2.9 C
Toronto
Sunday, April 26, 2026
spot_img
Homeਪੰਜਾਬਸੰਯੁਕਤ ਕਿਸਾਨ ਮੋਰਚੇ ਵੱਲੋਂ ਤੀਜੇ ਗੇੜ ਦੀ ਮੀਟਿੰਗ ਲਈ ਦੋਵਾਂ ਫੋਰਮਾਂ ਨੂੰ...

ਸੰਯੁਕਤ ਕਿਸਾਨ ਮੋਰਚੇ ਵੱਲੋਂ ਤੀਜੇ ਗੇੜ ਦੀ ਮੀਟਿੰਗ ਲਈ ਦੋਵਾਂ ਫੋਰਮਾਂ ਨੂੰ ਸੱਦਾ

12 ਫਰਵਰੀ ਨੂੰ ਤੀਜੇ ਗੇੜ ਦੀ ਹੋਈ ਮੀਟਿੰਗ
ਪਟਿਆਲਾ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਨੇ 9 ਦਸੰਬਰ ਦੀ ਮੋਗਾ ਮਹਾਪੰਚਾਇਤ ਤੋਂ ਸ਼ੁਰੂ ਹੋਈ ਸਾਂਝਾ ਫਰੰਟ ਬਣਾਉਣ ਦੀ ਸਰਗਰਮੀ ਦੀ ਕੜੀ ਤਹਿਤ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਨੂੰ 12 ਫਰਵਰੀ ਨੂੰ ਮੁੜ ਤੀਜੇ ਗੇੜ ਦੀ ਮੀਟਿੰਗ ਦਾ ਸੱਦਾ ਦਿੱਤਾ ਹੈ। ਏਕੇ ਦੇ ਮਤੇ ‘ਤੇ ਹੋਣ ਵਾਲੀ ਤੀਜੇ ਗੇੜ ਦੀ ਇਸ ਮੀਟਿੰਗ ਸਬੰਧੀ ਐੱਸਕੇਐੱਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਨੇ ਇਹ ਰਸਮੀ ਸੱਦਾ ਭੇਜਿਆ। ਤਾਲਮੇਲ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ ਨੇ ਸੁਖਜੀਤ ਸਿੰਘ ਹਰਦੋਝੰਡੇ ਨੂੰ ਵ੍ਹਟਸਐਪ ਰਾਹੀਂ, ਜਦੋਂਕਿ ਕਮੇਟੀ ਦੇ ਇੱਕ ਹੋਰ ਮੈਂਬਰ ਰਮਿੰਦਰ ਪਟਿਆਲਾ ਨੇ ਸਰਵਣ ਸਿੰਘ ਪੰਧੇਰ ਨਾਲ ਰਾਬਤਾ ਸਾਧ ਕੇ ਮੀਟਿੰਗ ਦਾ ਸੱਦਾ ਦਿੱਤਾ ਹੈ। ਇਸ ਵਾਰ ਇਹ ਮੀਟਿੰਗ ਚੰਡੀਗੜ੍ਹ ‘ਚ ਹੋਵੇਗੀ ਜਦੋਂਕਿ ਪਿਛਲੀਆਂ ਦੋਵੇਂ ਮੀਟਿੰਗਾਂ ਪਾਤੜਾਂ ਵਿੱਚ ਕ੍ਰਮਵਾਰ 12 ਤੇ 18 ਜਨਵਰੀ ਨੂੰ ਹੋਈਆਂ ਸਨ। ਉਧਰ ਸੰਪਰਕ ਕਰਨ ‘ਤੇ ਸੁਖਜੀਤ ਹਰਦੋਝੰਡੇ ਨੇ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਸੀ ਕਿ ਮੋਰਚੇ ਨੂੰ ਸਾਲ ਪੂਰਾ ਹੋਣ ‘ਤੇ ਢਾਬੀਗੁੱਜਰਾਂ ਬਾਰਡਰ ‘ਤੇ ਉਸੇ ਹੀ ਦਿਨ 12 ਫਰਵਰੀ ਨੂੰ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਐੱਸਕੇਐੱਮ ਦੀ ਤਾਲਮੇਲ ਕਮੇਟੀ ਦੇ ਮੈਂਬਰ ਰਮਿੰਦਰ ਪਟਿਆਲਾ ਨੇ ਦੋਵੇਂ ਫੋਰਮਾਂ ਨੂੰ 12 ਫਰਵਰੀ ਦੀ ਮੀਟਿੰਗ ਦਾ ਰਸਮੀ ਸੱਦਾ ਪੱਤਰ ਭੇਜੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਏਕਤਾ ਦੇ ਮੁੱਦੇ ‘ਤੇ ਜਗਜੀਤ ਸਿੰਘ ਡੱਲੇਵਾਲ ਨੇ ਮੰਨਿਆ ਕਿ ਉਨ੍ਹਾਂ (ਐੱਸਕੇਐੱਮ ਤੇ ਦੋਵੇਂ ਫੋਰਮਾਂ) ਦਰਮਿਆਨ ਮੱਤਭੇਦ ਹਨ, ਪਰ ਤਾਲਮੇਲਵੇਂ ਰੂਪ ‘ਚ ਲੜਾਈ ਲੜੀ ਜਾ ਸਕਦੀ ਹੈ।
ਲੋਕ 12 ਨੂੰ ਖਨੌਰੀ ਬਾਰਡਰ ਪੁੱਜਣ: ਡੱਲੇਵਾਲ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਮਰਨ ਵਰਤ ਦੌਰਾਨ ਐਲਾਨ ਕੀਤਾ ਕਿ ਉਹ ਸਰਕਾਰ ਵੱਲੋਂ ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ। ਖਨੌਰੀ ਬਾਰਡਰ ‘ਤੇ 4 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਮਗਰੋਂ ਡੱਲੇਵਾਲ ਨੇ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ”ਪੰਜਾਬ ਨੂੰ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਵੀ ਐੱਮਐੱਸਪੀ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਉੱਚ ਪੱਧਰੀ ਵਫ਼ਦ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਚੰਡੀਗੜ੍ਹ ਵਿੱਚ 14 ਫਰਵਰੀ ਨੂੰ ਦਿੱਤੇ ਗੱਲਬਾਤ ਦੇ ਸੱਦੇ ਮਗਰੋਂ ਸਿਰਫ਼ ਮੈਡੀਕਲ ਸਹਾਇਤਾ ਲੈਣ ਦੀ ਸਹਿਮਤੀ ਦਿੱਤੀ ਸੀ।

RELATED ARTICLES
POPULAR POSTS