ਬਾਕੀ ਵਿਦਿਆਰਥੀਆਂ ਨਾਲੋਂ ਦੂਰ-ਵੱਖਰੇ ਬਿਠਾਇਆ ਜਾਂਦਾ ਸੀ। ਅਛੂਤ ਵਿਦਿਆਰਥੀਆਂ ਨੂੰ ਸਕੂਲ ਦੇ ਨਲਕੇ ਤੋਂ ਆਪ ਪਾਣੀਂ ਪੀਣ ਦੀ ਆਗਿਆ ਨਹੀਂ ਸੀ। ਸਵਰਨ ਜਾਤੀਆਂ ਦੇ ਵਿਦਿਆਰਥੀ ਉਹਨਾਂ ਨੂੰ ਦੂਰ ਤੋਂ ਹੀ ਪਾਣੀਂ ਪਿਲਾਉਂਦੇ ਸਨ। ਸਮਕਾਲੀ ਸਮਾਜ ਵਿੱਚ ਅਛੂਤਾਂ ਦੀ ਹਾਲਤ ਬਹੁਤ ਤਰਸਯੋਗ ਸੀ।ਪੈਰ-ਪੈਰ ਤੇ ਉਹਨਾਂ ਨੂੰ ਦੁਰਕਾਰਿਆ ਜਾਂਦਾ ਅਤੇ ਉਹ ਜ਼ਿਲਤ ਵਾਲੀ ਜਿੰਦਗੀ ਬਸਰ ਕਰ ਰਹੇ ਸਨ। ਇੱਥੋਂ ਤੱਕ ਕਿ ਉਹ ਜਮੀਨ ਤੇ ਥੁੱਕ ਤੱਕ ਵੀ ਨਹੀਂ ਸਕਦੇ ਸਨ ਕਿਉਂਕਿ ਜਦੋਂ ਉੱਚ ਸ਼੍ਰੇਣੀਂ ਦਾ ਬ੍ਰਾਹਮਣ ਊਸ ਜਮੀਨ ਨੂੰ ਪੈਰਾਂ ਨਾਲ ਛੂਹਦਾਂ ਸੀ ਤਾਂ ਉਹ ਭ੍ਰਸ਼ਟ ਹੋ ਜਾਂਦਾ ਸੀ। ਇਸ ਲਈ ਸ਼ੂਦਰ ਆਪਣੇਂ ਗਲ  ਵਿੱਚ ਇੱਕ ਬਰਤਨ ਹਮੇਸ਼ਾਂ ਲਟਕਾਈ ਰੱਖਦੇ ਸਨ ਤਾਂ ਜੋ ਉਸ ਵਿੱਚ ਥੁੱਕਿਆ ਜਾ ਸਕੇ। ਇਹ ਲੋਕ ਆਪਣੇਂ ਪਿੱਛੇ ਕੁੰਢੇ ਨਾਲ ਬੰਨ੍ਹਿਆ ਇੱਕ ਛਾਪਾ ਲਟਕਾਈ ਰੱਖਦੇ ਸਨ ਤਾਂ ਜੋ ਅਛੂਤਾਂ ਦੀ ਪੈੜ ਨਾਲੋਂ ਨਾਲ ਮਿਟ ਜਾਵੇ। ਗੁਜਰਾਤ ਵਿੱਚ ਕਮਰਕੱਸੀ ਕੱਪੜਾ ਵੀ ਇਹ ਲੋਕ ਨਹੀਂ ਸੀ ਪਹਿਨ ਸਕਦੇ, ਉੱਚੀ ਬੋਲਣਾ ਵੀ ਮਨ੍ਹਾ ਸੀ, ਕਈ ਸ਼ਹਿਰਾਂ ਵਿੱਚ ਸ਼ਾਮ 3 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੀਕ ਇਹਨਾਂ ਲੋਕਾਂ ਦਾ ਆਉਣਾਂ ਵੀ ਮਨ੍ਹਾ ਸੀ ਕਿਉਂ ਜੋ ਤਿੰਨ ਵਜੇ ਦੁਪਹਿਰ ਮਗਰੋਂ ਪਰਛਾਵੇਂ ਲੰਬੇ ਹੁੰਦੇ ਸਨ, ਪੰਜਾਬ ਵਿੱਚ ਅਛੂਤ ਲੋਕ ਖੇਤਾਂ ਵਿੱਚ ਕੰਮ-ਕਾਰ ਸਮੇਂ ਆਪਣੇਂ ਵੱਖਰੇ ਭਾਂਡੇ ਘਰੋਂ ਲੈ ਕੇ ਜਾਂਦੇ ਸਨ ਤੇ ਉਹਨਾਂ ਨੂੰ ਰੋਟੀਆਂ ਦੂਰੋਂ ਹੀ ਸੁੱਟੀਆਂ ਜਾਂਦੀਆਂ ਸਨ। ਬਚਪਨ ਵਿੱਚ ਡਾ ਅੰਬੇਡਕਰ ਨੂੰ ਵੀ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾਂ ਕਰਨਾਂ ਪਿਆ। ਛੂਤ-ਛਾਤ ਜੋਰਾਂ ਤੇ ਹੋਣ ਕਾਰਨ ਉਹ ਵਾਲ ਵੀ ਆਪਣੀਂ ਭੈਣ ਦੇ ਘਰ ਹੀ ਕੱਟਦੇ ਸਨ ਕਿਉਂ ਜੋ ਨਾਈ ਭਿੱਟ ਹੋਣ ਜਾਣ ਦੇ ਡਰੋਂ ਉਹਨਾਂ ਦੀ ਹਜਾਮਤ ਕਰਨ ਲਈ ਤਿਆਰ ਨਹੀਂ ਸਨ। ਇੱਕ ਵਾਰੀ ਉਹਨਾਂ ਦੇ ਵੱਡੇ ਭਰਾ ਨੇਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਆਪਣੇ ਪਿਤਾ ਪਾਸ ਜੋ ਖਜਾਨਚੀ ਦਾ ਕੰਮ ਕਰਦੇ ਸਨ,ਜਾਣਾਂ ਸੀ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਆਉਣਾਂ ਸੀ। ਅੰਬੇਡਕਰ ਤੇ ਊਹਨਾਂ ਦਾ ਵੱਡਾ ਭਰਾ ਗੱਡੀ ਤੋਂ ਉੱਤਰ ਕੇ ਕਾਫੀ ਸਮਾਂ ਰੇਲਵੇ ਸਟੇਸ਼ਨ ਤੇ ਆਪਣੇਂ ਪਿਤਾ ਦੀ ਉਡੀਕ ਕਰਦੇ ਰਹੇ ਪ੍ਰੰਤੂ ਕੁੱਝ ਕਾਰਨਾਂ ਕਰਕੇ ਉਹ ਸਟੇਸ਼ਨ ਤੇ ਆਪਣੇਂ ਬੱਿਚਆਂ ਨੂੰ ਲਿਜਾਣ ਲਈ ਨਾਂ ਪੁੱਜ ਸਕੇ। ਸਟੇਸ਼ਨ ਮਾਸਟਰ ਸਾਊ ਵਿਅਕਤੀ ਸੀ ਅਤੇ ਉਸਨੇਂ ਉਹਨਾਂ ਤੋਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਡਾ. ਅੰਬੇਡਕਰ ਅਤੇ ਉਸਦੇ ਭਰਾ ਨੇਂ ਸੋਹਣੇਂ ਸਾਫ ਸੁਥਰੇ ਕੱਪੜੇ ਪਹਿਨੇ ਹੋਏ ਸਨ। ਭੀਮ ਨੇ ਸਾਫ ਸ਼ਬਦਾਂ ਵਿੱਚ ਸਟੇਸ਼ਨ ਮਾਸਟਰ ਨੂੰ ਦੱਸ ਦਿੱਤਾ ਕਿ ਉਹ ਮਹਾਰ ਜਾਤੀ ਨਾਲ ਸੰਬਧਿਤ ਹਨ। ਸਟੇਸ਼ਨ ਮਾਸਟਰ ਉਹਨਾਂ ਵੱਲ ਵੇਖ ਕੇ ਹੈਰਾਨ ਰਹਿ ਗਿਆ ਤੇ ਉਹ ਸਾਊਪੁਣਾਂ ਛੱਡ ਕੇ ਚੁਪਕੇ ਜਿਹੇ  ਉੱਥੋਂ ਖਿਸਕ ਗਿਆ। ਭੀਮ ਨੇਂ ਇੱਕ ਬੈਲ ਗੱਡੀ ਵਿੱਚ ਜਾਣ ਦੀ ਯੋਜਨਾਂ ਸੋਚੀ ਕਿਉਂ ਜੋ ਉਸ ਸਮੇਂ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ ਤੇ ਟੈਕਸੀਆਂ ਦੀ ਥਾਂ ਬੈਲ ਗੱਡੀਆਂ ਹੀ ਵਰਤੀਆਂ ਜਾਂਦੀਆਂ ਸਨ।ਅਜੋਕੇ ਸਮੇਂ ਵਾਂਗ ਆਵਾਜਾਈ ਦੀਆਂ ਸਹੂਲਤਾਂ ਦਾ ਅਭਾਵ ਸੀ।ਗੱਡੀ ਦੇ ਮਾਲਕ ਨੂੰ ਜਦੋਂ ਪਤਾ ਲੱਗਾ ਕਿ ਇਹ ਬੱਚੇ ਮਹਾਰ ਜਾਤੀ ਨਾਲ ਸਬੰਧ ਰੱਖਦੇ ਹਨ ਤਾਂ ਉਸ ਨੇ ਉਹਨਾਂ ਨੂੰ ਲਿਜਾਣ ਲਈ ਸਾਫ ਇਨਕਾਰ ਕਰ ਦਿੱਤਾ।ਬਹੁਤਾ ਜੋਰ ਦੇਣ ਤੇ ਉਹ ਇਸ ਸ਼ਰਤ ਤੇ ਉਹਨਾਂ ਨੂੰ ਲਿਜਾਣ ਲਈ ਰਜ਼ਾਮੰਦ ਹੋਇਆ ਕਿ ਉਹ ਉਹਨਾਂ ਤੋਂ ਦੁੱਗਣਾ ਕਿਰਾਇਆ ਲਵੇਗਾ ਤੇ ਬੈਲ ਗੱਡੀ ਵੀ ਉਹ ਚਲਾਉਣਗੇ। ਬੈਲ ਗੱਡੀ ਦਾ ਮਾਲਕ ਥੋੜ੍ਹੀ ਦੂਰ ਹੋ ਕੇ ਚੱਲਦਾ ਸੀ ਕਿ ਕਿਤੇ ਉਹ ਮਹਾਰ ਮੁੰਡਿਆਂ ਦੇ ਪਰਛਾਵੇਂ ਤੋਂ ਭਿੱਟ ਨਾਂ ਜਾਵੇ। ਭੀਮ ਹੈਰਾਨ ਸੀ ਕਿ ਬੈਲ ਗੱਡੀ ਦਾ ਮਾਲਕ ਉਹਨਾਂ ਨਾਲ ਇੰਨੀ ਨਫਰਤ ਕਿਉਂ ਕਰਦਾ ਹੈ ਜਦੋਂ ਕਿ ਉਹਨਾਂ ਨੇਂ ਸਾਫ ਸੁਥਰੇ ਕੱਪੜੇ ਪਹਿਨੇ ਹੋਏ ਹਨ ਤੇ ਉਹ ਵੀ ਇਨਸਾਨ ਹਨ।ਭੀਮ ਨੇਂ ਇਸ ਅਭੁੱਲ ਘਟਨਾ ਨੂੰ ਜਿੰਦਗੀ ਵਿੱਚ ਕਦੇ ਨਹੀਂ ਭੁਲਾਇਆ ਤੇ ਤਹੱਈਆ ਕੀਤਾ ਕਿ ਉਹ ਇਸ ਭੇਦ-ਭਾਵ ਨੂੰ ਖਤਮ ਕਰਨ ਲਈ ਪੂਰਾ ਤਰਾਣ ਲਗਾਏਗਾ ਭਾਵੇਂ ਉਸਨੂੰ ਕਿੰਨੀਆਂ ਵੀ ਔਕੜਾਂ ਦਾ ਸਾਹਮਣਾਂ ਕਰਨਾਂ ਪਵੇ।
ਬਾਬਾ ਸਾਹਿਬ ਇੱਕ ਦ੍ਰਿੜ ਇਰਾਦੇ ਦੇ ਆਦਮੀਂ ਸਨ ਜਿਹਨਾਂ ਨੇ  ਬਚਪਨ ਤੋਂ ਹੀ ਸਮਾਜਿਕ ਔਕੜਾਂ ਦਾ ਡੱਟ ਕੇ ਟਾਕਰਾ ਕਰਨ ਦਾ ਤਹੱਈਆ ਕੀਤਾ ਹੋਇਆ ਸੀ। ਉਹ ਵੱਧ ਤੋਂ ਵੱਧ ਉੱਚ  ਸਿੱਖਿਆ ਹਾਸਿਲ ਕਰਨ ਦੇ ਲੋਚਕ ਸਨ। ਖੇਡਾਂ ਦੇ ਨਾਲ ਨਾਲ ਆਪਣੇਂ ਆਪ ਨੂੰ ਪੁਸਤਕਾਂ ਪੜ੍ਹਨ ਵਿੱਚ ਮਸ਼ਰੂਫ ਰੱਖਦੇ ਸਨ।ਕਦੇ-ਕਦੇ ਰੇਲਵੇ ਸਟੇਸ਼ਨ ਤੇ ਜਾ ਕੇ ਕੁਲੀ ਵਜੋਂ ਕੰਮ ਕਰਕੇ ਪੈਸੇ ਵੀ ਕਮਾ ਲਿਆਉਂਦੇ ਸਨ। ਇਸ ਦਾ ਕਾਰਨ ਆਪ ਦੇ ਪਰਿਵਾਰ ਦੀਆਂ ਆਰਥਿਕ ਸਮੱਸਿਆਵਾਂ ਸਨ। ਭਾਵੇਂ ਆਪ ਦੇ ਪਰਿਵਾਰ ਦੀ ਆਰਥਿਕ ਦਸ਼ਾ ਚੰਗੇਰੀ ਨਹੀਂ ਸੀ ਫਿਰ ਵੀ ਆਪ ਦੇ ਪਿਤਾ ਸੂਬੇਦਾਰ ਰਾਮ ਜੀ ਆਪਣੇਂ ਹੋਣਹਾਰ ਬੇਟੇ ਨੂੰ ਕਿਤਾਬਾਂ, ਕਾਪੀਆਂ ਤੇ ਪੜ੍ਹਨ ਦੀ ਸਮੱਗਰੀ ਦੀ ਥੁੜ ਨਹੀਂ ਸੀ ਆਉਣ ਦਿੰਦੇ। ਭਾਵੇਂ ਕਈ ਵਾਰ ਉਹਨਾਂ ਨੂੰ ਵਿਆਜ ਤੇ ਪੈਸੇ ਉਧਾਰ ਵੀ ਲੈਣੇ ਪਏ। ਬਾਬਾ ਸਾਹਿਬ ਅੱਧੀ ਅੱਧੀ ਰਾਤ ਤੀਕ ਸਕੂਲੀ ਪੜ੍ਹਾਈ ਵਿੱਚ ਮਘਨ ਰਹਿੰਦੇ ਸਨ। ਸਖਤ ਮਿਹਨਤ ਕਰਕੇ ਮੈਟ੍ਰਿਕ ਦੀ ਪ੍ਰੀਖਿਆ ਵਿੱਚ ਪਹਿਲੇ ਨੰਬਰ ਤੇ ਆਏ। ਉਸ ਸਮੇਂ ਉਹਨਾਂ ਦੀ ਉਮਰ ਸਤਾਰਾਂ ਸਾਲ ਦੀ ਸੀ।
ਬਚਪਨ ਦੀਆਂ ਘਟਨਾਵਾਂ ਬਾਰੇ ੳਾਪ ਲਿਖਦੇ ਹਨ;-”ਮੈਂ ਜਦ ਸਕੂਲ ਵਿੱਚ ਪੜ੍ਹਦਾ ਸੀ ਉਸ ਵਿੱਚ ਇੱਕ ਮਰਾਠਣ ਔਰਤ ਨੌਕਰ ਸੀ।ਭਾਵੇਂ ਉਹ ਬਿਲਕੁਲ ਅਨਪੜ੍ਹ ਸੀ ਪ੍ਰੰਤੂ ਛੂਤ-ਛਾਤ ਬਹੁਤ ਕਰਦੀ ਸੀ। ਉਹ ਮੇਰੇ ਕੋਲੋਂ ਦੂਰ ਦੂਰ ਰਹਿੰਦੀ ਸੀ ਕਿ ਕਿਤੇ ਉਹ ਭਿੱਟ ਨਾਂ ਹੋ ਜਾਵੇ। ਇੱਕ ਦਿਨ ਦੀ ਗੱਲ ਹੈ ਕਿ ਮੈਨੂੰ ਬਹੁਤ ਪਿਆਸ ਲੱਗੀ। ਪ੍ਰਤੂੰ ਉਸ ਔਰਤ ਨੇਂ ਮੈਨੂੰ ਪਾਣੀ ਦੀ ਟੂਟੀ ਨੂੰ ਹੱਥ ਲਾਉਣ ਨਹੀਂ ਦਿੱਤਾ। ਮੈਂ ਆਪਣੇਂ ਅਧਿਆਪਕ ਨੂੰ ਕਿਹਾ ਕਿ ਮੈਨੂੰ ਪਿਆਸ ਲੱਗੀ ਹੈ। ਉਸਨੇ ਚਪੜਾਸੀ ਨੂੰ ਬੁਲਾਇਆ ਤੇ ਕਿਹਾ ਕਿ ਜਾ ਕੇ ਪਾਣੀ ਦੀ ਟੂਟੀ ਮਰੋੜ ਦੇਵੇ ਤਾਂ ਜੂ ਇਹ ਪਾਣੀਂ ਪੀ ਲਵੇ। ਤਾਂ ਕਿਤੇ ਜਾ ਕੇ ਉਸ ਚਪੜਾਸੀ ਨੇਂ ਟੂਟੀ ਮਰੋੜੀ ਤੇ ਮੈਨੂੰ ਪਾਣੀਂ ਪੀਣਾਂ ਨਸੀਬ ਹੋਇਆ। ਜਦੋਂ ਉਹ ਚਪੜਾਸੀ ਗੈਰ ਹਾਜ਼ਿਰ ਹੁੰਦਾ ਤਾਂ ਮੈਨੂੰ ਪਿਆਸੇ ਹੀ ਰਹਿਣਾਂ ਪੈਂਦਾ। ਸਕੂਲੋਂ ਪਿਆਸਾ ਹੀ ਘਰ ਆਉਂਦਾ ਅਤੇ ਘਰ ਆ ਕੇ ਪਾਣੀਂ ਪੀਂਦਾ।” 1912 ਈਸਵੀ ਨੂੰ ਆਪ ਨੇਂ ਬੰਬਈ ਯੂਨੀਵਰਸਿਟੀ ਦੇ ਐਲਫਿਨਸਟਨ ਕਾਲਜ ਤੋਂ ਬੀ ਏ ਦੀ ਡਿਗਰੀ ਪ੍ਰਾਪਤ ਕੀਤੀ।
17 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਰਾਮਾ  ਬਾਈ ਨਾਲ ਕਰ ਦਿੱਤਾ ਗਿਆ। ਰਾਮਾ ਬਾਈ, ਬਾਬਾ ਸਾਹਿਬ ਦੇ ਹਰ ਕਾਰਜ ਵਿੱਚ ਤਨੋਂ ਮਨੋਂ ਸਹਾਇਤਾ ਕਰਦੀ ਸੀ। ਆਪਣੇ ਪਤੀ ਦੇ ਰੁਝੇਵਿਆਂ ਤੋਂ ਗਿਆਤ ਹੋਣ ਕਾਰਨ ਜਦੋਂ ਉਹ ਦੇਰ ਰਾਤ ਘਰ ਆਉਂਦੇ ਤਾਂ ਉਹ ਅੱਖੋਂ ਪਰੋਖੇ ਕਰ ਦਿੰਦੀ। ਉਹਨਾਂ ਦੇ ਘਰ ਪੰਜ ਬੱਚਿਆਂ ਨੇ ਜਨਮ ਲਿਆ ਜਿਹਨਾਂ ਵਿੱਚੋਂ ਕੇਵਲ ਇਕ ਹੀ ਜੀਵਿਤ ਬਚਿਆ। ਆਪ ਦੀ ਪਤਨੀਂ ਸਾਉ ਤੇ ਨਿਰ ਸੁਆਰਥ ਸੁਭਾਅ ਦੀ ਮਾਲਿਕ ਸੀ। ਬਾਬਾ ਸਾਹਿਬ ਦੀ ਉਮਰ ਹਾਲੇ ਚਾਲੀ ਸਾਲ ਦੀ ਹੀ ਸੀ ਕਿ ਰਾਮਾ ਬਾਈ ਦਾ ਦੇਹਾਂਤ ਹੋ ਗਿਆ। ਇਸ ਨਾਲ ਉਹਨਾਂ ਦੇ ਮਨ ਤੇ ਬਹੁਤ ਡੁੰਘੀ ਸੱਟ ਵੱਜੀ ਤੇ ਉਹਨਾਂ ਦਾ ਦਿਲ ਟੁੱਟ ਗਿਆ।
ਉਦਾਸੀ ਦੀ ਹਾਲਤ ਵਿੱਚ ਉਹਨਾਂ ਨੇਂ ਸਿਰ ਮੁਨਵਾ ਕੇ ਭਿਕਸ਼ੂਆਂ ਵਾਲਾ ਪਹਿਰਾਵਾ ਪਹਿਨ ਲਿਆ। ਪ੍ਰੰਤੂ ਆਪਣੇਂ ਅਨੇਕ ਸ਼ਰਧਾਲੂਆਂ ਦੇ ਕਹਿਣ ਤੇ ਆਪਣਾਂ ਪਹਿਰਾਵਾ ਉਤਾਰ ਦਿੱਤਾ।ਆਪ ਦੇ ਸ਼ਰਧਾਲੂਆਂ ਦਾ ਕਹਿਣਾਂ ਸੀ ”ਬਹੁਤ ਸਾਰੇ ਰਿਸ਼ੀਆਂ, ਮੁਨੀਆਂ, ਸਾਧਾਂ ਸੰਤਾਂ ਅਤੇ ਮਹਾਤਮਾਵਾਂ ਨੇਂ ਸਾਡੀ ਕੌਮ ਵਿੱਚ ਜਨਮ ਲਿਆ ਪ੍ਰੰਤੂ ਅਛੂਤਾਂ ਦੀ ਹਾਲਤ ਵਿੱਚ ਕੋਈ ਪਰਿਵਰਤਨ ਨਹੀਂ ਆਇਆ। ਦਲਿਤ ਸਮਾਜ ਨੂੰ ਤੁਹਾਡੀ ਲੋੜ ਹੈ ਅਤੇ ਤੁਸੀਂ ਹੀ ਇਸ ਕੌਮ ਦਾ ਬੇੜਾ ਬੰਨੇ ਲਾ ਸਕਦੇ ਹੋ। ਤੁਸੀਂ ਹੀ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜ ਕੇ ਉਹਨਾਂ ਦੀ ਜਿੰਦਗੀ ਵਿੱਚ ਨਵੇਂ ਚਿਰਾਗ ਬਾਲਣੇਂ ਹਨ। ਉਹ ਹਾਲੇ ਵਿਦਿਆਰਥੀ ਹੀ ਸਨ ਕਿ ਮਹਾਰਾਜਾ ਬੜੌਦਾ ਨੇ 25 ਰੁਪਏ ਵਜੀਫਾ ਲਗਵਾ ਦਿੱਤਾ। ਮਹਾਰਾਜਾ ਬੜੌਦਾ ਨੇ 1913 ਵਿੱਚ ਕੁੱਝ ਹੋਣਹਾਰ ਤੇ ਲਾਇਕ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤੀ ਲਈ ਅਮਰੀਕਾ ਭੇਜਿਆ  ਜਿਹਨਾਂ ਵਿੱਚੋਂ ਡਾ ਅੰਬੇਡਕਰ ਇੱਕ ਸੀ। ਕੋਲੰਬੀਆ ਯੂਨੀਵਰਸਿਟੀ ਤੋਂ ਆਪ ਨੇ ਐਮ ਏ ਦੀ ਡਿਗਰੀ ਪ੍ਰਾਪਤ ਕੀਤੀ। ਐਮ ਏ ਦੀ ਡਿਗਰੀ ਪ੍ਰਾਪਤ ਕਰਨ ਮਗਰੋਂ ਮਹਾਰਾਜਾ ਬੜੌਦਾ ਨੇਂ ਆਪ ਨੂੰ ਮਿਲਟਰੀ ਸੈਕਟਰੀ ਨਿਯੁਕਤ ਕਰ ਦਿੱਤਾ। ਪ੍ਰੰਤੂ ਜਾਤ ਅਭਿਮਾਨੀਆਂ ਦਾ ਅਪਮਾਨਜਨਕ ਵਤੀਰਾ ਦੇਖ ਕੇ ਕੇਵਲ 15 ਮਹੀਨਿਆਂ ਵਿੱਚ ਹੀ ਅਸਤੀਫਾ ਦੇ ਦਿੱਤਾ। ਆਪ ਸਮਕਾਲੀ ਜੀਵਨ ਦੀ ਹੋਣੀਆਂ ਭਰਪੂਰ ਲਹਿਰ  ਸਨ ਜਿਹਨਾਂ ਨੇਂ ਖੜੋਤੇ ਪਾਣੀਆਂ ਵਿੱਚ ਹਰਕਤ ਲਿਆਂਦੀ। ਜਿੰਦਗੀ ਦੇ ਕਿਸੇ ਮੌੜ ਤੇ ਜਮੀਰ ਦੀ ਅਵਾਜ ਨਾਲ ਸਮਝੋਤਾ ਨਹੀਂ ਕੀਤਾ। ਲੁੱਟ ਘਸੁੱਟ ਦੇ ਖਿਲਾਫ ਅਵਾਜ ਬੁਲੰਦ ਕੀਤੀ। ਕਿਰਤੀਆਂ ਨੂੰ ਜਿੰਦਗੀ ਦੇ ਸੁਲਤਾਨ ਮੰਨ ਕੇ ਰਾਣਾਂ-ਰੰਕ ਬਰਾਬਰੀ ਦਾ ਅਗਰਗਾਮੀ ਪੈਗਾਮ ਦਿੱਤਾ।
ਸੱਚ ਦੇ ਮੁਤਲਾਸ਼ੀ ਡਾ ਅੰਬੇਡਕਰ ਨੇਂ ਸੰਘੲਸ਼ਮਈ ਅਤੇ ਯਤਨਸ਼ੀਲ ਜੀਵਨ ਜੀਵਿਆ। ਧਰਮਾਂ ਦਾ ਡੂੰਘਾ ਮਤਾਲਿਆ ਕਰਨ ਉਪਰੰਤ ਆਪ ਨੇਂ 14 ਅਕਤੂਬਰ,1956 ਨੂੰ ਪੰਜ ਲੱਖ ਸ਼ਰਧਾਲੂਆਂ ਸਮੇਤ ਬੁੱਧ ਧਰਮ ਦੀ ਦੀਖਿਆ ਲਈ। ਭਾਰਤੀ ਸਵਿੰਧਾਨ ਦੇ ਪਿਤਾਮਾ ਹੋਣ ਕਾਰਨ ਆਪ ਨੂੰ ਸਖਤ ਮਿਹਨਤ ਕਰਨੀਂ ਪਈ ਜਿਸ ਕਾਰਨ ਆਪ ਦੀ ਸਿਹਤ ਖਰਾਬ ਹੋ ਗਈ। 55 ਸਾਲ ਦੀ ਉਮਰ ਵਿੱਚ ਡਾ ਅੰਬੇਡਕਰ ਨੇ ਸਵਿਤਾ ਕਬੀਰ ਨਾਂ ਦੀ ਆਪਣੇਂ ਤੋਂ ਛੋਟੀ ਉਮਰ ਦੀ ਬ੍ਰਾਹਮਣ ਲੜਕੀ ਨਾਲ ਵਿਆਹ ਕਰ ਲਿਆ। ਇਸ ਘਟਨਾਂ ਨੂੰ ਬਹੁਤ ਉਛਾਲਿਆ ਗਿਆ। ਅੰਤ ਹਾਲਾਤ ਨਾਲ ਜੂਝਦਾ ਇਹ ਨਿਧੜਕ ਅਤੇ ਨਿਰਭੈ ਆਗੂ 6 ਦਿਸੰਬਰ 1956 ਨੂੰ ਸਦੀਵੀ ਨੀਂਦ ਸੌਂ ਗਿਆ। ਆਪ ਦੇ ਸੰਘਰਸ਼ ਸਦਕਾਂ ਅਛੂਤ ਜਾਤੀਆਂ ਨੂੰ ਸਮਾਜਿਕ ਨਿਆਂ ਅਤੇ ਸਮਾਨਤਾ ਦੇ ਅਧਿਕਾਰ ਪ੍ਰਾਪਤ ਹੋਏ। ਆਪ ਦਾ ਨਾਂ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …