![](https://parvasinewspaper.com/wp-content/uploads/2024/03/BL-Prohit.jpg)
ਪਰ ਅਸਤੀਫਾ ਅਜੇ ਤੱਕ ਨਹੀਂ ਹੋਇਆ ਮਨਜੂਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਹੋਰਾਂ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਆਪਣੇ ਅਹੁਦੇ ਤੋਂ ਜੋ ਅਸਤੀਫਾ ਦਿੱਤਾ ਗਿਆ ਸੀ, ਉਹ ਸਿਰਫ ਨਿੱਜੀ ਕਾਰਨਾਂ ਕਰਕੇ ਹੀ ਦਿੱਤਾ ਗਿਆ ਸੀ, ਪਰ ਉਨ੍ਹਾਂ ਦਾ ਅਸਤੀਫਾ ਕੇਂਦਰ ਸਰਕਾਰ ਵਲੋਂ ਅਜੇ ਤੱਕ ਸਵੀਕਾਰ ਨਹੀਂ ਕੀਤਾ ਗਿਆ। ਪੁਰੋਹਿਤ ਹੋਰਾਂ ਨੇ ਕਿਹਾ ਕਿ ਵਧ ਰਹੀ ਉਮਰ ਅਤੇ ਪਰਿਵਾਰਕ ਮੈਂਬਰਾਂ ਨੂੰ ਸਮਾਂ ਨਾ ਦੇ ਸਕਣ ਕਾਰਨ ਉਨ੍ਹਾਂ ਅਸਤੀਫਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅਸਤੀਫਾ ਅਜੇ ਤੱਕ ਸਵੀਕਾਰ ਨਹੀਂ ਹੋਇਆ ਅਤੇ ਉਹ ਫਿਲਹਾਲ ਰਾਜਪਾਲ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ। ਰਾਜਪਾਲ ਪੁਰੋਹਿਤ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਦਾ ਜ਼ਿਕਰ ਵੀ ਕੀਤਾ ਹੈ। ਰਾਜਪਾਲ ਹੋਰਾਂ ਦੱਸਿਆ ਕਿ ਉਹ ਹੁਣ ਆਪਣੇ ਘਰ ਜਾਣਾ ਚਾਹੁੰਦੇ ਹਨ ਅਤੇ ਪਰਿਵਾਰ ਵੀ ਚਾਹੁੰਦਾ ਹੈ ਕਿ ਉਹ ਘਰ ਆ ਕੇ ਅਰਾਮ ਕਰਨ। ਰਾਜਪਾਲ ਪੁਰੋਹਿਤ ਹੋਰਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹੁਣ ਉਨ੍ਹਾਂ ਨੂੰ ਚੇਤੇ ਕਰ ਰਿਹਾ ਹੈ। ਧਿਆਨ ਰਹੇ ਕਿ ਰਾਜਪਾਲ ਬੀ.ਐਲ. ਪੁਰੋਹਿਤ ਨੇ ਪਿਛਲੇ ਮਹੀਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਅਸਤੀਫਾ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਭੇਜ ਦਿੱਤਾ ਸੀ।