Breaking News
Home / ਪੰਜਾਬ / ‘ਆਪ’ ਦੇ ਸੁਸ਼ੀਲ ਰਿੰਕੂ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤੀ

‘ਆਪ’ ਦੇ ਸੁਸ਼ੀਲ ਰਿੰਕੂ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤੀ

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੂੰ ਵੱਡੇ ਫਰਕ ਨਾਲ ਹਰਾਇਆ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਲਈ ਹੈ। ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ’ਚ ਪਹਿਲੇ ਰਾਊਂਡ ਤੋਂ ਲੈ ਕੇ ਆਖਰੀ ਰਾਊਂਡ ਤੱਕ ਆਪਣੀ ਲੀਡ ਬਰਕਰਾਰ ਰੱਖੀ ਅਤੇ ਉਨ੍ਹਾਂ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੂੰ ਚੌਧਰੀ 58 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਆਮ ਆਦਮੀ ਪਾਰਟੀ ਲਈ ਜਲੰਧਰ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਸੀ ਕਿਉਂਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਲੋਕ ਸਭਾ ਅੰਦਰ ਆਮ ਆਦਮੀ ਪਾਰਟੀ ਦਾ ਕੋਈ ਵੀ ਸੰਸਦ ਮੈਂਬਰ ਨਹੀਂ ਸੀ। ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ ਉਨ੍ਹਾਂ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਥੇ ਹੀ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਦਰਜ ਕੀਤੀ ਸੀ ਅਤੇ ਲੋਕ ਸਭਾ ਵਿਚੋਂ ਆਮ ਆਦਮੀ ਪਾਰਟੀ ਦਾ ਪੱਤਾ ਸਾਫ਼ ਹੋ ਗਿਆ ਸੀ। ਜਲੰਧਰ ਲੋਕ ਸਭਾ ਸੀਟ ਜਿੱਤਣ ਦੇ ਨਾਲ ਹੀ ਹੁਣ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਵਿਚ ਪੰਜਾਬ ਦੀ ਨੁਮਾਇਦਗੀ ਕਰਦੇ ਹੋਏ ਨਜ਼ਰ ਆਉਣਗੇ। ਜਲੰਧਰ ਲੋਕ ਸਭਾ ਸੀਟ ’ਤੇ 1996 ਤੋਂ ਕਾਂਗਰਸ ਪਾਰਟੀ ਦਾ ਕਬਜ਼ਾ ਚੱਲਿਆ ਆ ਰਿਹਾ ਸੀ ਅਤੇ ਇਸ ਨੂੰ ਕਾਂਗਰਸ ਪਾਰਟੀ ਦਾ ਗੜ੍ਹ ਮੰਨਿਆ ਜਾ ਰਿਹਾ ਸੀ ਅਤੇ ਆਮ ਆਦਮੀ ਪਾਰਟੀ ਨੇ ਅੱਜ ਕਾਂਗਰਸ ਪਾਰਟੀ ਦੇ ਗੜ੍ਹ ਨੂੰ ਤੋੜਦਿਆਂ 3 ਲੱਖ 2 ਹਜ਼ਾਰ 97 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ। ਜਲੰਧਰ ਲੋਕ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ 2 ਲੱਖ 43 ਹਜ਼ਾਰ 450 ਵੋਟਾਂ ਲੈ ਕੇ ਦੂਜੇ ਨੰਬਰ ’ਤੇ, ਸ਼ੋ੍ਰਮਣੀ ਅਕਾਲੀ ਦਲ 1 ਲੱਖ 58 ਹਜ਼ਾਰ 354 ਵੋਟਾਂ ਲੈ ਕੇ ਤੀਜੇ ਨੰਬਰ ਜਦਕਿ ਭਾਰਤੀ ਜਨਤਾ ਪਾਰਟੀ 1 ਲੱਖ 34 ਹਜ਼ਾਰ 706 ਵੋਟਾਂ ਲੈ ਕੇ ਚੌਥੇ ਨੰਬਰ ’ਤੇ ਰਹੀ। ਇਹ ਸੀਟ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਦੇ ਦੇਹਾਂਤ ਮਗਰੋਂ ਖਾਲੀ ਹੋਈ ਸੀ, ਜਿਸ ’ਤੇ ਲੰਘੀ 10 ਮਈ ਨੂੰ ਵੋਟਾਂ ਪਾਈਆਂ ਗਈਆਂ ਸਨ ਜਿਸ ਦੇ ਨਤੀਜੇ ਅੱਜ ਆਏ ਹਨ। ਖਬਰ ਲਿਖੇ ਜਾਣ ਤੱਕ ਚੋਣ ਕਮਿਸ਼ਨ ਵੱਲੋਂ ਫਾਈਨਲ ਅੰਕੜਾ ਜਾਰੀ ਨਹੀਂ ਕੀਤਾ ਗਿਆ ਸੀ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …