
ਵਿਜੇਇੰਦਰ ਸਿੰਗਲਾ, ਪਰਗਟ ਸਿੰਘ ਤੇ ਰਾਣਾ ਗੁਰਜੀਤ ਸਿੰਘ ਦੇ ਨਾਵਾਂ ਦੀ ਵੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਏ ਜਾਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੀਆਂ ਅਟਕਲਾਂ ਨੇ ਜ਼ੋਰ ਫੜ ਲਿਆ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਅਗਾਮੀ ਦਿਨਾਂ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਪਾਰਟੀ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਾਸਲ ਕਰਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਮ ਦੀ ਚਰਚਾ ਵੀ ਚੱਲ ਰਹੀ ਹੈ। ਇਸੇ ਤਰ੍ਹਾਂ ਵਿਜੇਇੰਦਰ ਸਿੰਗਲਾ, ਰਾਣਾ ਗੁਰਜੀਤ ਸਿੰਘ ਅਤੇ ਪਰਗਟ ਸਿੰਘ ਵੀ ਪ੍ਰਧਾਨਗੀ ਦੀ ਦੌੜ ਵਿਚ ਸ਼ਾਮਲ ਹਨ। ਕਾਂਗਰਸੀ ਹਲਕਿਆਂ ਵਿਚ ਚਰਚਾ ਹੈ ਕਿ ਇਸ ਮਹੀਨੇ ਜਾਂ ਫਿਰ ਮਾਰਚ ਵਿਚ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਲਈ 70 ਦੇ ਕਰੀਬ ਨਵੇਂ ਚਿਹਰਿਆਂ ਦੀ ਚੋਣ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੌਜਵਾਨ ਆਗੂਆਂ ਨੂੰ ਸਿਆਸੀ ਖੇਤਰ ਵਿਚ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।