
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਅੱਜ ਤੜਕੇ ਇਰਾਨ ਵਿਚ ਫੌਜੀ ਟਿਕਾਣਿਆਂ ’ਤੇ ਇਕ ਵਾਰ ਫਿਰ ਏਅਰ ਸਟਰਾਈਕ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਿਕ ਹਮਲਿਆਂ ਵਿਚ ਮਿਜ਼ਾਈਲ ਲਾਂਚ ਸਾਈਟ, ਰੱਖਿਆ ਟਿਕਾਣੇ ਅਤੇ ਸਿਸਤਾਨ-ਬਲੂਚਿਸਤਾਨ ’ਚ 188ਵੀਂ ਬਿ੍ਰਗੇਡ ਦੀ ਬੈਰਕ ਨੂੰ ਨਿਸ਼ਾਨਾ ਬਣਾਇਆ ਗਿਆ। ਉਧਰ ਦੂਜੇ ਪਾਸੇ ਇਰਾਨ ਨੇ ਵੀ ਬਹਿਰੀਨ, ਕੁਵੈਤ ਅਤੇ ਜੌਰਡਨ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਬਹਿਰੀਨ ਅਤੇ ਕੁਵੈਤ ਵਿਚ ਮਿਜ਼ਾਈਲ ਅਲਰਟ ਜਾਰੀ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੌਰਡਨ ਨੇ ਵੀ 8 ਇਰਾਨੀ ਮਿਜ਼ਾਈਲਾਂ ਡੇਗਣ ਦੀ ਜਾਣਕਾਰੀ ਦਿੱਤੀ ਹੈ। ਇਸਦੇ ਚੱਲਦਿਆਂ ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਘਾਲੀਬਾਫ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਪਿੱਛੇ ਨਹੀਂ ਹਟਦਾ ਤਾਂ ਇਰਾਨ ਇਕ ਵੱਡੇ ਫੌਜੀ ਟਕਰਾਅ ਲਈ ਤਿਆਰ ਹੈ। ਨਾਲ ਹੀ ਰੈਵੋਲਿਊਸ਼ਨਰੀ ਗਾਰਡ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋੜ ਪਈ ਮੱਧ ਪੂੁਰਬ ਤੋਂ ਤੇਲ ਅਤੇ ਗੈਸ ਦੀ ਬਰਾਮਦ ਨੂੰ ਰੋਕਿਆ ਜਾ ਸਕਦਾ ਹੈ।

