Breaking News
Home / ਪੰਜਾਬ / ਮਾਈਨਿੰਗ ਮਾਮਲੇ ‘ਤੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਵਿਚਾਲੇ ਤਿੱਖੀ ਨੋਕ-ਝੋਕ

ਮਾਈਨਿੰਗ ਮਾਮਲੇ ‘ਤੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਵਿਚਾਲੇ ਤਿੱਖੀ ਨੋਕ-ਝੋਕ

ਪ੍ਰਤਾਪ ਸਿੰਘ ਬਾਜਵਾ ਨੇ ਮਾਈਨਿੰਗ ਮਾਮਲੇ ਦੀ ਜਾਂਚ ਲਈ ਵਿਧਾਨ ਸਭਾ ਦੀ ਕਮੇਟੀ ਬਣਾਏ ਜਾਣ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਸਿਫ਼ਰ ਕਾਲ ਵਿਚ ਜਿੱਥੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕੋ ਸੁਰ ਰੱਖੀ, ਉੱਥੇ ਖਣਨ ਵਰਗੇ ਅਹਿਮ ਮੁੱਦੇ ‘ਤੇ ਦੋਵਾਂ ਧਿਰਾਂ ਵਿਚਾਲੇ ਤੂੰ-ਤੂੰ ਮੈਂ-ਮੈਂ ਵੀ ਹੋਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖਣਨ ਮਾਮਲੇ ਦੀ ਜਾਂਚ ਲਈ ਵਿਧਾਨ ਸਭਾ ਦੀ ਕਮੇਟੀ ਬਣਾਏ ਜਾਣ ਦੀ ਮੰਗ ਰੱਖੀ।
ਵਿਰੋਧੀ ਧਿਰ ਦੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਜਦੋਂ ਖਣਨ ਮਾਮਲੇ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਸਿਆਸੀ ਹੱਲਾ ਬੋਲਿਆ ਤਾਂ ਜੁਆਬੀ ਹਮਲੇ ਵਿਚ ਬੈਂਸ ਵੀ ਪਰਗਟ ਸਿੰਘ ‘ਤੇ ਤਲਖ਼ ਨਜ਼ਰ ਆਏ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਰੋਪੜ ਜ਼ਿਲ੍ਹੇ ਵਿਚ ਨਸ਼ਾ ਤਸਕਰ ਜਗਦੀਸ਼ ਭੋਲਾ ਦੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਟੈਚ ਕੀਤੀ ਜ਼ਮੀਨ ‘ਤੇ ਖਣਨ ਹੋਣ ਦਾ ਜ਼ਿਕਰ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਪਰਗਟ ਸਿੰਘ ਨੇ 1158 ਸਹਾਇਕ ਲੈਕਚਰਾਰਾਂ ਦੇ ਸੰਘਰਸ਼ ਦੀ ਗੱਲ ਕਰਦਿਆਂ ਮਰਹੂਮ ਬਲਵਿੰਦਰ ਕੌਰ ਸਹਾਇਕ ਲੈਕਚਰਾਰ ਦੇ ਖ਼ੁਦਕੁਸ਼ੀ ਨੋਟ ਮੁਤਾਬਿਕ ਪੁਲਿਸ ਕੇਸ ਦਰਜ ਨਾ ਹੋਣ ਦੀ ਗੱਲ ਵੀ ਸਦਨ ਵਿੱਚ ਰੱਖੀ। ਇਸ ਦੌਰਾਨ ਤਲਖ਼ ਰੌਂਅ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 1158 ਸਹਾਇਕ ਲੈਕਚਰਾਰਾਂ ਦੀ ਭਰਤੀ ਦੇ ਅਸਲ ਕਾਤਲ ਕੌਣ ਹਨ? ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦੀ ਬਦੌਲਤ ਇਸ ਭਰਤੀ ਨੂੰ ਹਾਈ ਕੋਰਟ ਨੇ ਗ਼ੈਰਕਾਨੂੰਨੀ ਕਰਾਰ ਦਿੱਤਾ ਗਿਆ ਜਦਕਿ ਉਹ ਪੀੜਤ ਧਿਰਾਂ ਨੂੰ ਕਰੀਬ 50 ਦਫ਼ਾ ਮਿਲ ਚੁੱਕੇ ਹਨ। ਉਨ੍ਹਾਂ ਮਾਈਨਿੰਗ ਮਾਫ਼ੀਆ ਦੀ ਵਿਰੋਧੀਆਂ ਨਾਲ ਸਾਂਝ ਦੀ ਗੱਲ ਕਰਦਿਆਂ ਨਾਰਕੋ ਟੈਸਟ ਕਰਾਏ ਜਾਣ ਦੀ ਪੇਸ਼ਕਸ਼ ਵੀ ਕਰ ਦਿੱਤੀ।
ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਰੋਪੜ ਵਿਚ ਚੱਲ ਰਹੀ ਮਾਈਨਿੰਗ ਨੂੰ ਲੈ ਕੇ ਸਥਾਨਕ ਮੰਤਰੀ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰ ਦੱਸਿਆ। ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਹਲਕੇ ‘ਚ ਸ਼ਨਾਖ਼ਤ ਕੀਤੇ 257 ਮੋਘਿਆਂ ਲਈ ਫ਼ੰਡ ਜਾਰੀ ਕੀਤੇ ਜਾਣ ਦਾ ਮੁੱਦਾ ਚੁੱਕਿਆ।
ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਜੰਮੂ-ਕਟੜਾ ਐਕਸਪ੍ਰੈੱਸਵੇਅ ਦੀ ਉਸਾਰੀ ਲਈ ਪਿੰਡਾਂ ਦੇ ਹੋ ਰਹੇ ਨੁਕਸਾਨ ਦੀ ਗੱਲ ਕਰਦਿਆਂ ਕਿਹਾ ਕਿ ਇਹ ਐਕਸਪ੍ਰੈੱਸਵੇਅ 12 ਤੋਂ 15 ਫੁੱਟ ਉੱਚਾ ਬਣ ਰਿਹਾ ਹੈ, ਜਿਸ ਵਾਸਤੇ ਮਿੱਟੀ ਪਿੰਡਾਂ ‘ਚੋਂ ਚੁੱਕੀ ਜਾ ਰਹੀ ਹੈ। ਬਸਪਾ ਵਿਧਾਇਕ ਡਾ. ਨਛੱਤਰਪਾਲ ਨੇ ਰਜਿਸਟਰੀਆਂ ਵਾਸਤੇ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ ਲੈਣ ਲਈ ਖੱਜਲ-ਖੁਆਰੀ ਦਾ ਮੁੱਦਾ ਚੁੱਿਕਆ।
ਵਿਧਾਇਕ ਹਰਦੇਵ ਸਿੰਘ ਲਾਡੀ ਨੇ ਕਿਹਾ ਕਿ ਐਕਸਪ੍ਰੈੱਸਵੇਅ ਦਾ ਮੁੜ ਸਰਵੇਖਣ ਹੋਣਾ ਚਾਹੀਦਾ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੀ ਹਾਲਤ ਸੁਧਾਰਨ, ਕੁੰਵਰ ਵਿਜੈ ਪ੍ਰਤਾਪ ਨੇ ਅੰਮ੍ਰਿਤਸਰ ਦੇ ਸੀਵਰੇਜ ਤੇ ਰਜਨੀਸ਼ ਦਾਹੀਆ ਨੇ ਪਿੰਡਾਂ ਵਿਚ ਕੰਮ ਕਰਦੇ ਆਰਐੱਮਪੀ ਡਾਕਟਰਾਂ ਦਾ ਮੁੱਦਾ ਚੁੱਕਿਆ।
ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੇ ਜਾਣ ਵਾਲੇ ਮਹੀਨਾਵਾਰ ਫ਼ੰਡਾਂ ਵਿਚ ਕੀਤੀ ਕਟੌਤੀ ਦੀ ਭਰਪਾਈ ਕਰਨ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ‘ਵਰਸਿਟੀ ਨੂੰ ਹਰ ਮਹੀਨੇ 30 ਕਰੋੜ ਦੇਣ ਦੀ ਥਾਂ ਸਿਰਫ਼ 20 ਕਰੋੜ ਹੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਵਿਧਾਇਕ ਵੀ ਇਹ ਮੁੱਦੇ ਮੁੱਖ ਮੰਤਰੀ ਕੋਲ ਉਠਾਉਣ।

 

Check Also

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ …