Breaking News
Home / ਪੰਜਾਬ / ਜਥੇਦਾਰ ਨੇ ਸੁਖਬੀਰ ਤੇ ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਜਨਤਕ ਕੀਤੇ

ਜਥੇਦਾਰ ਨੇ ਸੁਖਬੀਰ ਤੇ ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਜਨਤਕ ਕੀਤੇ

ਜਥੇਦਾਰਾਂ ਨੇ ਸਪੱਸ਼ਟੀਕਰਨਾਂ ਬਾਰੇ ਭੁਲੇਖੇ ਦੂਰ ਕਰਨ ਲਈ ਵਿਚਾਰ-ਚਰਚਾ ਮਗਰੋਂ ਲਿਆ ਫੈਸਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਸਪੱਸ਼ਟੀਕਰਨ ਸੋਮਵਾਰ ਨੂੰ ਜਨਤਕ ਕਰ ਦਿੱਤੇ ਹਨ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮਿਲੇ ਹਨ ਤੇ ਗੈਰ-ਰਸਮੀ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਹੋਈ ਵਿਚਾਰ-ਚਰਚਾ ਮਗਰੋਂ ਇਹ ਦੋਵੇਂ ਸਪੱਸ਼ਟੀਕਰਨ ਜਨਤਕ ਕੀਤੇ ਗਏ ਹਨ। ਜਥੇਦਾਰ ਦੇ ਮੀਡੀਆ ਸਕੱਤਰ ਤਲਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਸਪੱਸ਼ਟੀਕਰਨਾਂ ਸਬੰਧੀ ਪਾਏ ਜਾ ਰਹੇ ਭਰਮ-ਭੁਲੇਖੇ ਦੂਰ ਕਰਨ ਲਈ ਦੋਵੇਂ ਪੱਤਰ ਜਨਤਕ ਕੀਤੇ ਗਏ ਹਨ।
ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਵਿੱਚ ਉਨ੍ਹਾਂ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ।
ਉਨ੍ਹਾਂ ਕਿਹਾ ਕਿ ਉਸ ਖਿਲਾਫ਼ ਜੋ ਵੀ ਲਿਖ ਕੇ ਦਿੱਤਾ ਗਿਆ ਹੈ ਉਹ ਉਸ ਵਾਸਤੇ ਗੁਰੂ ਸਾਹਿਬ ਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਯਾਚਨਾ ਕਰਦੇ ਹਨ। ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਉਹ ਸਾਰੀਆਂ ਭੁੱਲਾਂ ਆਪਣੀ ਝੋਲੀ ਪਾਉਂਦੇ ਹਨ।
ਚਾਹੇ ਉਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ ਅਤੇ ਚੇਤ-ਅਚੇਤ ਵਿੱਚ ਹੋਈਆਂ। ਇਨ੍ਹਾਂ ਸਾਰੀਆਂ ਭੁੱਲਾਂ ਲਈ ਉਹ ਖਿਮਾ ਦੇ ਜਾਚਕ ਹਨ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫ਼ੈਸਲਾ ਕੀਤਾ ਜਾਵੇਗਾ, ਉਨ੍ਹਾਂ ਨੂੰ ਸਿਰ-ਮੱਥੇ ਪ੍ਰਵਾਨ ਹੋਵੇਗਾ।
ਤਿੰਨ ਸਫਿਆਂ ਦੇ ਸਪੱਸ਼ਟੀਕਰਨ ਵਿੱਚ ਉਨ੍ਹਾਂ ਕਿਹਾ ਕਿ 2007 ਤੋਂ ਲੈ ਕੇ 2015 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਈ ਦੁਖਦਾਈ ਘਟਨਾਵਾਂ ਪੰਜਾਬ ਵਿੱਚ ਵਾਪਰੀਆਂ ਸਨ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਕੋਲ 17 ਅਕਤੂਬਰ 2015 ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਏ ਸਨ। ਉਨ੍ਹਾਂ ਇਕ ਲਿਖਤੀ ਪੱਤਰ ਵਿੱਚ ਜਥੇਦਾਰ ਨੂੰ ਸੌਂਪਿਆ ਸੀ। ਸਪੱਸ਼ਟੀਕਰਨ ਦੇ ਨਾਲ ਇਹ ਪੱਤਰ ਵੀ ਸ਼ਾਮਿਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਵਿੱਚ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ 24 ਸਤੰਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਦੇ ਮੁਖੀ ਦੇ ਮਾਮਲੇ ਬਾਰੇ ਇੱਕ ਗੁਰਮਤਾ ਕੀਤਾ ਸੀ ਜਿਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਮਰਹੂਮ ਅਵਤਾਰ ਸਿੰਘ ਮੱਕੜ ਦੇ ਹੁਕਮਾਂ ‘ਤੇ ਉਸ ਵੇਲੇ ਦੇ ਮੁੱਖ ਸਕੱਤਰ ਮਰਹੂਮ ਹਰਚਰਨ ਸਿੰਘ ਵੱਲੋਂ ਇਸ਼ਤਿਹਾਰ ਜਾਰੀ ਕਰਵਾਏ ਗਏ ਸਨ। ਇਹ ਇਸ਼ਤਿਹਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ-ਸਤਿਕਾਰ ਅਤੇ ਹੁਕਮ ਦੇ ਸਤਿਕਾਰ, ਹੋਈਆਂ ਬੇਅਦਬੀਆਂ ਦੇ ਪਸ਼ਚਾਤਾਪ ਵਜੋਂ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਅਖੰਡ ਪਾਠ ਕਰਵਾਉਣ, ਹੋ ਰਹੀਆਂ ਬੇਅਦਬੀਆਂ ਦੇ ਮਾਮਲੇ ਵਿੱਚ ਸੁਚੇਤ ਰਹਿਣ ਅਤੇ ਗੁਰਦੁਆਰਿਆਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਨਾਲ ਸਬੰਧਤ ਸਨ।

Check Also

ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿੱਤੀ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਅਕਤੂਬਰ ਮਹੀਨੇ ’ਚ ਕਰਵਾਈਆਂ ਜਾ ਸਕਦੀਆਂ ਨੇ ਪੰਚਾਇਤੀ ਚੋਣਾਂ ਚੰਡੀਗੜ੍ਹ/ਬਿਊਰੋ ਨਿਊਜ਼ : …