Breaking News
Home / ਖੇਡਾਂ / ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ ਅਮਿੱਟ ਪੈੜਾਂ ਛੱਡਦੀਆਂ ਸੰਪੰਨ

ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ ਅਮਿੱਟ ਪੈੜਾਂ ਛੱਡਦੀਆਂ ਸੰਪੰਨ

16 ਸਕਿੰਟ ‘ਚ ਭਰੀ 100 ਮੀਟਰ ਉਡਾਨ, ਦੇਖ ਰਹੇ ਪੁਲਿਸ ਜਵਾਨ ਹੋ ਗਏ ਹੈਰਾਨ
ਡੇਹਲੋਂ/ਬਿਊਰੋ ਨਿਊਜ਼
ਪੇਂਡੂ ਓਲੰਪਿਕਸ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਕਿਲਾ ਰਾਏਪੁਰ ਦਾ 81ਵਾਂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਐਤਵਾਰ ਨੂੰ ਜਿੱਥੇ 100 ਤੋਲੇ ਦੇ ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਫੱਸਵੇਂ ਮੁਕਾਬਲੇ ਹੋਏ, ਉੱਥੇ ਹੀ ਕਬੱਡੀ ਮੁਕਾਬਲੇ ਵੀ ਦੇਖਣਯੋਗ ਸਨ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ, ਅਥਲੈਟਿਕਸ, ਟਰੈਕਟਰ ਦੌੜ, ਘੋੜਿਆਂ ਦੀ ਦੌੜ, ਬਾਜ਼ੀਗਰਾਂ ਦੇ ਕਰਤੱਬ, ਮੋਟਰਸਾਈਕਲ ਚਾਲਕਾਂ ਦੇ ਕਰਤੱਬ ਅਤੇ ਕੁੱਤਿਆਂ ਦੀਆਂ ਦੌੜਾਂ ਵੀ ਹੋਈਆਂ। ਨਾਲ ਹੀ ਨਿਹੰਗ ਸਿੰਘਾਂ ਦੇ ਕਰਤੱਬ ਵੀ ਦੇਖਣਯੋਗ ਸਨ।
ਇੱਥੇ ਗਰੇਵਾਲ ਸਪੋਰਟਸ ਸਟੇਡੀਅਮ ਵਿੱਚ ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਕੈਰੋਂ ਨੇ ਕਿਹਾ ਕਿ ਖੇਡਾਂ ਰਾਹੀਂ ਹੀ ਅਸੀਂ ਨਸ਼ਿਆਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਨੌਜਵਾਨਾਂ ਨੂੰ ਬਚਾਅ ਸਕਦੇ ਹਾਂ ਤੇ ਖੇਡਾਂ ਆਉਣ ਵਾਲੀ ਪੀੜ੍ਹੀ ਲਈ ਵਧੀਆ ਸਮਾਜ ਸਿਰਜਣ ਵਿੱਚ ਵੀ ਸਹਾਈ ਹੋ ਸਕਦੀਆਂ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਦੌਰਾਨ ਭਗਵੰਤ ਮੈਮੋਰੀਅਲ ਗੋਲਡ ਹਾਕੀ ਕੱਪ ਲਈ ਹੋਏ ਫੱਸਵੇਂ ਮੁਕਾਬਲੇ ਵਿੱਚ ਹਾਂਸ ਕਲਾਂ ਕਲੱਬ ਨੇ ਜਰਖੜ ਇਲੈਵਨ ਨੂੰ ਪੈਨਲਟੀ ਸ਼ੂਟਆਊਟ ਰਾਹੀਂ 5-4 ਦੇ ਫ਼ਰਕ ਨਾਲ ਹਰਾ ਕੇ ਕੱਪ ‘ਤੇ ਕਬਜ਼ਾ ਕਰ ਲਿਆ। ਕਬੱਡੀ ઠ70 ਕਿੱਲੋ ਭਾਰ ਵਰਗ ਵਿੱਚ ਹਮੀਦੀ ਦੀ ਟੀਮ ਨੇ ਪਹਿਲਾ ਅਤੇ ਚੰਨਣਵਾਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਹੋਰ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਸਵਰਨ ਸਿੰਘ ਨੇ ਢਾਈ ਕੁਇੰਟਲ ਦੀ ਬੋਰੀ ਚੁੱਕੀ, ਬਲਵੀਰ ਸਿੰਘ ਨੇ ਇੱਟਾਂ ਛਾਤੀ ‘ਤੇ ਰੱਖ ਕੇ ਤੋੜੀਆਂ, ਮੁਕੰਦ ਸਿੰਘ ਮੋਗਾ ਨੇ 100 ਡੰਡ ਲਾਏ, ਲਵਪ੍ਰੀਤ ਸਿੰਘ ਨੇ ਦੋ ਬੁਲੈਟ ਮੋਟਰਸਾਈਕਲ ਬਾਹਾਂ ਨਾਲ ਰੋਕੇ, ਅੰਗਹੀਣ ਬਲਦੇਵ ਸਿੰਘ ਨੇ ਦੋਵਾਂ ਬਾਂਹਵਾਂ ਤੇ ਸਰੀਰ ਦਾ ਬੈਲੈਂਸ ਕੀਤਾ, ਪਰਮਿੰਦਰ ਸਿੰਘ ਨੇ ਦੰਦਾਂ ਨਾਲ 27 ਇੱਟਾਂ ਚੁੱਕੀਆਂ, ਅੰਗਰੇਜ਼ ਸਿੰਘ, ਮਨਜਿੰਦਰ ਸਿੰਘ ਅਤੇ ਅਰਜਨ ਸਿੰਘ ਇੱਕ 14 ਇੰਚ ਦੇ ਰਿੰਗ ਵਿੱਚੋਂ ਨਿਕਲੇ, 15 ਸਾਲਾ ਵਿਸ਼ਾਲ ਨੇ ਦੰਦਾਂ ਨਾਲ ਪੰਜ ਇੱਟਾਂ ਚੁੱਕੀਆਂ, ਸੋਨੂੰ ਨੇ ਮੋਟਰਸਾਈਕਲ ਦੰਦਾਂ ਨਾਲ ਖਿੱਚਿਆ, ਸਲਵਿੰਦਰ ਸਿੰਘ ਨੇ ਦੰਦਾਂ ਨਾਲ ਹਲ ਚੁੱਕਿਆ, ਅੰਗਹੀਣ ਨਰਿੰਦਰ ਸਿੰਘ ਨੇ ਟਰੈਕ ਦੇ 10 ਚੱਕਰ ਲਗਾਏ ਅਤੇ ਸਿਕੰਦਰ ਸਿੰਘ ਨੇ 250 ਡੰਡ ਲਾਏ। ਅਥਲੈਟਿਕਸ ઠਦੇ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਉੱਚੀ ਛਾਲ ਲੜਕਿਆਂ ਦੇ ਮੁਕਾਬਲੇ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ, ਰਜਤ ਨੇ ਦੂਸਰਾ ਤੇ ਅਰਸ਼ਦੀਪ ਸਿੰਘ ਨੇ ਤੀਸਰਾ ਇਨਾਮ ਜਿੱਤਿਆ। ਉੱਚੀ ਛਾਲ ਲੜਕੀਆਂ ਦੇ ਮੁਕਾਬਲੇ ਵਿਚ ਜਯੋਤੀ ਨੇ ਪਹਿਲਾ, ਰਿਤੂ ਨੇ ਦੂਸਰਾ, ਖੁਸ਼ਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ। 200 ਮੀਟਰ ਲੜਕਿਆਂ ਦੇ ਮੁਕਾਬਲੇ ਵਿਚ ਰਘਵੀਰ ਸਿੰਘ ਜਲੰਧਰ ਨੇ ਪਹਿਲਾ, ਜਤਿੰਦਰਪਾਲ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਦੂਸਰਾ ਤੇ ਅਰਸ਼ਦੀਪ ਸਿੰਘ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ। 75 ਸਾਲ ਤੋਂ 80 ਸਾਲ ਉਮਰ ਵਰਗ ਦੀ ਸੌਂ ਮੀਟਰ ਦੌੜ ਵਿੱਚ ਛੱਜੂ ਰਾਮ ਧਨੌਲਾ ਨੇ ਪਹਿਲਾ, ਸਕੱਤਰ ਸਿੰਘ ਤਰਨ ਤਾਰਨ ਨੇ ਦੂਸਰਾ ਤੇ ਤੇਜਾ ਸਿੰਘ ਫੱਲੇਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ। 80 ਤੋਂ 90 ਸਾਲ ਦੇ ਬਜ਼ੁਰਗਾਂ ਦੀ ਦੌੜ ਵਿੱਚੋਂ ਨਛੱਤਰ ਸਿੰਘ ਖੰਨਾ ਨੇ ઠਪਹਿਲਾ, ਤੇਜਾ ਸਿੰਘ ਫੱਲੇਵਾਲ ਨੇ ਦੂਸਰਾ, ਨਛੱਤਰ ਸਿੰਘ ਮਨਸੂਰਾਂ ਨੇ ਤੀਸਰਾ ਸਥਾਨ ਹਾਸਲ ਕੀਤਾ। 800 ਮੀਟਰ ਲੜਕਿਆਂ ਦੀ ਦੌੜ ਵਿਚੋਂ ਅਰਸ਼ਦੀਪ ਸਿੰਘ ਪਟਿਆਲਾ ਨੇ ਪਹਿਲਾ, ਬਲਜੀਤ ਸਿੰਘ ਲੁਧਿਆਣਾ ઠਨੇ ਦੂਸਰਾ ਤੇ ਜਗਦੇਵ ਸਿੰਘ ਪਟਿਆਲਾ ਨੇ ਤੀਸਰਾ ਸਥਾਨ ਲਿਆ। 800 ਮੀਟਰ ਲੜਕੀਆਂ ਦੀ ਦੌੜ ਵਿਚੋਂ ਅਮਨਦੀਪ ਕੌਰ ਸੰਗਰੂਰ ਨੇ ਪਹਿਲਾ, ਵੀਰਪਾਲ ਕੌਰ ਪਟਿਆਲਾ ਨੇ ਦੂਸਰਾ ਤੇ ਨਵਜੋਤ ਕੌਰ ਪਟਿਆਲਾ ਨੇ ਤੀਸਰਾ ਸਥਾਨ ਮੱਲਿਆ। ਲੜਕਿਆਂ ਦੀ ਅੱਠ ਕਿਲੋਮੀਟਰ ਸਾਈਕਲ ਰੇਸ ਵਿੱਚੋਂ ਸਾਹਿਲ ਨੇ ਪਹਿਲਾ, ਅਮਨਦੀਪ ਸਿੰਘ ઠਨੇ ਦੂਸਰਾ ਤੇ ਹਰਸਿਮਰਨਜੀਤ ਸਿੰਘ ਨੇ ਤੀਸਰਾ, ਅੰਗਹੀਣਾਂ ਦੀ ਟ੍ਰਾਈਸਾਈਕਲ 100 ਮੀਟਰ ਰੇਸ ਵਿਚੋਂ ਸੁੱਖਾ ਕਿਲ੍ਹਾ ਰਾਏਪੁਰ ਨੇ ਪਹਿਲਾ, ਜੋਗਿੰਦਰ ਸਿੰਘ ਲੁਧਿਆਣਾ ਨੇ ਦੂਸਰਾ, ਨਿਰੰਜਣ ਸਿੰਘ ਲੁਧਿਆਣਾ ਨੇ ਤੀਸਰਾ, ਟਰਾਲੀ ਲੋਡਿੰਗ ਅਨਲੋਡਿੰਗ ਦੇ ਮੁਕਾਬਲੇ ਵਿੱਚੋਂ ਸੰਗਰੂਰ ਨੇ ਪਹਿਲਾ ਅਤੇ ਮਸਤੂਆਣਾ ਸਾਹਿਬ ਨੇ ਦੂਸਰਾ ઠ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ઠਸਰਪ੍ਰਸਤ ਸੁਰਜੀਤ ਸਿੰਘ ਗਰੇਵਾਲ, ਪ੍ਰਧਾਨ ਗੁਰਸੰਦੀਪ ਸਿੰਘ ਸਨੀ, ਕੁਲਦੀਪ ਸਿੰਘ ਵੈਦ, ਪਰਮਜੀਤ ਸਿੰਘ ਘਵੱਦੀ, ਸੈਕਟਰੀ ਬਲਵਿੰਦਰ ਸਿੰਘ ਜੱਗਾ, ਰਣਜੀਤ ਸਿੰਘ ਮਾਂਗਟ, ਪਰਮਜੀਤ ਸਿੰਘ ਗਰੇਵਾਲ, ਜਸਜੀਤ ਸਿੰਘ ਹਨੀ ਕੈਸ਼ੀਅਰ ਤੇ ਸੰਯੁਕਤ ਸਕੱਤਰ ઠਰੁਪਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
16.20 ਸੈਕੰਡ ਵਿਚ 100 ਮੀਟਰਅਜੀਤ ਸਿੰਘ (ਅੰਮ੍ਰਿਤਸਰ) ਉਮਰ 74 ਸਾਲ
ਪਿਛਲੇ ਛੇ ਸਾਲ ਤੋਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਹਿੱਸਾ ਲੈ ਰਹੇ ਹਨ ਇਸ ਤੋਂ ਇਲਾਵਾ ਪੰਜਾਬ ਵਿਚ ਹੋਣ ਵਾਲੇ ਦੂਸਰੇ ਖੇਡ ਮੇਲਿਆਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ 8 ਕਿਲੋਮੀਟਰ ਦੌੜ ਲਗਾਉਂਦੇ ਹਨ।
17.67 ਸੈਕੰਡ ਵਿਚ 100 ਮੀਟਰਤੇਜਾ ਸਿੰਘ (ਫੱਲੇਵਾਲ) ਉਮਰ 65 ਸਾਲ
ਪਿਛਲੇ ਪੰਜ ਸਾਲ ਤੋਂ ਇਨ੍ਹਾਂ ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਉਹ ਸਵੇਰੇ-ਸ਼ਾਮ ਪਿੰਡ ਵਿਚ ਹੋਰ ਬਜ਼ੁਰਗਾਂ ਨੂੰ ਨਾਲ ਲੈ ਕੇ 10 ਕਿਲੋਮੀਟਰ ਸੈਰ ਕਰਦੇ ਹਨ। ਉਹ ਪੂਰੀ ਤਰ੍ਹਾਂ ਫਿੱਟ ਹਨ। ਦੌੜਦੇ ਹਨ ਤਾਂ ਜਵਾਨ ਵੀ ਪਿੱਛੇ ਰਹਿ ਜਾਂਦੇ ਹਨ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …