Breaking News
Home / ਮੁੱਖ ਲੇਖ / ਕੈਨੇਡਾ ‘ਚ ਵਸਦੇ ਪਰਵਾਸੀ ਤਣਾਅ ਦਾ ਸ਼ਿਕਾਰ ਕਿਉਂ?

ਕੈਨੇਡਾ ‘ਚ ਵਸਦੇ ਪਰਵਾਸੀ ਤਣਾਅ ਦਾ ਸ਼ਿਕਾਰ ਕਿਉਂ?

ਪ੍ਰਿੰਸੀਪਲ ਵਿਜੇ ਕੁਮਾਰ
ਇੱਥੇ ਪਾਰਕਾਂ ‘ਚ ਜਨਤਕ ਥਾਵਾਂ ‘ਤੇ ਬੈਠੇ ਤੇ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਕੈਨੇਡਾ ਵਿਚ ਕੱਚੇ ਤੇ ਪੱਕੇ ਤੌਰ ‘ਤੇ ਵਸਦੇ ਹਰ ਪਰਵਾਸੀ ਦੇ ਮੂੰਹੋਂ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਹੁਣ ਇਹ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ। ਅਸੀਂ ਜੋ ਕੁਝ ਕੈਨੇਡਾ ਬਾਰੇ ਸੁਣਿਆ ਸੀ, ਇਹ ਉਸ ਤਰ੍ਹਾਂ ਦਾ ਕੈਨੇਡਾ ਨਹੀਂ ਹੈ। ਅਸੀਂ ਤਾਂ ਇਸ ਮੁਲਕ ਵਿਚ ਆ ਕੇ ਫਸ ਹੀ ਗਏ ਹਾਂ। ਪਹਿਲਾਂ ਤੇ ਹੁਣ ਵਾਲੇ ਕੈਨੇਡਾ ਵਿਚ ਲੋਕਾਂ ਨੂੰ ਫਰਕ ਇਸ ਲਈ ਲੱਗ ਰਿਹਾ ਹੈ, ਕਿਉਂਕਿ ਅੱਜ ਤੋਂ 20-25 ਸਾਲ ਪਹਿਲਾਂ ਇਸ ਦੇਸ਼ ਵਿਚ ਰੁਜ਼ਗਾਰ ਅਸਾਨੀ ਨਾਲ ਮਿਲ ਜਾਂਦਾ ਸੀ, ਆਬਾਦੀ ਘੱਟ ਹੋਣ ਕਰਕੇ ਸਾਫ ਸਫਾਈ ਦੀ ਵਿਵਸਥਾ ਵਧੀਆ ਸੀ ਤੇ ਰਹਿਣ ਲਈ ਮਕਾਨਾਂ ਦੀ ਕੋਈ ਸਮੱਸਿਆ ਨਹੀਂ ਸੀ। ਮਹਿੰਗਾਈ ਬਹੁਤ ਘੱਟ ਸੀ ਤੇ ਸਿਹਤ ਸੇਵਾਵਾਂ ਬਹੁਤ ਚੰਗੀਆਂ ਸਨ। ਅਪਰਾਧ, ਹੇਰਾਫੇਰੀਆਂ, ਧੋਖਾਧੜੀਆਂ, ਚੋਰੀਆਂ, ਲੁੱਟਾਂ-ਖੋਹਾਂ, ਸੜਕ ਦੁਰਘਟਨਾਵਾਂ, ਮਾਰ-ਕੁੱਟ ਤੇ ਨਸ਼ਿਆਂ ਵਰਗੀਆਂ ਬੁਰਾਈਆਂ ਨਾ-ਮਾਤਰ ਹੀ ਸਨ। ਕੈਨੇਡਾ ਦੀਆਂ ਸਰਕਾਰਾਂ ਨੇ ਆਪਣੀ, ਆਰਥਿਕਤਾ ਨੂੰ ਮਜ਼ਬੂਤੀ ਦੇਣ ਲਈ ਦੂਜੇ ਦੇਸ਼ਾਂ ਤੋਂ ਪਰਵਾਸੀ ਲੋਕਾਂ ਨੂੰ ਬਿਨਾ ਬਹੁਤੀ ਵਿਚਾਰ ਕੀਤੇ ਧੜਾਧੜ ਬੁਲਾਉਣਾ ਸ਼ੁਰੂ ਕਰ ਦਿੱਤਾ।
ਸ਼ਾਇਦ ਸਰਕਾਰਾਂ ਨੇ ਪਰਵਾਸੀਆਂ ਨੂੰ ਬੁਲਾਉਣ ਤੋਂ ਪਹਿਲਾਂ ਸੋਚਿਆ ਹੀ ਨਾ ਹੋਵੇ ਕਿ ਇਸ ਨਾਲ ਦੇਸ਼ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਖੜ੍ਹੀਆਂ ਹੋ ਜਾਣਗੀਆਂ, ਬਾਹਰੋਂ ਆਉਣ ਵਾਲੇ ਲੋਕਾਂ ਲਈ ਲੋੜੀਂਦੇ ਪ੍ਰਬੰਧ ਵੀ ਕਰਨੇ ਪੈਣੇ ਹਨ।
ਦੇਸ਼ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੁਲਿਸ, ਅਦਾਲਤਾਂ ਤੇ ਹੋਰ ਸੇਵਾਵਾਂ ਦੇ ਪ੍ਰਬੰਧ ਕਰਨੇ ਪੈਣੇ ਹਨ ਅਤੇ ਕਾਨੂੰਨਾਂ ‘ਚ ਸੋਧ ਵੀ ਕਰਨੀ ਪਵੇਗੀ। ਕੈਨੇਡਾ ਵਿਚ ਇਸ ਸਮੇਂ 162 ਦੇਸ਼ਾਂ ਦੇ ਕਰੀਬ 5 ਕਰੋੜ ਲੋਕ ਰਹਿ ਰਹੇ ਹਨ, ਪਰਵਾਸੀਆਂ ‘ਚ 25 ਫੀਸਦੀ ਭਾਰਤੀ ਤੇ 40 ਫੀਸਦੀ ਚੀਨੀ ਮੂਲ ਦੇ ਲੋਕ ਹਨ। ਇਹ ਦੇਸ਼ ਇਮਾਨਦਾਰੀ, ਵਿਸ਼ਵਾਸ, ਸ਼ਾਂਤੀ, ਇਨਸਾਨੀਅਤ, ਕਾਨੂੰਨ ਨੂੰ ਮੰਨਣ, ਨੈਤਿਕ ਕਦਰਾਂ ਦਾ ਹਾਮੀ ਦੇ ਕੁਦਰਤ ਦੇ ਨਿਯਮਾਂ ਦਾ ਪੁਜਾਰੀ ਹੈ। ਪਰ ਦੇਸ਼ ਦੀਆਂ ਸਰਕਾਰਾਂ ਨੇ ਉਨ੍ਹਾਂ ਦੇਸ਼ਾਂ ਦੇ ਬਹੁਗਿਣਤੀ ਲੋਕ ਇੱਥੇ ਬੁਲਾ ਲਏ, ਜਿਨ੍ਹਾਂ ਦੇਸ਼ਾਂ ‘ਚ ਕਾਨੂੰਨ ਨੂੰ ਬਹੁਤ ਮਹੱਤਵ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੇਸ਼ਾਂ ‘ਚ ਨੈਤਿਕ ਕਦਰਾਂ-ਕੀਮਤਾਂ ਨੂੰ ਬਹੁਤ ਘੱਟ ਤਰਜੀਹ ਦਿੱਤੀ ਜਾਂਦੀ ਹੈ। ਉਥੇ ਚੋਰੀਆਂ, ਲੁੱਟਾਂ-ਖੋਹਾਂ, ਡਕੈਤੀਆਂ, ਟੈਕਸ ਚੋਰੀਆਂ, ਧੋਖਾਧੜੀ ਤੇ ਨਸ਼ਿਆਂ ਦੀ ਭਰਮਾਰ ਹੈ। ਉਨ੍ਹਾਂ ਦੇਸ਼ਾਂ ਦੇ ਲੋਕਾਂ ਨੇ ਕੈਨੇਡਾ ਆ ਕੇ ਵੀ ਆਪਣੀਆਂ ਮਾੜੀਆਂ ਆਦਤਾਂ ਨਹੀਂ ਛੱਡੀਆਂ ਤੇ ਇਸ ਦੇਸ਼ ਦੇ ਹਾਲਾਤ ਵੀ ਵਿਗਾੜ ਦਿੱਤੇ ਹਨ।
ਕੈਨੇਡਾ ਦੇ ਵਿਗੜ ਰਹੇ ਹਾਲਾਤ ਨੂੰ ਵੇਖ ਕੇ ਇੱਥੇ ਵਸ ਰਹੇ ਲੋਕ ਇਹ ਸੋਚ ਦੇ ਪ੍ਰੇਸ਼ਾਨ ਹਨ ਕਿ ਉਨ੍ਹਾਂ ਦਾ ਆਪਣੇ ਦੇਸ਼ ਵਿਚ ਭਵਿੱਖ ਕੀ ਹੋਵੇਗਾ, ਕਿਸੇ ਵੀ ਦੇਸ਼ ਦਾ ਸਾਰਾ ਦਾਰੋਮਦਾਰ ਖੁਸ਼ਹਾਲੀ, ਸ਼ਾਂਤੀ, ਕਾਨੂੰਨ ਵਿਵਸਥਾ, ਵਪਾਰ, ਆਰਥਿਕ ਮਜ਼ਬੂਤੀ ਤੇ ਉਸ ਦੇ ਰੁਜ਼ਗਾਰ ਸਾਧਨਾਂ ਨਾਲ ਜੁੜਿਆ ਹੁੰਦਾ ਹੈ।
ਕੈਨੇਡਾ ‘ਚ ਸਭ ਤੋਂ ਵੱਧ ਤਣਾਅ ‘ਚ ਦੂਜੇ ਦੇਸ਼ਾਂ ਤੋਂ ਆਏ ਵਿਦਿਆਰਥੀ ਹਨ, ਕਿਉਂਕਿ ਕੋਈ ਵੀ ਵਿਦਿਆਰਥੀ ਕੈਨੇਡਾ ਵਿਚ ਆਪਣਾ ਦੇਸ਼ ਛੱਡ ਕੇ ਅਤੇ ਆਪਣੇ ਮਾਪਿਆਂ ਦਾ 30-35 ਲੱਖ ਰੁਪਏ ਖਰਚ ਕਰਵਾ ਕੇ ਸਿਰਫ ਪੜ੍ਹਨ ਲਈ ਨਹੀਂ, ਸਗੋਂ ਰੁਜ਼ਗਾਰ ਹਾਸਲ ਕਰਨ ਦੀ ਉਮੀਦ ਨਾਲ ਆਉਂਦਾ ਹੈ। ਕੈਨੇਡਾ ਦੀਆਂ ਸਰਕਾਰਾਂ ਨੇ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਇੱਥੇ ਆਉਣ ਦਿੱਤਾ, ਪਰ ਉਨ੍ਹਾਂ ਦੀ ਗਿਣਤੀ ਮੁਤਾਬਿਕ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਅਤੇ ਭਵਿੱਖ ਵਿਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਆਸਾਰ ਵਿਖਾਈ ਨਹੀਂ ਦੇ ਰਹੇ। ਉਹ ਇਕ ਪਾਸੇ ਮਾਪਿਆਂ ਦੇ ਸਿਰ ਬੈਂਕਾਂ ਦੇ ਕਰਜ਼ੇ, ਕਾਲਜਾਂ ਦੀਆਂ ਫੀਸਾਂ, ਮਕਾਨਾਂ ਦੇ ਕਿਰਾਏ ਤੇ ਹੋਰ ਖਰਚਿਆਂ ਤੋਂ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ਰੁਜ਼ਗਾਰ ਮਿਲਣ ਦੀ ਕੋਈ ਸੰਭਾਵਨਾ ਵਿਖਾਈ ਨਹੀਂ ਦੇ ਰਹੀ।
ਕੈਨੇਡਾ ਦੀ ਸਰਕਾਰ ਵਲੋਂ ਵਿਦਿਆਰਥੀਆਂ ਦੇ ਵਰਕ ਪਰਮਿਟ ਬੰਦ ਕਰਕੇ ਉਨ੍ਹਾਂ ਨੂੰ ਆਪਣੇ ਦੇਸ਼ ‘ਚੋਂ ਵਾਪਸ ਭੇਜਣ ਦੇ ਨਿੱਤ ਨਵੇਂ ਫੈਸਲੇ ਲਏ ਜਾ ਰਹੇ ਹਨ। ਅਜਿਹੇ ਹਾਲਾਤ ਵਿਚ ਉਨ੍ਹਾਂ ਦਾ ਆਪਣੇ ਘਰਾਂ ਨੂੰ ਵਾਪਸ ਮੁੜਨ ਤੇ ਇੱਥੇ ਵਸਣਾ ਕਠਿਨ ਹੋ ਗਿਆ ਹੈ, ਜੋ ਉਨ੍ਹਾਂ ਦੇ ਦਿਮਾਗੀ ਤਣਾਅ ਨੂੰ ਵਧਾ ਰਿਹਾ ਹੈ।
ਵਿਦਿਆਰਥੀ ਨਸ਼ਿਆਂ, ਖੁਦਕੁਸ਼ੀਆਂ ਤੇ ਹਾਰਟ-ਅਟੈਕ ਦੇ ਸ਼ਿਕਾਰ ਹੋ ਰਹੇ ਹਨ।
ਇੱਥੇ ਨਵੇਂ ਆਏ ਮੁੰਡੇ ਕੁੜੀਆਂ ਨੂੰ ਤਾਂ ਨੌਕਰੀਆਂ ਕੀ ਮਿਲਣੀਆਂ, ਨੌਕਰੀਆਂ ਕਰਨ ਵਾਲਿਆਂ ਦੀਆਂ ਨੌਕਰੀਆਂ ਵੀ ਖ਼ਤਰੇ ਵਿਚ ਹਨ, ਕਿਉਂਕਿ ਕੰਪਨੀਆਂ ਆਰਥਿਕ ਸੰਕਟ ਦੀ ਆੜ ਵਿਚ 3-4 ਲੋਕਾਂ ਦਾ ਕੰਮ ਇਕ ਵਿਅਕਤੀ ਤੋਂ ਲੈਣ ਲਈ ਆਨੇ ਬਹਾਨੇ ਆਪਣੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢ ਰਹੀਆਂ ਹਨ। ਜਿਨ੍ਹਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਜਾਂ ਨੌਕਰੀ ਜਾਣ ਦਾ ਖਤਰਾ ਹੈ, ਉਨ੍ਹਾਂ ਦਾ ਦਿਮਾਗੀ ਤਣਾਅ ਇਹ ਸੋਚ ਕੇ ਵਧ ਰਿਹਾ ਹੈ ਕਿ ਮਕਾਨਾਂ, ਗੱਡੀਆਂ ਤੇ ਹੋਰ ਸਮਾਨ ਲਈ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਕਿਵੇਂ ਦੇਵਾਂਗੇ? ਬੱਚਿਆਂ ਦੀਆਂ ਫੀਸਾਂ ਕਿੱਥੋਂ ਦਿਆਂਗੇ ਤੇ ਘਰ ਦੇ ਖਰਚੇ ਕਿਵੇਂ ਚੱਲਣਗੇ? ਹੁਣ ਉਹ ਆਪਣੇ ਮੁਲਕ ਵਾਪਸ ਜਾਣ ਜੋਗੇ ਵੀ ਨਹੀਂ ਰਹੇ ਤੇ ਇੱਥੇ ਵਸਣਾ ਵੀ ਸੌਖਾ ਨਈਂ ਰਿਹਾ। ਆਪਣੇ ਦੇਸ਼ ਨੂੰ ਛੱਡ ਕੇ ਲੰਬੇ ਸਮੇਂ ਤੋਂ ਇੱਥੇ ਆਪਣੇ ਬੱਚਿਆਂ ਸਮੇਤ ਰਹਿ ਰਹੇ ਲੋਕਾਂ ਦਾ ਦਿਮਾਗੀ ਤਣਾਅ ਵਧਣ ਦੀ ਵਜ੍ਹਾ ਉਨ੍ਹਾਂ ਨੂੰ ਹੁਣ ਕੈਨੇਡਾ ‘ਚ ਆਪਣਾ ਤੇ ਬੱਚਿਆਂ ਦਾ ਭਵਿੱਖ ਖਤਰੇ ਵਿਚ ਨਜ਼ਰ ਆ ਰਿਹਾ ਹੈ। ਭਾਵੇਂ ਸਰਕਾਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਬੁਲਾਉਣ ਦੀ ਗਿਣਤੀ ਘਟਾ ਰਹੀ ਹੈ। ਇੱਥੇ ਪੜ੍ਹਨ ਆਏ ਵਿਦਿਆਰਥੀਆਂ (ਮੁੰਡੇ-ਕੁੜੀਆਂ) ਨੂੰ ਵਾਪਸ ਭੇਜਣ ਲਈ ਨਵੇਂ ਫੈਸਲੇ ਲੈ ਰਹੀ ਹੈ। ਕਈ ਲੋਕ ਕੈਨੇਡਾ ਤੇ ਮਾੜੇ ਹਾਲਾਤ ਕਾਰਨ ਆਪਣੇ ਆਪ ਦੇਸ਼ ਛੱਡ ਕੇ ਜਾ ਰਹੇ ਹਨ। ਜਿਸ ਕਾਰਨ ਇੱਥੇ ਰੀਅਲ ਇਸਟੇਟ ਦਾ ਕੰਮ ਕਰਨ ਵਾਲੇ ਕਾਰੋਬਾਰੀ ਤੇ ਕੰਪਨੀਆਂ ਦੇ ਮਾਲਕ ਵੀ ਤਣਾਅ ਵਿਚ ਹਨ। ਸਿੱਖਿਆ ਤੇ ਸਿਹਤ ਸਹੂਲਤਾਂ ਦੀ ਮਾੜੀ ਵਿਵਸਥਾ ਕਾਰਨ ਲੋਕਾਂ ਦਾ ਦਿਮਾਗੀ ਤਣਾਅ ਵਧਦਾ ਜਾ ਰਿਹਾ ਹੈ।
ਕੈਨੇਡਾ ਵਿਚ ਮਹਿੰਗਾਈ, ਬੇਰੁਜਗਾਰੀ, ਸਰਕਾਰ ਵਲੋਂ ਟੈਕਸਾਂ ਦਾ ਬੋਝ ਵਧਾਉਣ, ਤਨਖਾਹਾਂ ਵਿਚ ਵਾਧਾ ਨਾ ਹੋਣਾ, ਆਰਥਿਕ ਮੰਦਹਾਲੀ, ਪਰਿਵਾਰਕ ਗੁਜ਼ਾਰੇ ਲਈ ਪਤੀ-ਪਤਨੀ ਦੋਹਾਂ ਨੂੰ ਨੌਕਰੀ ਨਾ ਮਿਲਣਾ, ਮਕਾਨਾਂ ਦੇ ਕਿਰਾਏ ਵਧਣਾ, ਬੱਚਿਆਂ ਦੇ ਪਾਲਣ ਪੋਸ਼ਣ, ਬੇਸਮੈਂਟਾਂ ਦੀ ਮਾੜੀ ਜ਼ਿੰਦਗੀ, ਬੱਚਿਆਂ ਤੇ ਬਜ਼ੁਰਗਾਂ ਵਿਚ ਟਕਰਾਅ, ਬਜ਼ੁਰਗਾਂ ਦੀਆਂ ਬਿਮਾਰੀਆਂ, ਵੱਡੀ ਉਮਰ ਦੇ ਹੋਣ ‘ਤੇ ਵੀ ਮੁੰਡੇ ਕੁੜੀਆਂ ਦੇ ਵਿਆਹ ਨਾ ਹੋਣਾ, ਪਤੀ-ਪਤਨੀ ਦੇ ਝਗੜੇ ਤੇ ਤਲਾਕ ਲੋਕਾਂ ਤੇ ਤਣਾਅ ਵਿਚ ਵਾਧਾ ਕਰ ਰਹੇ ਹਨ।
ਕੈਨੇਡਾ ਦੀ ਸਰਕਾਰ ਨੂੰ ਦੂਜੇ ਦੇਸ਼ਾਂ ਤੋਂ ਆ ਕੇ ਇੱਥੇ ਵਸੇ ਪਰਵਾਸੀਆਂ ਪ੍ਰਤੀ ਆਪਣੀ ਨੀਅਤ ਤੇ ਨੀਤੀ ਸਾਫ ਰੱਖਣੀ ਹੋਵੇਗੀ, ਕਿਉਂਕਿ ਇਸ ਮੁਲਕ ਦੀ ਆਰਥਿਕਤਾ ਵਿਚ ਇਨ੍ਹਾਂ ਪਰਵਾਸੀਆਂ ਦਾ ਵੀ ਵੱਡਾ ਯੋਗਦਾਨ ਹੈ।
ਦੂਜੇ ਦੇਸ਼ਾਂ ਤੋਂ ਲੋਕ ਤਾਂ ਹੀ ਇੱਥੇ ਆਉਣਗੇ, ਜੇਕਰ ਇੱਥੇ ਰੁਜ਼ਗਾਰ ਦੇ ਮੌਕੇ ਹੋਣਗੇ। ਅਮਨ ਸ਼ਾਂਤੀ ਦਾ ਮਾਹੌਲ ਹੋਣ ‘ਤੇ ਲੋਕ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਵਿਦਿਆਰਥੀਆਂ, ਮੁਲਾਜ਼ਮਾਂ, ਕਾਰੋਬਾਰੀਆਂ ਤੇ ਕੰਪਨੀਆਂ ਨੂੰ ਆਪਣਾ ਭਵਿੱਖ ਉਜਵਲ ਵਿਖਾਈ ਦੇਵੇਗਾ। ਇਸ ਸਬੰਧੀ ਸਰਕਾਰ ਨੂੰ ਕਈ ਪੱਖਾਂ ਤੋਂ ਸੁਚੱਜੀ ਯੋਜਨਾਬੰਦੀ ਕਰਨੀ ਪਵੇਗੀ।

 

Check Also

ਖੇਤੀ ਸੰਕਟ : ਪੰਜਾਬ ਨੂੰ ਠੋਸ ਨੀਤੀ ਦੀ ਲੋੜ

ਡਾ. ਰਣਜੀਤ ਸਿੰਘ ਘੁੰਮਣ ਪਿਛਲੇ ਕਰੀਬ ਤਿੰਨ ਦਹਾਕਿਆਂ ਵਿੱਚ ਤਿੰਨ ਨੀਤੀ ਖਰੜੇ ਸੌਂਪੇ ਜਾਣ ਦੇ …