ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕੌਮੀ ਤੇ ਕੌਮਾਂਤਰੀ ਫਿਲਮ ਅਤੇ ਸੰਗੀਤ ਜਗਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਫਿਲਮ ਅਤੇ ਮਨੋਰੰਜਨ ਸਿਟੀ ਸਥਾਪਤ ਕਰੇਗੀ। ਸੂਬਾ ਸਰਕਾਰ ਵੱਲੋਂ ਉੱਤਰੀ ਭਾਰਤ ਦੀ ਵਿਲੱਖਣ ਫਿਲਮ ਤੇ ਮਨੋਰੰਜਨ ਸਿਟੀ ਸਥਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸੂਬੇ ਵਿੱਚ ਫਿਲਮ ਸਿਟੀ ਦੀ ਸਥਾਪਨਾ ਲਈ ਬੁਨਿਆਦੀ ਢਾਂਚੇ ਤੇ ਹੋਰ ਲੋੜਾਂ ਦਾ ਅਧਿਐਨ ਕਰਨ ਲਈ ਵਫ਼ਦ ਸਣੇ ਰਾਮੋਜੀ ਫਿਲਮ ਸਿਟੀ ਅਤੇ ਅੰਨਪੂਰਨਾ ਸਟੂਡੀਓਜ਼ ਹੈਦਰਾਬਾਦ ਦਾ ਦੌਰਾ ਕੀਤਾ। ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਫਿਲਮ ਉਦਯੋਗ ਲਈ ਢੁਕਵਾਂ ਸਥਾਨ ਦੇਖ ਰਹੀ ਹੈ ਤੇ ਇੱਥੇ ਅਤਿ-ਆਧੁਨਿਕ ਫਿਲਮ ਸਿਟੀ ਸਥਾਪਤ ਕਰਨਾ ਚਾਹੁੰਦੀ ਹੈ। ਪੰਜਾਬ ਫਿਲਮ ਸਨਅਤ ਲਈ ਖਿੱਚ ਦਾ ਕੇਂਦਰ ਰਿਹਾ ਹੈ ਪਰ ਇੱਥੇ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਾਜ਼ੋ-ਸਾਮਾਨ ਦੀ ਘਾਟ ਰੜਕਦੀ ਰਹਿੰਦੀ ਹੈ।
ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਦੋ ਕੌਮਾਂਤਰੀ ਹਵਾਈ ਅੱਡੇ ਮੌਜੂਦ ਹਨ, ਸੂਬੇ ਦੇ ਹਰ ਪਿੰਡ ਤੱਕ ਪਹੁੰਚ ਰੱਖਣ ਵਾਲੇ ਵਧੀਆ ਸੜਕੀ ਤੇ ਰੇਲ ਰਸਤੇ ਹਨ ਜੋ ਫਿਲਮ ਸਿਟੀ ਲਈ ਢੁਕਵੇਂ ਹਨ। ਸੂਬੇ ਦੀ ਆਧੁਨਿਕ ਜੀਵਨ ਸ਼ੈਲੀ ਹੌਲੀਵੁੱਡ, ਬੌਲੀਵੁੱਡ, ਪਾਲੀਵੁੱਡ ਅਤੇ ਟਾਲੀਵੁੱਡ ਨੂੰ ਖਿੱਚਣ ਲਈ ਅਹਿਮ ਹੈ। ਇਸ ਮੌਕੇ ਵਫ਼ਦ ਨੇ ਦੱਖਣ ਭਾਰਤ ਦੇ ਮਾਹਿਰਾਂ ਨਾਲ ਫਿਲਮ ਤੇ ਮਨੋਰੰਜਨ ਉਦਯੋਗ ਦੀਆਂ ਆਧੁਨਿਕ ਲੋੜਾਂ ਅਨੁਸਾਰ ਫਿਲਮ ਅਤੇ ਮਨੋਰੰਜਨ ਸਿਟੀ ਦੀ ਸਥਾਪਨਾ ਲਈ ਖਰੜਾ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ।