Breaking News
Home / ਪੰਜਾਬ / ਪਠਾਨਕੋਟ ਤੋਂ ਮੁੜ ਉਡਾਣਾਂ ਸ਼ੁਰੂ ਕਰਨ ਦੀ ਮੰਗ

ਪਠਾਨਕੋਟ ਤੋਂ ਮੁੜ ਉਡਾਣਾਂ ਸ਼ੁਰੂ ਕਰਨ ਦੀ ਮੰਗ

ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨਾਲ ਕੀਤੀ ਮੁਲਾਕਾਤ
ਪਠਾਨਕੋਟ/ਬਿਊਰੋ ਨਿਊਜ਼ : ਪਠਾਨਕੋਟ ਦੇ ਹਵਾਈ ਅੱਡੇ ਤੋਂ ਦੁਬਾਰਾ ਉਡਾਣਾਂ ਸ਼ੁਰੂ ਕਰਵਾਉਣ ਲਈ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਵੱਲੋਂ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨਾਲ ਦਿੱਲੀ ਵਿੱਚ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਹਵਾਈ ਅੱਡਾ ਸਾਲ 2022 ਤੋਂ ਬੰਦ ਪਿਆ ਹੈ ਅਤੇ ਇਥੋਂ ਮਾਰਚ 2022 ਤੋਂ ਕੋਈ ਵੀ ਉਡਾਣ ਨਹੀਂ ਭਰੀ ਗਈ ਜਦਕਿ ਪਹਿਲਾਂ ਪਠਾਨਕੋਟ-ਦਿੱਲੀ ਉਡਾਣਾਂ ਚਲਦੀਆਂ ਰਹੀਆਂ ਸਨ।
ਜਾਣਕਾਰੀ ਅਨੁਸਾਰ ਪਠਾਨਕੋਟ ਦਾ ਸਿਵਲ ਏਅਰਪੋਰਟ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੀਆਂ ਕੋਸ਼ਿਸ਼ਾਂ ਨਾਲ ਬਣਿਆ ਅਤੇ ਚਾਲੂ ਹੋਇਆ ਸੀ। ਇਸ ਹਵਾਈ ਅੱਡੇ ਤੋਂ ਉਡਾਣ ਸ਼ੁਰੂ ਹੋਣ ਨਾਲ ਜਿੱਥੇ ਏਅਰਫੋਰਸ ਅਤੇ ਆਰਮੀ ਦੇ ਜਵਾਨਾਂ ਨੂੰ ਭਰਪੂਰ ਲਾਭ ਮਿਲਿਆ ਸੀ ਉਥੇ ਸੈਲਾਨੀਆਂ ਅਤੇ ਵਪਾਰੀ ਵਰਗ ਨੂੰ ਵੀ ਇਸ ਦਾ ਕਾਫੀ ਲਾਭ ਹੋਇਆ ਸੀ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਜਾਣ ਵਾਲੇ ਸੈਲਾਨੀਆਂ ਲਈ ਇਹ ਉਡਾਣ ਵਰਦਾਨ ਸਾਬਤ ਹੋਈ ਸੀ। ਹੁਣ ਇਹ ਉਡਾਣ ਕਰੀਬ ਦੋ ਸਾਲ ਤੋਂ ਬੰਦ ਹੈ ਜਿਸ ਬਾਰੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਹੈ।
ਟੂਰਿਜ਼ਮ ਦੇ ਵਿਕਾਸ ਅਤੇ ਉਦਯੋਗਾਂ ਦੀ ਵਰਤਮਾਨ ਸਥਿਤੀ ਦੱਸਦਿਆਂ ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਪਠਾਨਕੋਟ ਹਵਾਈ ਅੱਡੇ ਤੋਂ ਮੁੜ ਉਡਾਨਾਂ ਸ਼ੁਰੂ ਕੀਤੀਆਂ ਜਾਣ। ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਜਲਦੀ ਹੀ ਪਠਾਨਕੋਟ ਤੋਂ ਉਡਾਣ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।

 

Check Also

ਹੁਸ਼ਿਆਰਪੁਰ ਤੋਂ 4 ਵਾਰ ਸੰਸਦ ਮੈਂਬਰ ਰਹੇ ਕਮਲ ਚੌਧਰੀ ਦਾ ਦਿਹਾਂਤ

3 ਵਾਰ ਕਾਂਗਰਸ ਅਤੇ 1 ਵਾਰ ਭਾਜਪਾ ਦੀ ਟਿਕਟ ’ਤੇ ਜਿੱਤੀ ਸੀ ਚੋਣ ਹੁਸ਼ਿਆਰਪੁਰ/ਬਿਊਰੋ ਨਿਊਜ਼ …