Breaking News
Home / ਪੰਜਾਬ / ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਹਿਤੈਸ਼ੀਆਂ ਦਾ ਸਾਥ ਦੇਣ : ਗਿਆਨੀ ਕੇਵਲ ਸਿੰਘ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਹਿਤੈਸ਼ੀਆਂ ਦਾ ਸਾਥ ਦੇਣ : ਗਿਆਨੀ ਕੇਵਲ ਸਿੰਘ

ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਬਚਾਉਣ ਵਾਲਿਆਂ ਦਾ ਸਮਰਥਨ ਕਰਨ। ਵਿਧਾਨ ਸਭਾ ਦੇ ਸਪੀਕਰ ਰਾਹੀਂ ਭੇਜੇ ਗਏ ਇਸ ਪੱਤਰ ਵਿੱਚ ਸਾਬਕਾ ਜਥੇਦਾਰ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਤਬਾਹੀ ਦੇ ਸਾਰੇ ਕਾਰਨਾਂ ਬਾਰੇ ਪਤਾ ਹੈ ਤੇ ਪੰਜਾਬ ਵਿੱਚ ‘ਆਪ’ ਸਰਕਾਰ ਬਣਨ ਤੋਂ ਪਹਿਲਾਂ ਵੀ ਉਨ੍ਹਾਂ ਦੀ ਪਾਰਟੀ ਵਾਤਾਵਰਨ ਬਚਾਉਣ ਲਈ ਆਵਾਜ਼ ਚੁੱਕਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਭਗਵੰਤ ਮਾਨ ਖ਼ੁਦ ਵੀ ਸੱਤਾਧਾਰੀਆਂ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਵਾਤਾਵਰਨ ਬਚਾਉਣ ਦੇ ਮਾਮਲੇ ‘ਚ ਸੂਬਾ ਸਰਕਾਰ ਉਨ੍ਹਾਂ ਵਪਾਰੀਆਂ ਨਾਲ ਖੜ੍ਹੀ ਹੈ, ਜੋ ਕੁਦਰਤ ਤੇ ਮਨੁੱਖਤਾ ਦੇ ਵਿਰੋਧ ਵਿੱਚ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ੀਰਾ ਸਾਂਝਾ ਮੋਰਚਾ ਕਿਸੇ ਸਿਆਸੀ ਜਾਂ ਨਿੱਜੀ ਲਾਭ ਲਈ ਨਹੀਂ ਚੱਲ ਰਿਹਾ ਤੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਬੇਹੱਦ ਦੁੱਖਦਾਈ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਜਿਹੀ ਕਾਰਵਾਈ ਨੂੰ ਦੇਖ ਕੇ ਪੰਜਾਬ ਵਾਸੀਆਂ ਵੱਲੋਂ ‘ਆਪ’ ਸਰਕਾਰ ਦੀ ਕੀਤੀ ਗਈ ਚੋਣ ਦਾ ਫ਼ੈਸਲਾ ਗ਼ਲਤ ਜਾਪ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਸਹੀ ਅਰਥਾਂ ਵਿੱਚ ਕੁਦਰਤ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਨ ਤਾਂ ਧਰਨਾਕਾਰੀਆਂ ਦਾ ਸਨਮਾਨ ਕਰਨ ਤੇ ਮਾਰੂ ਕਾਰੋਬਾਰ ਕਰਨ ਵਾਲਿਆਂ ਦੇ ਕਾਲੇ ਧੰਦੇ ਪੱਕੇ ਤੌਰ ‘ਤੇ ਬੰਦ ਕਰਵਾਉਣ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …