ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਦੁਖਦਾਈ ਕਰਾਰ ਦਿੰਦੇ ਹੋਏ ਇਥੇ ਕਿਹਾ ਕਿ ਦੇਸ਼ ਦੀ ਏਕਤਾ ਲਈ ਜਿਊਣ-ਮਰਨ ਵਾਲੇ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ‘ਤੇ ਅਜਿਹੀ ਘਟਨਾ ਅਤਿ ਦਰਦ ਭਰੀ ਹੈ। ਮੋਦੀ ਨੇ ਅਕਾਸ਼ਵਾਣੀ ‘ਤੇ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਸਰਦਾਰ ਪਟੇਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕ ਪਾਸੇ ਸਰਦਾਰ ਪਟੇਲ ਦੀ ਜੈਅੰਤੀ ਮਨਾਈ ਗਈ ਹੈ ਅਤੇ ਦੂਸਰੇ ਪਾਸੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਸਰਦਾਰ ਪਟੇਲ ਨੇ ਦੇਸ਼ ਦੀ ਏਕਤਾ ਲਈ ਵੱਡਾ ਯੋਗਦਾਨ ਪਾਇਆ। ਉਹ ਏਕਤਾ ਲਈ ਕਈ ਵਾਰ ਨਾਰਾਜ਼ਗੀ ਦਾ ਸ਼ਿਕਾਰ ਵੀ ਹੋਏ ਪਰ ਉਨ੍ਹਾਂ ਨੇ ਏਕਤਾ ਦੇ ਮਾਰਗ ਨੂੰ ਕਦੇ ਵੀ ਨਹੀਂ ਛੱਡਿਆ। ਉਸੇ ਸਰਦਾਰ ਦੇ ਜਨਮ ਦਿਵਸ ‘ਤੇ ਹਜ਼ਾਰਾਂ ਸਰਦਾਰਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਬੇਹੱਦ ਦੁਖਦਾਈ ਸੀ। ਉਨ੍ਹਾਂ ਨੇ ਪੰਜਾਬ ਦੇ ਇਕ ਵਿਅਕਤੀ ਦੇ ਫੋਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਕ ਸਰਦਾਰ, ਸਰਦਾਰ ਵੱਲਭ ਭਾਈ ਪਟੇਲ ਨੇ ਚਾਣਕਿਆ ਦੇ ਬਾਅਦ ਦੇਸ਼ ਨੂੰ ਇਕ ਕਰਨ ਲਈ ਮਿਹਨਤ ਨਾਲ ਕੰਮ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕਤਾ ਲਈ ਜਿਊਣ ਵਾਲੇ ਉਸ ਮਹਾਪੁਰਸ਼ ਦੇ ਜਨਮ ਦਿਨ ‘ਤੇ ਹੀ ਸਰਦਾਰਾਂ ‘ਤੇ ਜ਼ੁਲਮ, ਇਤਿਹਾਸ ਦਾ ਇਕ ਪੰਨਾ, ਸਾਨੂੰ ਸਭ ਨੂੰ ਦਰਦ ਦਿੰਦਾ ਹੈ, ਪਰ ਔਖੇ ਸਮੇਂ ਵਿਚ ਵੀ ਉਹ ਏਕਤਾ ਦੇ ਮੰਤਰ ਨੂੰ ਲੈ ਕੇ ਅੱਗੇ ਵੱਧਦੇ ਗਏ।
ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਮਾਰਗਦਰਸ਼ਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨਾ ਸਿਰਫ਼ ਹਿੰਦੋਸਤਾਨ ਦੇ ਲਈ ਬਲਕਿ ਪੂਰੀ ਮਾਨਵ ਜਾਤੀ ਦੇ ਲਈ ਮਾਰਗਦਰਸ਼ਕ ਹੈ। ਮੋਦੀ ਨੇ ਅਕਾਸ਼ਵਾਣੀ ‘ਤੇ ਆਪਣੇ ਮਾਸਿਕ ਸਮਾਗਮ ‘ਮਨ ਕੀ ਬਾਤ’ ਵਿਚ ਕਿਹਾ ਕਿ ਦੀਵਾਲੀ ਤੋਂ ਬਾਅਦ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸੇਵਾ, ਸੱਚਾਈ ਅਤੇ ਸਰਬੱਤ ਦਾ ਭਲਾ ਸੀ ਅਤੇ ਸ਼ਾਂਤੀ, ਏਕਤਾ ਅਤੇ ਸਦਭਾਵਨਾ ਉਨ੍ਹਾਂ ਦਾ ਮੂਲ ਮੰਤਰ ਸੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਭੇਦਭਾਵ, ਅੰਧਵਿਸ਼ਵਾਸ, ਕੁਰੀਤੀਆਂ ਆਦਿ ਤੋਂ ਸਮਾਜ ਨੂੰ ਮੁਕਤ ਕਰਵਾਉਣ ਲਈ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਭੇਦਭਾਵ ਛੱਡਣ ਅਤੇ ਇਸ ਦੇ ਖ਼ਿਲਾਫ਼ ਕੁਝ ਕਰਨ ਦਾ ਸੰਦੇਸ਼ ਦਿੱਤਾ ਹੈ, ਸਾਨੂੰ ਉਸ ਦੇ ਸਨਮੁੱਖ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਸਭ ਦਾ ਸਾਥ ਸਭ ਦਾ ਵਿਕਾਸ’ ਦੇ ਮੰਤਰ ਨੂੰ ਲੈ ਕੇ ਚੱਲਣ ਦੇ ਲਈ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਮਾਰਗਦਰਸ਼ਕ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …