ਪਰਨੀਤ ਕੌਰ ਭਾਜਪਾ ਵਲੋਂ ਲੜਨਗੇ ਚੋਣ
ਪਟਿਆਲਾ/ਬਿਊਰੋ ਨਿਊਜ਼ : ਕਾਂਗਰਸ ਛੱਡ ਕੇ ਆਏ ਪਰਨੀਤ ਕੌਰ ਨੂੰ ਆਖ਼ਰ ਭਾਜਪਾ ਨੇ ਉਮੀਦਵਾਰ ਐਲਾਨ ਕੇ ਚੱਲ ਰਹੀਆਂ ਕਿਆਸਅਰਾਈਆਂ ਨੂੰ ਬਰੇਕ ਲਗਾ ਦਿੱਤੀ ਹੈ। ਉਂਝ ਪਟਿਆਲਾ ਹਲਕੇ ਤੋਂ ਭਾਜਪਾ ਨੂੰ ਪਰਨੀਤ ਕੌਰ ਦੇ ਰੂਪ ‘ਚ ਤਕੜਾ ਉਮੀਦਵਾਰ ਮਿਲਿਆ ਹੈ। ਭਾਜਪਾ ਨੇ ਪਟਿਆਲਾ ਤੋਂ ਤਿੰਨ ਦਹਾਕੇ ਬਾਅਦ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ ਕਿਉਂਕਿ ਅਕਾਲੀ-ਭਾਜਪਾ ਗੱਠਜੋੜ ਕਾਰਨ ਪਟਿਆਲਾ ਸੀਟ ਅਕਾਲੀਆਂ ਦੇ ਹਿੱਸੇ ਆਉਂਦੀ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਇਥੇ ਸਿੱਧੇ ਤੌਰ ‘ਤੇ ਆਪਣਾ ਉਮੀਦਵਾਰ 1992 ‘ਚ ਉਤਾਰਿਆ ਸੀ। ਉਦੋਂ ਅਕਾਲੀਆਂ ਦਾ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਸੀ ਪਰ ਅਕਾਲੀ ਦਲ ਨੇ ਉਸ ਚੋਣ ਦਾ ਬਾਈਕਾਟ ਕੀਤਾ ਸੀ ਤੇ ਭਾਜਪਾ ਨੇ ਇਥੋਂ ਦੀਵਾਨ ਚੰਦ ਸਿੰਗਲਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ।
ਸਾਲ 1996 ‘ਚ ਅਕਾਲੀ-ਬਸਪਾ ਗੱਠਜੋੜ ਸੀ। ਭਾਜਪਾ ਨੇ ਵੱਖਰੇ ਤੌਰ ‘ਤੇ ਚੋਣ ਲੜਦਿਆਂ, ਪਟਿਆਲਾ ਤੋਂ ਐੱਮਐੱਲ ਸੌਂਧੀ (ਆਈਐਸਐਸ) ਨੂੰ ਉਮੀਦਵਾਰ ਬਣਾਇਆ ਸੀ ਪਰ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਨੂੰ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਸੀ ਮਿਲ ਸਕਿਆ।
ਸਾਲ 1998, 1999, 2004, 2009, 2014 ਅਤੇ 2019 ਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਤਹਿਤ ਇਥੋਂ ਅਕਾਲੀ ਦਲ ਹੀ ਸਾਂਝਾ ਉਮੀਦਵਾਰ ਉਤਾਰਦਾ ਰਿਹਾ ਹੈ। ਇਸ ਤਰ੍ਹਾਂ 1996 ਤੋਂ ਬਾਅਦ ਭਾਜਪਾ ਵੱਲੋਂ ਐਤਕੀਂ ਆਪਣਾ ਉਮੀਦਵਾਰ ਬਣਾਇਆ ਹੈ ਪਰ ਪਰਨੀਤ ਕੌਰ, ਅਜਿਹੇ ਉਮੀਦਵਾਰ ਹਨ, ਜੋ ਪਟਿਆਲਾ ਦੇ ਸਭ ਤੋਂ ਵੱਧ, ਚਾਰ ਵਾਰ ਐੱਮਪੀ ਰਹੇ ਹਨ। ਰਾਜਸੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਪਰਨੀਤ ਕੌਰ ਨੇ ਸਿੱਧੇ ਤੌਰ ‘ਤੇ ਸਿਆਸਤ ‘ਚ ਪੈਰ 1999 ‘ਚ ਧਰਿਆ ਜਿਸ ਦੌਰਾਨ ਉਨ੍ਹਾਂ ਨੇ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 78 ਹਜ਼ਾਰ ਵੋਟਾਂ ਨਾਲ ਹਰਾਇਆ। ਫੇਰ 2004 ‘ਚ ਪਰਨੀਤ ਕੌਰ ਨੇ ਕੈਪਟਨ ਕੰਵਲਜੀਤ ਸਿੰਘ ਨੂੰ 23 ਹਜ਼ਾਰ ਨਾਲ਼ ਹਰਾਇਆ। ਸਾਲ 2009 ‘ਚ ਪ੍ਰੇਮ ਸਿੰਘ ਚੰਦੂਮਾਜਰਾ ਨੂੰ 97389 ਵੋਟਾਂ ਦੇ ਫਰਕ ਨਾਲ ਹਰਾਇਆ।
ਸਾਲ 2014 ‘ਆਪ’ ਦੇ ਹੱਕ ‘ਚ ਚੱਲੀ ਹਵਾ ਦੌਰਾਨ ਪਰਨੀਤ ਕੌਰ ‘ਆਪ’ ਉਮੀਦਵਾਰ ਡਾ. ਧਰਮਵੀਰ ਗਾਂਧੀ ਕੋਲ਼ੋਂ ਕਰੀਬ 21 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ
ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …